ਸਤਲੁਜ ਸਕੂਲ ਦੀਆਂ ਵਿਦਿਆਰਥਣਾਂ ਖੇਡਾਂ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ ਸਤਲੁਜ ਪਬਲਿਕ ਸਕੂਲ ਠੱਕਰਪੁਰਾ ਦੀਆਂ ਵਿਦਿਆਰਥਣਾਂ ਦਾ 70ਵੇਂ ਜ਼ੋਨਲ ਪੱਧਰੀ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ
Publish Date: Fri, 11 Sep 2026 07:52 PM (IST)
Updated Date: Fri, 11 Sep 2026 07:52 PM (IST)
ਬੱਲੂ ਮਹਿਤਾ• ਪੰਜਾਬੀ ਜਾਗਰਣ ਪੱਟੀ : ਸਤਲੁਜ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ 70ਵੇਂ ਜ਼ੋਨਲ ਪੱਧਰੀ ਸਕੂਲ ਟੂਰਨਾਮੈਂਟ ਵਿਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਸਕੂਲ ਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਬੱਚੇ ਜਿਥੇ ਪੜ੍ਹਾਈ ਦੇ ਖੇਤਰ ਵਿਚ ਮੱਲਾਂ ਮਾਰਦੇ ਹਨ, ਉਥੇ ਹੀ ਹੁਣ ਖੇਡਾਂ ਵਿਚ ਵੀ ਲਗਾਤਾਰ ਆਪਣੀ ਸਰਦਾਰੀ ਕਾਇਮ ਰੱਖ ਰਹੇ ਹਨ। ਇਨ੍ਹਾਂ ਜ਼ੋਨਲ ਖੇਡਾਂ ਦੌਰਾਨ ਅੰਡਰ-14 ਲੜਕੀਆਂ ਦੀ ਟੀਮ ਵਿੱਚੋਂ ਅਸ਼ਮੀਤ ਕੌਰ ਨੇ 100 ਮੀਟਰ ਦੌੜ ਵਿਚ ਪਹਿਲਾ, ਨਵਰੀਤ ਕੌਰ ਨੇ 200 ਮੀਟਰ ਵਿੱਚੋਂ ਦੂਸਰਾ, ਮਿਨਾਕਸ਼ੀ ਸ਼ਰਮਾ ਨੇ 400 ਮੀਟਰ ਦੌੜ ਵਿੱਚੋਂ ਦੂਸਰਾ ਤੇ ਨਵਜੋਤ ਕੌਰ ਨੇ 800 ਮੀਟਰ ਦੌੜ ਵਿੱਚੋਂ ਦੂਸਰਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਅੰਡਰ-17 ਵਰਗ ਦੇ ਰਿਲੇਅ ਅਤੇ ਸ਼ਾਟਪੁੱਟ ਮੁਕਾਬਲਿਆਂ ਵਿਚ ਰੋਬਿਨਪ੍ਰੀਤ ਕੌਰ ਨੇ ਪਹਿਲਾ, ਹਰਮਨਪ੍ਰੀਤ ਕੌਰ ਨੇ ਦੂਸਰਾ ਅਤੇ ਪਰਨੀਤ ਕੌਰ ਤੇ ਮਨਜੋਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕਰਕੇ ਸ਼ਾਨਦਾਰ ਜਿੱਤ ਦਰਜ ਕੀਤੀ। ਇਸੇ ਜਿੱਤ ਦੀ ਲੈਅ ਨੂੰ ਬਰਕਰਾਰ ਰੱਖਦਿਆਂ ਜਸ਼ਨਪ੍ਰੀਤ ਕੌਰ ਨੇ 200 ਮੀਟਰ ਤੇ 400 ਮੀਟਰ ਦੌੜ ਮੁਕਾਬਲਿਆਂ ਵਿੱਚੋਂ ਪਹਿਲਾ ਸਥਾਨ ਆਪਣੇ ਨਾਮ ਕੀਤਾ। ਇਸ ਤੋਂ ਇਲਾਵਾ ਲੜਕੀਆਂ ਦੀ ਅੰਡਰ-19 ਟੀਮ ਵਿੱਚੋਂ ਅਰਸ਼ਪ੍ਰੀਤ ਕੌਰ ਤੇ ਜਸਲੀਨ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਕਾਜਲਪ੍ਰੀਤ ਕੌਰ, ਹਰਪ੍ਰੀਤ ਕੌਰ ਅਤੇ ਲਵਪ੍ਰੀਤ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਤੇ ਨਵਦੀਪ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਵਿਦਿਆਰਥਣਾਂ ਦੀ ਇਸ ਮਾਣਮੱਤੀ ਪ੍ਰਾਪਤੀ ਤੇ ਸਕੂਲ ਵਿਚ ਖੁਸ਼ੀ ਦਾ ਮਾਹੌਲ ਹੈ। ਇਸ ਮੌਕੇ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਹਰਬੀਰ ਸਿੰਘ ਗਿੱਲ, ਹਰਨੂਰ ਸਿੰਘ, ਪਰਮਿੰਦਰ ਕੌਰ, ਪ੍ਰਿੰਸੀਪਲ ਰਾਜਬੀਰ ਕੌਰ, ਵਾਈਸ ਪ੍ਰਿੰਸੀਪਲ ਦਲਬੀਰ ਕੌਰ ਅਤੇ ਸਕੂਲ ਦੇ ਡੀਪੀਏ ਬਖਸ਼ੀਸ਼ ਸਿੰਘ ਵੱਲੋਂ ਜੇਤੂ ਬੱਚਿਆਂ ਦਾ ਵਿਸ਼ੇਸ਼ ਤੌਰ ਤੇ ਮੂੰਹ ਮਿੱਠਾ ਕਰਵਾ ਕੇ ਸਨਮਾਨ ਕੀਤਾ ਗਿਆ।