ਤਰਨਤਾਰਨ ਜ਼ਿਲ੍ਹੇ ’ਚ 9ਵਾਂ ਰਾਸ਼ਟਰੀ ਪੋਸ਼ਣ ਮਾਹ ਸ਼ੁਰੂ ਤਰਨਤਾਰਨ ਜ਼ਿਲ੍ਹੇ ’ਚ 9ਵਾਂ ਰਾਸ਼ਟਰੀ ਪੋਸ਼ਣ ਮਾਹ ਸ਼ੁਰੂ
Publish Date: Fri, 11 Sep 2026 05:23 PM (IST)
Updated Date: Fri, 11 Sep 2026 05:25 PM (IST)
ਆਂਗਣਵਾੜੀ ਕੇਂਦਰਾਂ ’ਚ ਵੱਖ-ਵੱਖ ਗਤੀਵਿਧੀਆਂ ਜਾਰੀ ਸਟਾਫ਼ ਰਿਪੋਰਟਰ• ਪੰਜਾਬੀ ਜਾਗਰਣ ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਵਿਚ 9ਵਾਂ ਰਾਸ਼ਟਰੀ ਪੋਸ਼ਣ ਮਾਹ 9 ਸਤੰਬਰ ਤੋਂ 8 ਅਕਤੂਬਰ ਤਕ ਮਨਾਇਆ ਜਾ ਰਿਹਾ ਹੈ। ਇਸ ਸਾਲ ਪੋਸ਼ਣ ਮਾਹ ਦਾ ਕੇਂਦਰੀ ਵਿਸ਼ਾ ‘ਹਮਾਰੀ ਆਂਗਣਵਾੜੀ ਹਮਾਰੀ ਜ਼ਿੰਮੇਵਾਰੀ’ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਨੁਪ੍ਰਿਆ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਆਂਗਣਵਾੜੀ ਕੇਂਦਰਾਂ ਵਿਚ ਪੋਸ਼ਣ ਮਾਹ ਤਹਿਤ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਗਤੀਵਿਧੀਆਂ ਰਾਹੀਂ ਬੱਚਿਆਂ, ਗਰਭਵਤੀ ਮਹਿਲਾਵਾਂ, ਦੁੱਧ ਪਿਲਾਉਣ ਵਾਲੀਆਂ ਮਾਵਾਂ ਤੇ ਆਮ ਲੋਕਾਂ ਨੂੰ ਸੰਤੁਲਿਤ ਖ਼ੁਰਾਕ, ਪੌਸ਼ਟਿਕ ਆਹਾਰ ਤੇ ਸਿਹਤਮੰਦ ਜੀਵਨ-ਸ਼ੈਲੀ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੋਸ਼ਣ ਮਾਹ ਦੌਰਾਨ ਖ਼ੁਰਾਕ ਵਿਚ ਵਿਭਿੰਨਤਾ ਤੇ ਯੋਗ ਪ੍ਰੋਟੀਨ, ਆਂਗਣਵਾੜੀ ਕੇਂਦਰਾਂ ਵਿਚ ਤਾਜ਼ਾ ਗਰਮ ਪਕਾਇਆ ਭੋਜਨ, ਕਮਿਊਨਿਟੀ ਦੀ ਭਾਗੀਦਾਰੀ ਤੇ ਜਵਾਬਦੇਹੀ, ਬੱਚਿਆਂ ਦੇ ਪੋਸ਼ਣ ਤੇ ਸ਼ੁਰੂਆਤੀ ਵਿਕਾਸ ਲਈ ਉਤਸ਼ਾਹ ਤੇ ਪ੍ਰਧਾਨ ਮੰਤਰੀ ਮਾਤਰ ਵੰਦਨਾ ਯੋਜਨਾ ਸਬੰਧੀ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਆਂਗਣਵਾੜੀ ਵਰਕਰਾਂ ਤੇ ਸੁਪਰਵਾਈਜ਼ਰਾਂ ਵੱਲੋਂ ਪਿੰਡ ਪੱਧਰ ’ਤੇ ਲੋਕਾਂ ਨੂੰ ਸੰਤੁਲਿਤ ਤੇ ਪੌਸ਼ਟਿਕ ਖ਼ੁਰਾਕ, ਸਹੀ ਪੋਸ਼ਣ, ਬੱਚਿਆਂ ਦੀ ਸ਼ੁਰੂਆਤੀ ਸਿੱਖਿਆ ਤੇ ਵਿਕਾਸ ਅਤੇ ਮਾਵਾਂ-ਬੱਚਿਆਂ ਦੀ ਸਿਹਤ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਵੱਖ-ਵੱਖ ਵਿਭਾਗਾਂ ਤੇ ਭਾਈਵਾਲ ਸੰਸਥਾਵਾਂ ਦੇ ਸਹਿਯੋਗ ਨਾਲ ਜਨ ਅੰਦੋਲਨ ਦੇ ਰੂਪ ਵਿਚ ਪੋਸ਼ਣ ਸਬੰਧੀ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੋਸ਼ਣ ਮਾਹ ਦਾ ਮੁੱਖ ਉਦੇਸ਼ ਹਰ ਪਰਿਵਾਰ ਤਕ ਪੋਸ਼ਣ ਦਾ ਸੰਦੇਸ਼ ਪਹੁੰਚਾਉਣਾ ਤੇ ਸਮਾਜ ਦੀ ਸਰਗਰਮ ਭਾਗੀਦਾਰੀ ਨਾਲ ਹਮਾਰੀ ਆਂਗਣਵਾੜੀ ਹਮਾਰੀ ਜ਼ਿੰਮੇਵਾਰੀ ਦੇ ਸੰਦੇਸ਼ ਨੂੰ ਸਫਲ ਬਣਾਉਣਾ ਹੈ।