ਹਾਦਸਾ ਪੀੜਤਾਂ ਦੀ ਮਦਦ ਕਰਨ ਵਾਲੇ ‘ਰਾਹ-ਵੀਰਾਂ’ ਨੂੰ ਮਿਲੇਗੀ ਕਾਨੂੰਨੀ ਸੁਰੱਖਿਆ ਤੇ ਸਨਮਾਨ ਹਾਦਸਾ ਪੀੜਤਾਂ ਦੀ ਮਦਦ ਕਰਨ ਵਾਲੇ ‘ਰਾਹ-ਵੀਰਾਂ’ ਨੂੰ ਮਿਲੇਗੀ ਕਾਨੂੰਨੀ ਸੁਰੱਖਿਆ ਤੇ ਸਨਮਾਨ
Publish Date: Fri, 11 Sep 2026 08:21 PM (IST)
Updated Date: Fri, 11 Sep 2026 08:22 PM (IST)
ਤਰਨਤਾਰਨ ’ਚ ਜ਼ਿਲ੍ਹਾ ਪੱਧਰੀ ਸ਼ਿਕਾਇਤ ਨਿਵਾਰਨ ਸੈੱਲ ਸਥਾਪਿਤ ਬਿਨ੍ਹਾਂ ਕਿਸੇ ਝਿਜਕ ਦੇ ਹਾਦਸਾ ਪੀੜਤਾਂ ਦੀ ਮਦਦ ਲਈ ਅੱਗੇ ਆਉਣ ਲੋਕ : ਜ਼ਿਲ੍ਹਾ ਮੈਜਿਸਟਰੇਟ ਜਸਪਾਲ ਸਿੰਘ ਜੱਸੀ• ਪੰਜਾਬੀ ਜਾਗਰਣ ਤਰਨਤਾਰਨ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਕ ਅਹਿਮ ਪਹਿਲਕਦਮੀ ਤਹਿਤ ਸੜਕ ਹਾਦਸਿਆਂ ਦੇ ਪੀੜਤਾਂ ਦੀ ਜਾਨ ਬਚਾਉਣ ਲਈ ਤੁਰੰਤ ਮਦਦ ਕਰਨ ਵਾਲੇ ਆਮ ਲੋਕਾਂ ਨੂੰ ਉਤਸ਼ਾਹਿਤ ਕਰਨ ਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਬੇਲੋੜੀ ਪ੍ਰੇਸ਼ਾਨੀ ਤੋਂ ਬਚਾਉਣ ਲਈ ਜ਼ਿਲ੍ਹੇ ਵਿਚ ਰਾਹ-ਵੀਰ ਸ਼ਿਕਾਇਤ ਨਿਵਾਰਨ ਸੈੱਲ ਸਥਾਪਿਤ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਚੇਅਰਮੈਨ, ਜ਼ਿਲ੍ਹਾ ਰੋਡ ਸੇਫਟੀ ਕਮੇਟੀ ਰਾਹੁਲ ਨੇ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੂੰ ਹੂ-ਬ-ਹੂ ਲਾਗੂ ਕਰਨ ਦੇ ਉਦੇਸ਼ ਨਾਲ ਸਥਾਪਿਤ ਕੀਤੇ ਗਏ ਇਸ ਸ਼ਿਕਾਇਤ ਨਿਵਾਰਨ ਸੈੱਲ ਦੇ ਪ੍ਰਭਾਵਸ਼ਾਲੀ ਸੰਚਾਲਨ ਤੇ ਰਾਹ-ਵੀਰਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਯਕੀਨੀ ਬਣਾਉਣ ਲਈ ਸਬੰਧਤ ਵਿਭਾਗਾਂ ਨੂੰ ਆਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੋਟਰ ਵਾਹੀਕਲਜ਼ ਐਕਟ ਦੀਆਂ ਧਾਰਾਵਾਂ ਤਹਿਤ ਸੜਕ ਹਾਦਸੇ ਦੇ ਪੀੜਤਾਂ ਦੀ ਨੇਕ ਨੀਅਤ ਨਾਲ ਸਹਾਇਤਾ ਕਰਨ ਵਾਲੇ ਵਿਅਕਤੀਆਂ ਨੂੰ ਕਾਨੂੰਨੀ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ। ਇਸ ਸੁਰੱਖਿਆ ਨੂੰ ਜ਼ਮੀਨੀ ਪੱਧਰ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਇਹ ਸੈੱਲ ਕੰਮ ਕਰੇਗਾ। ਉਨ੍ਹਾਂ ਦੱਸਿਆ ਕਿ ਸਹਾਇਕ ਕਮਿਸ਼ਨਰ ਜਨਰਲ ਤਰਨਤਾਰਨ ਨੂੰ ਸੈੱਲ ਦਾ ਜ਼ਿਲ੍ਹਾ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨੋਡਲ ਅਫ਼ਸਰ ਵੱਲੋਂ ਰਾਹ-ਵੀਰਾਂ ਤੋਂ ਪ੍ਰਾਪਤ ਸ਼ਿਕਾਇਤਾਂ ਨੂੰ ਰਜਿਸਟਰ ਕਰਕੇ ਉਨ੍ਹਾਂ ਦੇ ਨਿਪਟਾਰੇ ਲਈ ਪੁਲਿਸ, ਸਿਹਤ, ਟਰਾਂਸਪੋਰਟ ਤੇ ਹੋਰ ਸਬੰਧਤ ਵਿਭਾਗਾਂ ਨਾਲ ਤਾਲਮੇਲ ਕੀਤਾ ਜਾਵੇਗਾ। ਈਮੇਲ ਜਾਂ ਮੋਬਾਈਲ ਨੰਬਰ ’ਤੇ ਦਰਜ ਕਰਵਾਈ ਜਾ ਸਕੇਗੀ ਸ਼ਿਕਾਇਤ ਜ਼ਿਲ੍ਹਾ ਮੈਜਿਸਟ੍ਰੇਟ ਰਾਹੁਲ ਨੇ ਦੱਸਿਆ ਕਿ ਰਾਹ-ਵੀਰ ਆਪਣੀ ਸ਼ਿਕਾਇਤ ‘adcdtarntaran@gmail.com’ ’ਤੇ ਈ-ਮੇਲ ਰਾਹੀਂ ਜਾਂ 84279-00078 ਉੱਤੇ ਦਰਜ ਕਰਵਾ ਸਕਦੇ ਹਨ। ਹਰੇਕ ਪ੍ਰਾਪਤ ਸ਼ਿਕਾਇਤ ਨੂੰ ਸ਼ਿਕਾਇਤ, ਰੈਫ਼ਰੈਂਸ ਨੰਬਰ ਦਿੱਤਾ ਜਾਵੇਗਾ ਤੇ ਤਰਜੀਹੀ ਤੌਰ ’ਤੇ ਤਿੰਨ ਕੰਮਕਾਜੀ ਦਿਨਾਂ ਦੇ ਅੰਦਰ ਸ਼ਿਕਾਇਤ ਪ੍ਰਾਪਤ ਹੋਣ ਦੀ ਪੁਸ਼ਟੀ ਕੀਤੀ ਜਾਵੇਗੀ। ਰਾਹੁਲ ਨੇ ਕਿਹਾ ਕਿ ਹਾਦਸੇ ਦੇ ਪੀੜਤ ਦੀ ਮਦਦ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਪੁਲਿਸ ਥਾਣੇ, ਹਸਪਤਾਲ ਜਾਂ ਸਰਕਾਰੀ ਦਫ਼ਤਰ ਦੇ ਬੇਲੋੜੇ ਚੱਕਰ ਨਹੀਂ ਲਗਾਉਣੇ ਪੈਣਗੇ, ਜਿਥੇ ਕਾਨੂੰਨੀ ਤੌਰ ’ਤੇ ਰਾਹ-ਵੀਰ ਦੀ ਮੌਜੂਦਗੀ ਜਾਂ ਬਿਆਨ ਜ਼ਰੂਰੀ ਹੋਵੇ, ਉਥੇ ਵੀ ਕਾਰਵਾਈ ਨਿਰਪੱਖ, ਵਾਜਬ ਤੇ ਬਿਨ੍ਹਾਂ ਕਿਸੇ ਬੇਲੋੜੀ ਪ੍ਰੇਸ਼ਾਨੀ ਦੇ ਕੀਤੀ ਜਾਵੇਗੀ। ਯੋਗ ਰਾਹ-ਵੀਰ ਨੂੰ ਮਿਲੇਗੀ 25 ਹਜ਼ਾਰ ਦੀ ਵਿੱਤੀ ਸਹਾਇਤਾ ਤੇ ਪ੍ਰਸ਼ੰਸਾ ਪੱਤਰ ਰਾਹੁਲ ਨੇ ਕਿਹਾ ਕਿ ਸੜਕ ਹਾਦਸੇ ਤੋਂ ਬਾਅਦ ਦਾ ਸੁਨਹਿਰੀ ਘੰਟਾ ਜ਼ਖ਼ਮੀ ਵਿਅਕਤੀ ਦੀ ਜਾਨ ਬਚਾਉਣ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ। ਅਜਿਹੇ ਸਮੇਂ ਜਨਤਾ ਦੇ ਕਿਸੇ ਮੈਂਬਰ ਵੱਲੋਂ ਪੀੜਤ ਨੂੰ ਤੁਰੰਤ ਡਾਕਟਰੀ ਸਹਾਇਤਾ ਤਕ ਪਹੁੰਚਾਉਣਾ ਬੇਹੱਦ ਕੀਮਤੀ ਸਾਬਿਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿਚ ਲੋਕਾਂ ਨੂੰ ਬਿਨ੍ਹਾਂ ਕਿਸੇ ਝਿਜਕ ਦੇ ਹਾਦਸਾ ਪੀੜਤਾਂ ਦੀ ਮਦਦ ਲਈ ਅੱਗੇ ਆਉਣ ਲਈ ਉਤਸ਼ਾਹਿਤ ਕਰਨਾ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਜੀਹ ਹੈ। ਰਾਹੁਲ ਨੇ ਦੱਸਿਆ ਕਿ ਲਾਗੂ ਨਿਯਮਾਂ ਅਧੀਨ ਯੋਗ ਰਾਹ-ਵੀਰ ਨੂੰ 25 ਹਜ਼ਾਰ ਦੀ ਵਿੱਤੀ ਪ੍ਰੋਤਸਾਹਨ ਰਾਸ਼ੀ ਤੇ ਪ੍ਰਸੰਸਾ ਪੱਤਰ ਦਿੱਤਾ ਜਾਵੇਗਾ। ਯੋਗ ਸਹਾਇਤਾ ਦੇ ਕੰਮਾਂ ਲਈ ਇਹ ਮਾਨਤਾ ਇਕ ਸਾਲ ਵਿਚ ਵੱਧ ਤੋਂ ਵੱਧ ਪੰਜ ਵਾਰ ਦਿੱਤੀ ਜਾ ਸਕਦੀ ਹੈ। ਰਾਹ-ਵੀਰ ਸਕੀਮ ਦਾ ਉਦੇਸ਼ ਸਿਰਫ਼ ਵਿੱਤੀ ਪ੍ਰੋਤਸਾਹਨ ਦੇਣਾ ਨਹੀਂ, ਸਗੋਂ ਲੋਕਾਂ ਵਿਚ ਦਇਆ, ਹਿੰਮਤ ਤੇ ਸਮੂਹਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ, ਤਾਂ ਜੋ ਹਾਦਸੇ ਦੇ ਪੀੜਤ ਨੂੰ ਸੰਕਟ ਦੀ ਘੜੀ ਵਿਚ ਤੁਰੰਤ ਸਹਾਇਤਾ ਮਿਲ ਸਕੇ। ਸਰਕਾਰੀ ਤੇ ਨਿੱਜੀ ਹਸਪਤਾਲਾਂ ਨੂੰ ਵੀ ਰਾਹ-ਵੀਰ ਸਕੀਮ ਬਾਰੇ ਦਿੱਤੀ ਜਾਵੇਗੀ ਜਾਣਕਾਰੀ ਜ਼ਿਲ੍ਹਾ ਮੈਜਿਸਟ੍ਰੇਟ ਰਾਹੁਲ ਨੇ ਕਿਹਾ ਕਿ ਜ਼ਿਲ੍ਹੇ ਦੇ ਸਰਕਾਰੀ ਤੇ ਨਿੱਜੀ ਹਸਪਤਾਲਾਂ, ਟਰੌਮਾ ਸੈਂਟਰਾਂ ਤੇ ਐਮਰਜੈਂਸੀ ਮੈਡੀਕਲ ਸਹੂਲਤਾਂ ਨੂੰ ਵੀ ਰਾਹ-ਵੀਰ ਸਕੀਮ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਹਾਦਸੇ ਦੇ ਪੀੜਤ ਨੂੰ ਹਸਪਤਾਲ ਪਹੁੰਚਾਉਣ ਵਾਲੇ ਵਿਅਕਤੀ ਨੂੰ, ਜਿਥੋਂ ਤਕ ਸੰਭਵ ਹੋਵੇ, ਸਕੀਮ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ ਤੇ ਪੀੜਤ ਨੂੰ ਬਿਨ੍ਹਾਂ ਬੇਲੋੜੀ ਦੇਰੀ ਦੇ ਤੁਰੰਤ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਰਾਹ-ਵੀਰ ਸਕੀਮ ਦੀ ਸਮੇਂ-ਸਮੇਂ ’ਤੇ ਜ਼ਿਲ੍ਹਾ ਰੋਡ ਸੇਫਟੀ ਕਮੇਟੀ ਵੱਲੋਂ ਸਮੀਖਿਆ ਕੀਤੀ ਜਾਵੇਗੀ। ਨੋਡਲ ਅਫ਼ਸਰ ਵੱਲੋਂ ਕਮੇਟੀ ਦੀਆਂ ਮੀਟਿੰਗਾਂ ਵਿਚ ਪ੍ਰਾਪਤ ਸ਼ਿਕਾਇਤਾਂ ਦੀ ਗਿਣਤੀ, ਕਿਸਮ, ਕੀਤੀ ਗਈ ਕਾਰਵਾਈ ਅਤੇ ਨਿਪਟਾਰੇ ਦੀ ਸਥਿਤੀ ਬਾਰੇ ਸਥਿਤੀ ਰਿਪੋਰਟ ਵੀ ਪੇਸ਼ ਕੀਤੀ ਜਾਵੇਗੀ। ਉਨ੍ਹਾਂ ਪੁਲਿਸ, ਸਿਹਤ, ਟਰਾਂਸਪੋਰਟ ਤੇ ਹੋਰਨਾਂ ਸਬੰਧਤ ਵਿਭਾਗਾਂ ਨੂੰ ਆਪਣੇ ਵਿਭਾਗੀ ਨੋਡਲ ਅਫ਼ਸਰ ਨਾਮਜ਼ਦ ਕਰਕੇ ਸੈੱਲ ਨਾਲ ਨਜ਼ਦੀਕੀ ਤਾਲਮੇਲ ਯਕੀਨੀ ਬਣਾਉਣ ਲਈ ਕਿਹਾ।