ਡੂੰਘੇ ਹੋਏ ਬਿਜਲੀ ਸੰਕਟ ਦੀ ਮਾਰ ਝੱਲ ਰਹੇ ਪੰਜਾਬੀ : ਸਭਰਾ ਪੰਜਾਬ ਵਿਚ ਡੂੰਘੇ ਹੋਏ ਬਿਜਲੀ ਸੰਕਟ ਦੀ ਮਾਰ ਝੱਲ ਰਹੇ ਲੋਕ- ਸਭਰਾ
Publish Date: Fri, 11 Sep 2026 07:39 PM (IST)
Updated Date: Fri, 11 Sep 2026 07:40 PM (IST)
14 ਤੋਂ ਚਾਰ ਰੋਜ਼ਾ ਘਿਰਾਓ ਦੌਰਾਨ ਬਿਜਲੀ ਸੰਕਟ ਦੀ ਪਵੇਗੀ ਗੂੰਜ ਕਿਰਪਾਲ ਸਿੰਘ ਰੰਧਾਵਾ •ਪੰਜਾਬੀ ਜਾਗਰਣ ਹਰੀਕੇ ਪੱਤਣ : ਪੰਜਾਬ ਵਿਚ ਦਿਨੋਂ-ਦਿਨ ਡੂੰਘੇ ਹੋ ਰਹੇ ਬਿਜਲੀ ਸੰਕਟ ਨੇ ਆਮ ਲੋਕਾਂ, ਕਿਸਾਨਾਂ, ਮਜ਼ਦੂਰਾਂ ਤੇ ਵਪਾਰੀਆਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਅਣਐਲਾਨੇ ਬਿਜਲੀ ਕੱਟਾਂ ਤੇ ਬਿਜਲੀ ਸਪਲਾਈ ਦੀ ਅਣਨਿਯਮਤ ਵਿਵਸਥਾ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਗੰਭੀਰ ਮੁੱਦੇ ਦੀ ਗੂੰਜ 14 ਸਤੰਬਰ ਤੋਂ ਪੰਜਾਬ ਦੇ ਛੇ ਮੰਤਰੀਆਂ ਦੇ ਘਰਾਂ ਮੂਹਰੇ ਸ਼ੁਰੂ ਹੋਣ ਵਾਲੇ ਚਾਰ ਰੋਜ਼ਾ ਘਿਰਾਓ ਦੌਰਾਨ ਵੀ ਜ਼ੋਰਦਾਰ ਢੰਗ ਨਾਲ ਸੁਣਾਈ ਦੇਵੇਗੀ। ਇਸ ਸਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਪਾਵਰਕਾਮ ਦੀਆਂ ਨਾਕਾਮੀਆਂ ਦਾ ਖਮਿਆਜ਼ਾ ਸਿੱਧੇ ਤੌਰ ’ਤੇ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਇਕ ਪਾਸੇ ਲੋਕਾਂ ਨੂੰ ਨਿਰਵਿਘਨ ਤੇ ਸਰਪਲੱਸ ਬਿਜਲੀ ਸਪਲਾਈ ਦੇਣ ਦੇ ਦਾਅਵੇ ਕੀਤੇ ਜਾਂਦੇ ਹਨ, ਜਦਕਿ ਦੂਜੇ ਪਾਸੇ ਪਿੰਡਾਂ ਤੇ ਸ਼ਹਿਰਾਂ ਵਿਚ ਵਾਰ-ਵਾਰ ਲੱਗ ਰਹੇ ਅਣਐਲਾਨੇ ਕੱਟਾਂ ਨੇ ਲੋਕਾਂ ਦਾ ਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੀ ਘਾਟ ਕਾਰਨ ਕਿਸਾਨਾਂ ਦੀ ਖੇਤੀ, ਛੋਟੇ ਕਾਰੋਬਾਰਾਂ ਤੇ ਘਰੇਲੂ ਜੀਵਨ ਉੱਤੇ ਵੀ ਮਾੜਾ ਅਸਰ ਪੈ ਰਿਹਾ ਹੈ। ਲੋਕਾਂ ਨੂੰ ਆਪਣੇ ਹੀ ਸੂਬੇ ਵਿਚ ਬੁਨਿਆਦੀ ਸਹੂਲਤ ਲਈ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ, ਜੋ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਵੱਡਾ ਸਵਾਲ ਹੈ। ਆਗੂ ਨੇ ਦੱਸਿਆ ਕਿ 14 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਚਾਰ ਰੋਜ਼ਾ ਘਿਰਾਓ ਦੌਰਾਨ ਬਿਜਲੀ ਸੰਕਟ ਨੂੰ ਇਕ ਅਹਿਮ ਮੁੱਦੇ ਵਜੋਂ ਉਠਾਇਆ ਜਾਵੇਗਾ ਅਤੇ ਸਰਕਾਰ ਤੋਂ ਜਵਾਬ ਮੰਗਿਆ ਜਾਵੇਗਾ ਕਿ ਲੋਕਾਂ ਨੂੰ ਅਣਐਲਾਨੇ ਬਿਜਲੀ ਕੱਟਾਂ ਦੀ ਮਾਰ ਤੋਂ ਕਦੋਂ ਰਾਹਤ ਮਿਲੇਗੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਅਤੇ ਪਾਵਰਕਾਮ ਨੇ ਬਿਜਲੀ ਸਪਲਾਈ ਨੂੰ ਤੁਰੰਤ ਸੁਚਾਰੂ ਨਾ ਕੀਤਾ ਤਾਂ ਲੋਕਾਂ ਦਾ ਰੋਸ ਹੋਰ ਭੜਕ ਸਕਦਾ ਹੈ ਤੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਜ਼ਬੂਰ ਹੋਣਾ ਪਵੇਗਾ।