- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਦੀ ਸਰਕਾਰ ਦੀਆਂ ਨੀਤੀਆਂ ਦਾ ਖ਼ਮਿਆਜ਼ਾ ਆਮ ਲੋਕ ਭੁਗਤ ਰਹੇ ਹਨ : ਜਮਹੂਰੀ ਕਿਸਾਨ ਸਭਾ

ਪੱਤਰ ਪ੍ਰੇਰਕ• ਪੰਜਾਬੀ ਜਾਗਰਣ
ਤਰਨਤਾਰਨ : ਜਮਹੂਰੀ ਕਿਸਾਨ ਸਭਾ ਦੀ ਮਟਿੰਗ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਬੱਗੂ ਦੀ ਪ੍ਰਧਾਨਗੀ ਹੇਠ ਤਰਨਤਾਰਨ ਦਫ਼ਤਰ ਵਿਖੇ ਹੋਈ। ਮੀਟਿੰਗ ਵਿਚ 20-21 ਸਤੰਬਰ ਦੀ ਕਾਨਫਰੰਸ ਦੀਆਂ ਤਿਆਰੀਆਂ ਸਬੰਧੀ ਜਾਇਜ਼ਾ ਲਿਆ ਗਿਆ। ਜ਼ਿਲ੍ਹਾ ਸਕੱਤਰ ਦਲਜੀਤ ਸਿੰਘ ਦਿਆਲਪੁਰਾ ਨੇ ਦੱਸਿਆ ਕਿ ਰੈਲੀ ਤੇ ਕਾਨਫਰੰਸ ਦੀਆਂ ਤਿਆਰੀਆਂ ਜ਼ਿਲ੍ਹੇ ਭਰ ’ਚ ਪੂਰੇ ਜ਼ੋਰਾਂ ਨਾਲ ਚੱਲ ਰਹੀਆਂ ਹਨ। ਮਟਿੰਗ ਨੂੰ ਸਭਾ ਦੇ ਸੂਬਾਈ ਆਗੂ ਪ੍ਰਗਟ ਸਿੰਘ ਜਮਾਰਾਏ ਨੇ ਬੋਲਦਿਆ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਦਾ ਸਭ ਤੋਂ ਵੱਡਾ ਲਾਭ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਮਿਲ ਰਿਹਾ ਹੈ, ਜਦਕਿ ਕਿਸਾਨਾਂ, ਖੇਤ ਮਜ਼ਦੂਰਾਂ, ਛੋਟੇ ਵਪਾਰੀਆਂ, ਨੌਜਵਾਨਾਂ ਤੇ ਆਮ ਲੋਕਾਂ 'ਤੇ ਮਹਿੰਗਾਈ, ਬੇਰੁਜ਼ਗਾਰੀ, ਕਰਜ਼ੇ ਤੇ ਅਸੁਰੱਖਿਆ ਦਾ ਬੋਝ ਲਗਾਤਾਰ ਵੱਧ ਰਿਹਾ ਹੈ।
ਉਨ੍ਹਾਂ ਦਾ ਦੋਸ਼ ਹੈ ਕਿ ਸਰਕਾਰੀ ਨੀਤੀਆਂ ਖੇਤੀਬਾੜੀ, ਕੁਦਰਤੀ ਸੰਸਾਧਨਾਂ ਤੇ ਸਰਕਾਰੀ ਅਦਾਰਿਆਂ ਨੂੰ ਨਿੱਜੀ ਕਾਰਪੋਰੇਟ ਹੱਥਾਂ ਵਿਚ ਸੌਂਪਣ ਵੱਲ ਵਧ ਰਹੀਆਂ ਹਨ, ਜਿਸ ਨਾਲ ਆਮ ਲੋਕਾਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ। ਆਗੂਆਂ ਨੇ ਕਿਹਾ ਕਿ ਵਿਦੇਸ਼ ਵਪਾਰ ਸਮਝੌਤਿਆਂ, ਖੇਤੀ ਤੇ ਮਜ਼ਦੂਰ ਵਿਰੋਧੀ ਨੀਤੀਆਂ ਤੇ ਨਿੱਜੀਕਰਨ ਦੇ ਰੁਝਾਨ ਕਾਰਨ ਦੇਸ਼ ਦੀ ਖੁਰਾਕ ਸੁਰੱਖਿਆ, ਕਿਸਾਨਾਂ ਦੀ ਆਮਦਨ ਤੇ ਮਜ਼ਦੂਰਾਂ ਦੇ ਹੱਕਾਂ ਉੱਤੇ ਗੰਭੀਰ ਖ਼ਤਰੇ ਮੰਡਰਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਇਹ ਨੀਤੀਆਂ ਨਾ ਬਦਲੀਆਂ ਗਈਆਂ ਤਾਂ ਇਸ ਦੇ ਦੂਰਗਾਮੀ ਨਤੀਜੇ ਪੂਰੇ ਸਮਾਜ ਨੂੰ ਭੁਗਤਣੇ ਪੈਣਗੇ।
