ਪੁਰਾਤਨ ਪੰਜਾਬੀ ਵਿਰਸੇ ਨੂੰ ਸਾਂਭ ਰਿਹਾ ਚੋਹਲਾ ਸਾਹਿਬ ਦਾ ਕਿਸਾਨ ਪੁਰਾਤਨ ਪੰਜਾਬੀ ਵਿਰਸੇ ਨੂੰ ਸਾਂਭ ਰਿਹਾ ਚੋਹਲਾ ਸਾਹਿਬ ਦਾ ਕਿਸਾਨ
Publish Date: Fri, 11 Sep 2026 05:29 PM (IST)
Updated Date: Fri, 11 Sep 2026 05:31 PM (IST)
ਬਲਦਾਂ ਦੀ ਜੋੜੀ ਨਾਲ ਅੱਜ ਵੀ ਖੇਤ ਵਾਹੁੰਦਾ ਹੈ ਸ਼ਿੰਗਾਰਾ ਸਿੰਘ ਬਲਦਾਂ ਦੀਆਂ ਦੌੜਾਂ ਵਿਚ ਹਾਸਲ ਕਰ ਚੁੱਕਿਆ ਕਈ ਇਨਾਮ ਰਾਕੇਸ਼ ਨਈਅਰ• ਪੰਜਾਬੀ ਜਾਗਰਣ ਚੋਹਲਾ ਸਾਹਿਬ : ਅੱਜ ਦੇ ਤੇਜ਼ ਰਫ਼ਤਾਰ ਯੁੱਗ ਵਿਚ ਜਿਥੇ ਖੇਤੀਬਾੜੀ ਦੇ ਕੰਮ ਨੂੰ ਘੱਟ ਸਮੇਂ ਵਿਚ ਪੂਰਾ ਕਰਨ ਲਈ ਆਧੁਨਿਕ ਮਸ਼ੀਨਰੀ ਨੇ ਪੁਰਾਣੇ ਸਾਧਨਾਂ ਦੀ ਥਾਂ ਲੈ ਲਈ ਹੈ, ਉਥੇ ਜ਼ਿਲ੍ਹਾ ਤਰਨਤਾਰਨ ਦੇ ਇਤਿਹਾਸਿਕ ਕਸਬਾ ਚੋਹਲਾ ਸਾਹਿਬ ਦਾ ਕਿਸਾਨ ਸ਼ਿੰਗਾਰਾ ਸਿੰਘ ਪੁੱਤਰ ਭਾਨ ਸਿੰਘ ਅੱਜ ਵੀ ਪੰਜਾਬ ਦੇ ਪੁਰਾਤਨ ਖੇਤੀਬਾੜੀ ਵਿਰਸੇ ਨੂੰ ਸਾਂਭਣ ਵਿਚ ਜੁਟਿਆ ਹੋਇਆ ਹੈ। ਉਹ ਆਧੁਨਿਕ ਮਸ਼ੀਨਰੀ ਦੀ ਬਜਾਏ ਬਲਦਾਂ ਦੀ ਜੋੜੀ ਨਾਲ ਆਪਣੇ ਖੇਤਾਂ ਵਿਚ ਖੇਤੀਬਾੜੀ ਕਰਦਾ ਹੈ। ਗੱਲਬਾਤ ਦੌਰਾਨ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਬਲਦਾਂ ਦੀ ਜੋੜੀ ਨਾਲ ਖੇਤੀ ਕਰਨ ਦੇ ਨਾਲ-ਨਾਲ ਉਹ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਲੱਗਦੇ ਮੇਲਿਆਂ ਵਿਚ ਵੀ ਆਪਣੀ ਜੋੜੀ ਨੂੰ ਲੈ ਕੇ ਜਾਂਦਾ ਹੈ, ਜਿਥੇ ਬਲਦਾਂ ਦੀਆਂ ਦੌੜਾਂ ਕਰਵਾਈਆਂ ਜਾਂਦੀਆਂ ਹਨ। ਉਸ ਦੀਆਂ ਜੋੜੀਆਂ ਇਨ੍ਹਾਂ ਦੌੜਾਂ ਵਿਚ ਕਈ ਇਨਾਮ ਵੀ ਜਿੱਤ ਚੁੱਕੀਆਂ ਹਨ। ਉਸ ਨੇ ਦੱਸਿਆ ਕਿ ਇਟਲੀ ਵਸਦੇ ਬਲਦਾਂ ਦੇ ਪ੍ਰੇਮੀ ਜਸਵਿੰਦਰ ਸਿੰਘ ਜੱਸਾ ਵੱਲੋਂ ਉਸ ਨੂੰ ਇਸ ਪੁਰਾਤਨ ਵਿਰਸੇ ਨੂੰ ਸਾਂਭਣ ਲਈ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ ਤੇ ਬਲਦਾਂ ਲਈ ਖੁਰਾਕ ਵੀ ਮੁਹੱਈਆ ਕਰਵਾਈ ਜਾਂਦੀ ਹੈ। ਹਾਲਾਂਕਿ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਇਸ ਪੁਰਾਤਨ ਵਿਰਸੇ ਨੂੰ ਸਾਂਭਣ ਲਈ ਅਜੇ ਤਕ ਕੋਈ ਵਿਸ਼ੇਸ਼ ਸਹਿਯੋਗ ਨਹੀਂ ਮਿਲਿਆ। ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਕਰਕੇ ਕਰਦਾ ਹੈ ਤੇ ਪਸ਼ੂਆਂ ਦਾ ਦੁੱਧ ਵੇਚ ਕੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਦਾ ਹੈ। ਇਸ ਕੰਮ ਵਿਚ ਉਸ ਦਾ ਪੁੱਤਰ ਅਵਤਾਰ ਸਿੰਘ ਤੇ ਪਰਿਵਾਰ ਦੇ ਹੋਰ ਮੈਂਬਰ ਵੀ ਪੂਰਾ ਸਹਿਯੋਗ ਦਿੰਦੇ ਹਨ। ਉਸ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੇ ਹਮੇਸ਼ਾ ਸੱਚੀ ਕਿਰਤ ਤੇ ਮਿਹਨਤ ਨੂੰ ਤਰਜੀਹ ਦਿੱਤੀ ਹੈ। ਵਿਸਾਖੀ ਮੇਲੇ ਵਿਚ ਵੀ ਨਿਭਾਉਂਦੇ ਹਨ ਅਹਿਮ ਭੂਮਿਕਾ ਚੋਹਲਾ ਸਾਹਿਬ ਵਿਚ ਲੱਗਣ ਵਾਲੇ ਪ੍ਰਸਿੱਧ ਵਿਸਾਖੀ ਮੇਲੇ ਦੌਰਾਨ ਵੀ ਸ਼ਿੰਗਾਰਾ ਸਿੰਘ ਬਲਦਾਂ ਦੀਆਂ ਦੌੜਾਂ ਕਰਵਾਉਣ ਵਿਚ ਮੋਹਰੀ ਹੋ ਕੇ ਭੂਮਿਕਾ ਨਿਭਾਉਂਦਾ ਹੈ। ਇਨ੍ਹਾਂ ਦੌੜਾਂ ਨੂੰ ਦੇਖਣ ਲਈ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਵੱਡੀ ਗਿਣਤੀ ਵਿਚ ਲੋਕ ਪਹੁੰਚਦੇ ਹਨ। ਇਸ ਤੋਂ ਇਲਾਵਾ ਚੋਹਲਾ ਸਾਹਿਬ ਵਿਖੇ ਮੌਜੂਦ ਪੁਰਾਤਨ ਖੂਹ, ਜਿਥੇ ਬਲਦਾਂ ਦੀਆਂ ਦੌੜਾਂ ਕਰਵਾਉਣ ਦੀ ਪ੍ਰੰਪਰਾ ਰਹੀ ਹੈ, ਦੀ ਸਾਂਭ-ਸੰਭਾਲ ਲਈ ਵੀ ਉਹ ਲਗਾਤਾਰ ਯਤਨ ਕਰਦਾ ਆ ਰਿਹਾ ਹੈ। ਸ਼ਿੰਗਾਰਾ ਸਿੰਘ ਵਰਗੇ ਕਿਸਾਨ ਨਾ ਸਿਰਫ਼ ਖੇਤੀਬਾੜੀ ਦੀਆਂ ਪੁਰਾਤਨ ਪ੍ਰੰਪਰਾਵਾਂ ਨੂੰ ਜਿਊਂਦਾ ਰੱਖ ਰਹੇ ਹਨ, ਸਗੋਂ ਨਵੀਂ ਪੀੜ੍ਹੀ ਨੂੰ ਪੰਜਾਬ ਦੇ ਅਮੀਰ ਵਿਰਸੇ ਨਾਲ ਜੋੜਨ ਦਾ ਵੀ ਕੰਮ ਕਰ ਰਹੇ ਹਨ। ਸਰਕਾਰ ਤੇ ਪ੍ਰਸ਼ਾਸਨ ਨੂੰ ਅਜਿਹੇ ਉਪਰਾਲਿਆਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਪੁਰਾਤਨ ਪੰਜਾਬੀ ਵਿਰਸੇ ਨੂੰ ਸਾਂਭਣ ਵਾਲੇ ਕਿਸਾਨਾਂ ਨੂੰ ਬਣਦਾ ਸਹਿਯੋਗ ਦੇਣਾ ਚਾਹੀਦਾ ਹੈ, ਤਾਂ ਜੋ ਇਹ ਵਿਰਾਸਤੀ ਪ੍ਰੰਪਰਾਵਾਂ ਆਉਣ ਵਾਲੀਆਂ ਪੀੜ੍ਹੀਆਂ ਤਕ ਸੁਰੱਖਿਅਤ ਰਹਿ ਸਕਣ।