ਪੁਲਿਸ ਚੌਕੀ ਸਭਰਾ ’ਚ ਹੋਮਗਾਰਡ ਜਵਾਨ ਦੀ ਮੌਤ ਪੁਲਿਸ ਚੌਕੀ ਸਭਰਾ ’ਚ ਡਿਊਟੀ ਦੌਰਾਨ ਪੰਜਾਬ ਹੋਮਗਾਰਡ ਦੇ ਮੁਲਾਜ਼ਮ ਦੀ ਮੌਤ
Publish Date: Fri, 11 Sep 2026 05:02 PM (IST)
Updated Date: Fri, 11 Sep 2026 05:05 PM (IST)
ਅਚਾਨਕ ਤਬੀਅਤ ਵਿਗੜਨ ’ਤੇ ਹਸਪਤਾਲ ਲਿਜਾਂਦਿਆਂ ਰਸਤੇ ’ਚ ਤੋੜਿਆ ਦਮ ਪੰਜਾਬੀ ਜਾਗਰਣ ਟੀਮ ਕੈਰੋਂ/ਘਰਿਆਲਾ : ਪੁਲਿਸ ਚੌਕੀ ਸਭਰਾ ਵਿਖੇ ਤਾਇਨਾਤ ਪੰਜਾਬ ਹੋਮਗਾਰਡ ਦੇ ਮੁਲਾਜ਼ਮ ਹੀਰਾ ਸਿੰਘ ਦੀ ਡਿਊਟੀ ਦੌਰਾਨ ਅਚਾਨਕ ਤਬੀਅਤ ਵਿਗੜਨ ਕਾਰਨ ਮੌਤ ਹੋ ਜਾਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਹੀਰਾ ਸਿੰਘ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਗੁਲਾਲੀਪੁਰ ਦਾ ਰਹਿਣ ਵਾਲਾ ਸੀ ਤੇ ਪੁਲਿਸ ਚੌਕੀ ਸਭਰਾ ਵਿਖੇ ਆਪਣੀ ਡਿਊਟੀ ਨਿਭਾਅ ਰਿਹਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਸਵੇਰੇ ਡਿਊਟੀ ਦੌਰਾਨ ਹੀਰਾ ਸਿੰਘ ਦੀ ਅਚਾਨਕ ਤਬੀਅਤ ਵਿਗੜ ਗਈ। ਸਾਥੀ ਮੁਲਾਜ਼ਮਾਂ ਵੱਲੋਂ ਬਿਨ੍ਹਾਂ ਦੇਰੀ ਕੀਤੇ ਉਸ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਜਾ ਰਿਹਾ ਸੀ, ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿਚ ਉਸ ਨੇ ਦਮ ਤੋੜ ਦਿੱਤਾ। ਅਚਾਨਕ ਵਾਪਰੀ ਇਸ ਘਟਨਾ ਕਾਰਨ ਪੁਲਿਸ ਚੌਕੀ ਦੇ ਮੁਲਾਜ਼ਮਾਂ ਤੇ ਪਰਿਵਾਰ ਵਿਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਹੀਰਾ ਸਿੰਘ ਆਪਣੇ ਪਿੱਛੇ ਪਤਨੀ ਜਸਵਿੰਦਰ ਕੌਰ, ਦੋ ਲੜਕੀਆਂ ਤੇ ਇਕ ਲੜਕਾ ਛੱਡ ਗਿਆ ਹੈ। ਪਰਿਵਾਰ ਲਈ ਇਹ ਘਟਨਾ ਬੇਹੱਦ ਦੁਖਦਾਈ ਹੈ। ਘਟਨਾ ਦੀ ਸੂਚਨਾ ਮਿਲਣ ਉਪਰੰਤ ਪੁਲਿਸ ਵੱਲੋਂ ਹੀਰਾ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੋਸਟਮਾਰਟਮ ਉਪਰੰਤ ਹੀਰਾ ਸਿੰਘ ਦਾ ਅੰਤਿਮ ਸੰਸਕਾਰ ਉਸ ਦੇ ਜੱਦੀ ਪਿੰਡ ਗੁਲਾਲੀਪੁਰ ਵਿਖੇ ਕੀਤਾ ਜਾਵੇਗਾ। ਪੰਜਾਬ ਹੋਮਗਾਰਡ ਦੇ ਸਾਥੀ ਮੁਲਾਜ਼ਮਾਂ ਤੇ ਪੁਲਿਸ ਵਿਭਾਗ ਦੇ ਕਰਮਚਾਰੀਆਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਮ੍ਰਿਤਕ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।