ਸਖੀਆਂ ਦੇ ਯਤਨਾਂ ਸਦਕਾ ਔਰਤਾਂ ਤਕ ਪੁੱਜੀਆਂ ਸਰਕਾਰੀ ਸਹੂਲਤਾਂ : ਲਾਲਪੁਰਾ ਸਖੀਆਂ ਦੇ ਯਤਨਾਂ ਸਦਕਾ ਮਹਿਲਾਵਾਂ ਤਕ ਸਰਕਾਰੀ ਸਹੂਲਤਾਂ ਪਹੁੰਚੀਆਂ: ਲਾਲਪੁਰਾ
Publish Date: Sat, 12 Sep 2026 06:08 PM (IST)
Updated Date: Sat, 12 Sep 2026 06:11 PM (IST)
ਵਲੀਪੁਰ, ਚੁਤਾਲਾ ਤੇ ਸੰਘੇ ਪਿੰਡ ’ਚ ਸਖੀਆਂ ਨਾਲ ਵਿਧਾਇਕ ਨੇ ਕੀਤੀਆਂ ਮੀਟਿੰਗਾਂ ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ ਤਰਨਤਾਰਨ : ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਪਿੰਡ ਵਲੀਪੁਰ ਚੁਤਾਲਾ ਅਤੇ ਸੰਘੇ ਵਿਖੇ ਸਖੀਆਂ ਨਾਲ ਵਿਸ਼ੇਸ਼ ਮੀਟਿੰਗਾਂ ਕੀਤੀਆਂ। ਇਸ ਮੌਕੇ ਵਿਧਾਇਕ ਨੇ ਸਖੀਆਂ ਵੱਲੋਂ ਪਿੰਡਾਂ ਵਿਚ ਜ਼ਮੀਨੀ ਪੱਧਰ ’ਤੇ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਵਿਧਾਇਕ ਲਾਲਪੁਰਾ ਨੇ ਕਿਹਾ ਕਿ ਸਖੀਆਂ ਵੱਲੋਂ ਘਰ-ਘਰ ਜਾ ਕੇ ਔਰਤਾਂ ਨੂੰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਯੋਗ ਔਰਤਾਂ ਦੇ ਫਾਰਮ ਭਰਨ ਤੋਂ ਲੈ ਕੇ ਉਨ੍ਹਾਂ ਨੂੰ ਆਨਲਾਈਨ ਕਰਵਾਉਣ ਤਕ ਦੀ ਪੂਰੀ ਪ੍ਰਕਿਰਿਆ ਵਿਚ ਸਹਿਯੋਗ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਖੀਆਂ ਦੀ ਮਿਹਨਤ ਅਤੇ ਯਤਨਾਂ ਸਦਕਾ ਅੱਜ ਵੱਡੀ ਗਿਣਤੀ ’ਚ ਔਰਤਾਂ ਨੂੰ ਸਰਕਾਰ ਦੀ ਇਸ ਲੋਕ ਭਲਾਈ ਯੋਜਨਾ ਦਾ ਲਾਭ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜਨਰਲ ਵਰਗ ਦੀਆਂ ਯੋਗ ਔਰਤਾਂ ਨੂੰ ਇਕ ਹਜ਼ਾਰ ਅਤੇ ਐੱਸਸੀ ਵਰਗ ਦੀਆਂ ਯੋਗ ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਸਤਿਕਾਰ ਰਾਸ਼ੀ ਮਿਲਣੀ ਸ਼ੁਰੂ ਹੋ ਗਈ ਹੈ। ਇਹ ਰਾਸ਼ੀ ਔਰਤਾਂ ਲਈ ਆਰਥਿਕ ਤੌਰ ’ਤੇ ਇਕ ਵੱਡਾ ਸਹਾਰਾ ਬਣ ਰਹੀ ਹੈ। ਲਾਲਪੁਰਾ ਨੇ ਕਿਹਾ ਕਿ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਅਸਲ ਮਕਸਦ ਤਦ ਹੀ ਪੂਰਾ ਹੁੰਦਾ ਹੈ ਜਦੋਂ ਇਨ੍ਹਾਂ ਦਾ ਲਾਭ ਹੱਕਦਾਰ ਲੋਕਾਂ ਤਕ ਪਹੁੰਚੇ। ਇਸ ਕੰਮ ’ਚ ਸਖੀਆਂ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਬਹੁਤ ਅਹਿਮ ਹੈ। ਉਨ੍ਹਾਂ ਕਿਹਾ ਕਿ ਸਖੀਆਂ ਨੇ ਪਿੰਡਾਂ ਵਿਚ ਜਾ ਕੇ ਮਹਿਲਾਵਾਂ ਦੇ ਫਾਰਮ ਭਰੇ, ਉਨ੍ਹਾਂ ਨੂੰ ਆਨਲਾਈਨ ਕਰਵਾਇਆ ਅਤੇ ਸਰਕਾਰੀ ਯੋਜਨਾ ਦਾ ਲਾਭ ਦਿਵਾਉਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਵਿਧਾਇਕ ਲਾਲਪੁਰਾ ਨੇ ਸਖੀਆਂ ਨੂੰ ਅਪੀਲ ਕੀਤੀ ਕਿ ਉਹ ਇਸੇ ਤਰ੍ਹਾਂ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਦੀਆਂ ਰਹਿਣ ਅਤੇ ਜਿਹੜੇ ਯੋਗ ਲਾਭਪਾਤਰੀ ਅਜੇ ਵੀ ਸਰਕਾਰੀ ਸਕੀਮਾਂ ਦੇ ਲਾਭ ਤੋਂ ਵਾਂਝੇ ਹਨ, ਉਨ੍ਹਾਂ ਤੱਕ ਪਹੁੰਚ ਕਰ ਕੇ ਲਾਭ ਦਿਵਾਉਣ ਲਈ ਯਤਨ ਕਰਨ। ਇਸ ਮੌਕੇ ਸਖੀਆਂ ਨੇ ਵੀ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਹ ਭਵਿੱਖ ਵਿਚ ਵੀ ਪਿੰਡਾਂ ਦੀਆਂ ਮਹਿਲਾਵਾਂ ਤਕ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਦੀਆਂ ਰਹਿਣਗੀਆਂ। ਇਸ ਸਮੇਂ ਉਨ੍ਹਾਂ ਨਾਲ ਸਰਪੰਚ ਹਰਜਿੰਦਰ ਸਿੰਘ ਵਲੀਪੁਰ, ਸਿਮਰਨਜੀਤ ਸਿੰਘ ਚੁਤਾਲਾ, ਹਰਜਿੰਦਰ ਸਿੰਘ ਚੁਤਾਲਾ, ਸਰਪੰਚ ਗੋਪਾਲ ਸਿੰਘ ਚੁਤਾਲਾ, ਸਰਪੰਚ ਜਸਪਾਲ ਸਿੰਘ ਸੰਘੇ, ਬਲਾਕ ਪ੍ਰਧਾਨ ਦਵਿੰਦਰ ਸਿੰਘ ਗੋਰਖਾ, ਕੁਲਬੀਰ ਸਿੰਘ ਤੁੜ ਆਦਿ ਹਾਜ਼ਰ ਸਨ।