ਸਕੂਲ ’ਚ ਮਨਾਇਆ ਗਿਆ ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਸਮੁੱਚੀ ਲੁਕਾਈ ਨੂੰ ਏਕਤਾ ਦੇ ਸੂਤਰ ਵਿਚ ਪ੍ਰੋਣ ਦੇ ਸਮੱਰਥ
Publish Date: Fri, 11 Sep 2026 07:31 PM (IST)
Updated Date: Fri, 11 Sep 2026 07:31 PM (IST)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਸਮੁੱਚੀ ਲੁਕਾਈ ਨੂੰ ਏਕਤਾ ਦੇ ਸੂਤਰ ਵਿਚ ਪ੍ਰੋਣ ਦੇ ਸਮੱਰਥ ਬੱਲੂ ਮਹਿਤਾ •ਪੰਜਾਬੀ ਜਾਗਰਣ ਪੱਟੀ : ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਪੱਟੀ ਵਿਖੇ ਸ਼ੁਭਾਇਮਾਨ ਗੁਰਦੁਆਰਾ ਸਾਹਿਬ ਵਿਖੇ ਮਨੁੱਖਤਾ ਦੇ ਸਾਂਝੇ ਰਹਿਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਬਹੁਤ ਸ਼ਰਧਾ ਭਾਵਨਾ ਤੇ ਸਤਿਕਾਰ ਸਹਿਤ ਮਨਾਇਆ ਗਿਆ। ਇਸ ਦੀ ਆਰੰਭਤਾ ਸਕੂਲ ਦੇ ਸਮੁੱਚੇ ਸਟਾਫ ਵੱਲੋਂ ਸੰਗਤੀ ਰੂਪ ਅੰਦਰ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਨਾਲ ਕੀਤੀ ਗਈ। ਅਰਦਾਸ ਤੇ ਹੁਕਮਨਾਮੇ ਉਪਰੰਤ ਧਾਰਮਿਕ ਅਧਿਆਪਕ ਜਗਜੀਤ ਸਿੰਘ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਤਿਹਾਸ ਬਾਬਤ ਸੰਖੇਪ ਰੂਪ ਵਿਚ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਤੋਂ ਪਹਿਲੇ ਚਾਰ ਗੁਰੂ ਸਾਹਿਬਾਨ, 15 ਭਗਤ ਤੇ 11 ਭੱਟਾਂ, ਤਿੰਨ ਗੁਰਸਿੱਖਾਂ ਦੀ ਬਾਣੀ ਨੂੰ ਇਕ ਗ੍ਰੰਥ ਦੇ ਰੂਪ ਵਿਚ ਇਕੱਤਰ ਕੀਤਾ। ਇਨ੍ਹਾਂ 34 ਮਹਾਂਪੁਰਸ਼ਾਂ ਦੇ ਰੱਬੀ ਇਲਹਾਮ ਨੂੰ ‘ਪੋਥੀ ਪਰਮੇਸ਼ਰ ਕਾ ਥਾਨੁ’ ਕਹਿ ਕੇ ਸਤਿਕਾਰ ਬਖਸ਼ਿਸ਼ ਕੀਤਾ ਤੇ ਇਸ ਦਾ ਪ੍ਰਕਾਸ਼ ਦਰਬਾਰ ਸਾਹਿਬ ਵਿਖੇ ਕੀਤਾ ਗਿਆ। ਇਸ ਦੇ ਪਹਿਲੇ ਹੈੱਡ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਥਾਪਿਆ ਗਿਆ। ਉਨ੍ਹਾਂ ਦੀ ਰਸਨਾ ਤੋਂ ਜੋ ਗੁਰੂ ਪਾਤਿਸ਼ਾਹ ਜੀ ਨੇ ਹੁਕਮ ਸਮੁੱਚੀ ਕਾਇਨਾਤ ਦੀ ਝੋਲੀ ਪਾਇਆ। ਉਸ ਦੇ ਆਰੰਭਕ ਬੋਲ ਸਨ ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ। ਸਾਨੂੰ ਸਭਨਾਂ ਨੂੰ ਇਸ ਰੱਬੀ ਬਾਣੀ ’ਤੇ ਭਰੋਸਾ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ, ਤਾਂ ਹੀ ਸਾਡੀ ਜ਼ਿੰਦਗੀ ਸੁਖੈਨ ਅਤੇ ਆਨੰਦਮਈ ਹੋ ਸਕਦੀ ਹੈ। ਬਾਅਦ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਦੀ ਧਰਤੀ ’ਤੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਇਸ ਵਿਚ ਦਰਜ ਕਰਕੇ ਇਸ ਨੂੰ ਸੰਪੂਰਨਤਾ ਬਖਸ਼ਿਸ਼ ਕੀਤੀ ਤੇ ਹਜ਼ੂਰ ਸਾਹਿਬ ਦੇ ਅਸਥਾਨ ’ਤੇ ਸਦੀਵੀ ਕਾਲ ਦੇ ਲਈ ਗੁਰਗੱਦੀ ਦੇ ਕੇ ਸਮੁੱਚੀ ਮਾਨਵਤਾ ਨੂੰ ਇਸ ਅਨੁਸਾਰ ਜੀਵਨ ਬਸਰ ਕਰਨ ਦਾ ਉਪਦੇਸ਼ ਦਿੱਤਾ। ਸਕੂਲ ਦੇ ਪ੍ਰਿੰਸੀਪਲ ਜਸਬੀਰ ਕੌਰ ਸੈਣੀ ਜੀ ਵੱਲੋਂ ਸਮੁੱਚੇ ਸਟਾਫ਼ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀ ਵਧਾਈ ਦਿੰਦਿਆਂ ਕਿਹਾ ਗਿਆ ਕਿ ਸਾਡੇ ਚੰਗੇ ਭਾਗ ਹਨ ਕਿ ਅਸੀਂ ਗੁਰੂ ਜੀ ਦੀ ਗੋਦ ਵਿਚ ਬੈਠ ਕੇ ਗੁਰਬਾਣੀ ਨਾਲ ਜੁੜੇ ਹਾਂ। ਸਕੂਲ ਦੇ ਮੈਂਬਰ ਇੰਚਾਰਜ਼ ਗੁਰਬੀਰ ਸਿੰਘ ਢਿੱਲੋਂ, ਤਰਲੋਕ ਸਿੰਘ ਤੇ ਸਰਬਜੀਤ ਸਿੰਘ ਨੇ ਵੀ ਸਮੁੱਚੇ ਸਟਾਫ਼ ਤੇ ਬੱਚਿਆਂ ਨੂੰ ਗੁਰੂ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀ ਵਧਾਈ ਦਿੱਤੀ। ਇਸ ਸਮੇਂ ਸਕੂਲ ਦੇ ਵਾਈਸ ਪ੍ਰਿੰਸੀਪਲ ਨੀਰੂ ਸ਼ਰਮਾ, ਸੁਪਰਵਾਈਜ਼ਰ ਕਰਮਜੀਤ ਕੌਰ, ਪ੍ਰਦੀਪ ਕੌਰ, ਰੁਪਿੰਦਰ ਕੌਰ ਨੰਦਾ, ਰਣਜੀਤ ਕੌਰ, ਹਰਪ੍ਰੀਤ ਕੌਰ ਚੀਮਾ ਤੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।