ਮੀਟਿੰਗ ਵਿਚ ਮੰਗ ਕੀਤੀ ਗਈ ਕਿ ਖੇਤੀ, ਪ੍ਰਚੂਨ ਵਪਾਰ ਤੇ ਦੇਸ਼ ਦੀ ਪ੍ਰਭੂਸੱਤਾ ਨੂੰ ਪ੍ਰਭਾਵਿਤ ਕਰਨ ਵਾਲੇ ਵਪਾਰ ਸਮਝੌਤੇ ਰੱਦ ਕੀਤੇ ਜਾਣ, ਮਨਰੇਗਾ ਨੂੰ ਮਜ਼ਬੂਤ ਕੀਤਾ ਜਾਵੇ, ਡਾ. ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਦਿੱਤੀ ਜਾਵੇ, ਉਪਜਾਊ ਜ਼ਮੀਨਾਂ ਦੀ ਕਾਰਪੋਰੇਟਾਂ ਦੇ ਹੱਕ ਵਿਚ ਹੋ ਰਹੀ ਵਰਤੋਂ ਰੋਕੀ ਜਾਵੇ, ਵਧ ਰਹੀ ਮਹਿੰਗਾਈ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ 'ਤੇ ਰੋਕ ਲਗਾਈ ਜਾਵੇ, ਕਿਸਾਨਾਂ, ਖੇਤ ਮਜ਼ਦੂਰਾਂ, ਛੋਟੇ ਦੁਕਾਨਦਾਰਾਂ ਅਤੇ ਵਪਾਰੀਆਂ ਦਾ ਸਮੁੱਚਾ ਕਰਜ਼ਾ ਮਾਫ਼ ਕੀਤਾ ਜਾਵੇ, ਚਾਰੇ ਲੇਬਰ ਕੋਡ ਰੱਦ ਕਰਕੇ ਠੇਕਾ ਤੇ ਆਊਟਸੋਰਸ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ।
ਆਗੂਆਂ ਨੇ ਐਲਾਨ ਕੀਤਾ ਕਿ 20 ਸਤੰਬਰ 2026 ਨੂੰ ਸ਼ਹੀਦ ਭਗਤ ਸਿੰਘ ਐਡੀਟੋਰੀਅਮ, ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਕੁੱਲ ਹਿੰਦ ਕਿਸਾਨ ਮਹਾਂ ਸਭਾ ਦੀ ਅਗਵਾਈ ਹੇਠ ਹੋਣ ਵਾਲੀ ਵਿਸ਼ਾਲ ਕਿਸਾਨ-ਮਜ਼ਦੂਰ ਏਕਤਾ ਰੈਲੀ ਕਾਰਪੋਰੇਟ ਪੱਖੀ ਨੀਤੀਆਂ ਤੇ ਲੋਕ ਵਿਰੋਧੀ ਫ਼ੈਸਲਿਆਂ ਖ਼ਿਲਾਫ਼ ਇਕ ਮਜ਼ਬੂਤ ਲੋਕ ਆਵਾਜ਼ ਬਣੇਗੀ। ਮੀਟਿੰਗ ਦੇ ਅੰਤ ਵਿਚ ਸਮੂਹ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਮੁਲਾਜ਼ਮਾਂ, ਛੋਟੇ ਵਪਾਰੀਆਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ 20 ਸਤੰਬਰ ਨੂੰ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿਚ ਜਲੰਧਰ ਪਹੁੰਚ ਕੇ ਕਿਸਾਨ-ਮਜ਼ਦੂਰ ਏਕਤਾ ਨੂੰ ਹੋਰ ਮਜ਼ਬੂਤ ਕਰਨ। ਇਸ ਮੌਕੇ ਸਭਾ ਦੇ ਜ਼ਿਲ੍ਹਾ ਸਕੱਤਰ ਦਲਜੀਤ ਸਿੰਘ ਦਿਆਲਪੁਰ, ਰੇਸ਼ਮ ਸਿੰਘ ਫੈਲੋਕੇ, ਮੁਖਤਾਰ ਸਿੰਘ ਮੱਲਾ, ਹਰਭਜਨ ਸਿੰਘ ਪੱਟੀ, ਦਾਰਾ ਸਿੰਘ ਮੁੰਡਾ ਪਿੰਡ, ਨਰਿੰਦਰ ਸਿੰਘ ਤੁੜ, ਆਦਿ ਆਗੂ ਹਾਜ਼ਰ ਸਨ।