- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਸੀਏ ਦੇ ਖਿਡਾਰੀਆਂ ਨੇ ਨੈਸ਼ਨਲ ਐਥਲੈਟਿਕ ਮੀਟ ’ਚ ਜਿੱਤੇ ਤਿੰਨ ਸੋਨ ਤੇ ਇਕ ਚਾਂਦੀ ਦਾ ਤਮਗਾ

ਉਦੇਬੀਰ ਸਿੰਘ ਨੇ ਟ੍ਰਿਪਲ ਜੰਪ ਤੇ ਲੌਂਗ ਜੰਪ ’ਚ ਦੋ ਗੋਲਡ ਮੈਡਲ ਜਿੱਤੇ
ਗੁਰਕੀਰਤ ਸਿੰਘ ਨੇ ਸ਼ਾਟਪੁੱਟ ’ਚ ਹਾਸਲ ਕੀਤਾ ਸੋਨ ਤਮਗਾ
ਜਸਪਾਲ ਸਿੰਘ ਜੱਸੀ •ਪੰਜਾਬੀ ਜਾਗਰਣ
ਤਰਨਤਾਰਨ : ਸੀਆਈਐੱਸਸੀਈ ਪੈਟਰਨ ਅਧੀਨ ਚੱਲ ਰਹੀਆਂ ਸੰਸਥਾਵਾਂ ਦੇ ਵਿਦਿਆਰਥੀਆਂ ਲਈ ਨੈਸ਼ਨਲ ਲੈਵਲ ਐਥਲੈਟਿਕ ਮੀਟ-2026 ਦੇ ਖੇਡ ਮੁਕਾਬਲੇ ਬੈਂਗਲੁਰੂ ਵਿਖੇ ਕਰਵਾਏ ਗਏ। ਇਨ੍ਹਾਂ ਕੌਮੀ ਪੱਧਰੀ ਮੁਕਾਬਲਿਆਂ ਵਿਚ ਤਰਨਤਾਰਨ ਦੀ ਸਿਰਮੌਰ ਸੰਸਥਾ ਪੰਜਾਬ ਚਿਲਡਰਨ ਅਕੈਡਮੀ (ਪੀਸੀਏ) ਦੇ ਹੋਣਹਾਰ ਖਿਡਾਰੀਆਂ ਨੇ ਭਾਗ ਲੈਂਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅਕੈਡਮੀ ਦੇ ਖਿਡਾਰੀਆਂ ਨੇ ਵੱਖ-ਵੱਖ ਐਥਲੈਟਿਕਸ ਮੁਕਾਬਲਿਆਂ ਵਿਚ ਤਿੰਨ ਸੋਨ ਤੇ ਇਕ ਚਾਂਦੀ ਦਾ ਤਮਗਾ ਜਿੱਤ ਕੇ ਸੰਸਥਾ, ਮਾਪਿਆਂ ਤੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕੀਤਾ।
ਮੁਕਾਬਲਿਆਂ ਦੌਰਾਨ ਅਕੈਡਮੀ ਦੇ ਖਿਡਾਰੀ ਉਦੇਬੀਰ ਸਿੰਘ ਨੇ ਅੰਡਰ-19 ਵਰਗ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟ੍ਰਿਪਲ ਜੰਪ ਤੇ ਲੌਂਗ ਜੰਪ ਵਿਚ ਪਹਿਲਾ ਸਥਾਨ ਹਾਸਲ ਕੀਤਾ। ਉਸ ਨੇ ਦੋ ਸੋਨ ਤਮਗੇ ਜਿੱਤ ਕੇ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਇਆ। ਇਸੇ ਤਰ੍ਹਾਂ ਅੰਡਰ-19 ਵਰਗ ਦੇ ਸ਼ਾਟਪੁੱਟ ਮੁਕਾਬਲੇ ਵਿਚ ਗੁਰਕੀਰਤ ਸਿੰਘ ਨੇ ਸਖ਼ਤ ਮੁਕਾਬਲੇ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਮਗਾ ਆਪਣੇ ਨਾਮ ਕੀਤਾ। ਅੰਡਰ-17 ਵਰਗ ਦੇ ਹਾਈ ਜੰਪ ਮੁਕਾਬਲੇ ਵਿਚ ਸਾਹਿਲਪ੍ਰੀਤ ਸਿੰਘ ਨੇ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਮਗਾ ਹਾਸਲ ਕੀਤਾ। ਕੌਮੀ ਪੱਧਰ ਦੇ ਇਨ੍ਹਾਂ ਮੁਕਾਬਲਿਆਂ ਵਿਚ ਵਿਦਿਆਰਥੀਆਂ ਵੱਲੋਂ ਕੀਤੇ ਸ਼ਾਨਦਾਰ ਪ੍ਰਦਰਸ਼ਨ ਨਾਲ ਪੰਜਾਬ ਚਿਲਡਰਨ ਅਕੈਡਮੀ ਵਿਚ ਖੁਸ਼ੀ ਦਾ ਮਾਹੌਲ ਬਣ ਗਿਆ। ਜੇਤੂ ਖਿਡਾਰੀਆਂ ਦੇ ਸੰਸਥਾ ਵਿਚ ਵਾਪਸ ਪਹੁੰਚਣ ’ਤੇ ਸਕੂਲ ਸਟਾਫ਼ ਤੇ ਵਿਦਿਆਰਥੀਆਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਹਰਮਨਪ੍ਰੀਤ ਸਿੰਘ ਤੇ ਪ੍ਰਿੰਸੀਪਲ ਸੰਧਿਆ ਖੰਨਾ ਨੇ ਜੇਤੂ ਖਿਡਾਰੀਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਤ ਕੀਤਾ ਤੇ ਉਨ੍ਹਾਂ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਡਾਇਰੈਕਟਰ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦਾ ਅਹਿਮ ਹਿੱਸਾ ਹਨ। ਉਨ੍ਹਾਂ ਬੱਚਿਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨੂੰ ਵੀ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਇਆ ਜਾਵੇ। ਖੇਡਾਂ ਸਾਨੂੰ ਅਨੁਸ਼ਾਸਨ, ਮਿਹਨਤ, ਸਬਰ ਤੇ ਟੀਮ ਭਾਵਨਾ ਸਿਖਾਉਂਦੀਆਂ ਹਨ। ਇਸ ਮੌਕੇ ਸਕੂਲ ਪ੍ਰਬੰਧਕਾਂ ਵੱਲੋਂ ਖਿਡਾਰੀਆਂ ਦੀ ਤਿਆਰੀ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਕੋਚ ਪਾਇਲ ਕੌਸ਼ਲ, ਕੋਚ ਜਸਰਾਜ ਸਿੰਘ, ਕੋਚ ਹਰਵਿੰਦਰ ਕੌਰ ਤੇ ਕੋਚ ਰਾਜੇਸ਼ ਕੁਮਾਰ ਦਾ ਵੀ ਧੰਨਵਾਦ ਕੀਤਾ ਗਿਆ।