- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
56 ਸਾਲਾਂ ਤੋਂ ਹਿੰਦੀ ਭਾਸ਼ਾ ਅਤੇ ਸਾਂਝੀ ਸੱਭਿਆਚਾਰਕ ਵਿਰਾਸਤ ਨੂੰ ਸਮਰਪਿਤ ਹੈ ਕਲਾ ਸੁਮਨ : ਡਾ. ਪ੍ਰੇਮ ਸ਼ਰਮਾ

56 ਸਾਲ ਪਹਿਲਾਂ ਹਿੰਦੀ ਭਾਸ਼ਾ ਪੱਤ੍ਰਿਕਾ ਕੀਤੀ ਗਈ ਸੀ ਸ਼ੁਰੂ
ਸਾਂਝੀ ਸੱਭਿਆਚਾਰਕ ਵਿਰਾਸਤ ਨੂੰ ਸਮਰਪਿਤ ਹੈ ਕਲਾ ਸੁਮਨ
ਪੱਤਰ ਪ੍ਰੇਰਕ •ਪੰਜਾਬੀ ਜਾਗਰਣ
ਤਰਨਤਾਰਨ : ਹਿਮਾਚਲ ਭਾਸ਼ਾ, ਕਲਾ ਤੇ ਸੰਸਕ੍ਰਿਤੀ ਵਿਭਾਗ ਸ਼ਿਮਲਾ ਦੇ ਸਾਬਕਾ ਡਾਇਰੈਕਟਰ ਡਾ. ਪ੍ਰੇਮ ਸ਼ਰਮਾ ਵੱਲੋਂ ਤਰਨਤਾਰਨ ਦੀ ‘ਕਲਾ ਸੁਮਨ’ ਦੇ ਅੰਕ ਨੂੰ ਰਿਲੀਜ਼ ਕਰਨ ਲਈ ਰੱਖੇ ਗਏ ਸਮਾਗਮ ਵਿਚ ਸ਼ਮੂਲੀਅਤ ਕੀਤੀ ਗਈ। ਸੰਸਥਾ ਦੇ ਦਫ਼ਤਰ ਵਿਖੇ ਕਰਵਾਏ ਗਏ ਸਮਾਗਮ ਮੌਕੇ ਡਾ. ਸ਼ਰਮਾ ਨੇ ਕਿਹਾ ਕਿ 56 ਸਾਲਾਂ ਤੋਂ ਨਿਰੰਤਰ ਕਲਾ ਸੁਮਨ ਦਾ ਪ੍ਰਕਾਸ਼ਨ ਸ਼ਲਾਘਾਯੋਗ ਉਪਰਾਲਾ ਹੈ।
ਇਸ ਨਾਲ ਜੁੜੀ ਸੰਸਥਾ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਮਹਾਂਪੰਜਾਬ ਦੀ ਸਾਂਝੀ ਸੱਭਿਆਚਾਰਕ ਵਿਰਾਸਤ ਨੂੰ ਨਵੀਂ ਪੀੜ੍ਹੀ ਤਕ ਪਹੁੰਚਾਉਣ ਲਈ ਕੀਤੇ ਜਾ ਰਹੇ ਯਤਨ ਮਹੱਤਵਪੂਰਨ ਹਨ। ‘ਕਲਾ ਸੁਮਨ’ ਦੇ ਡਾਇਰੈਕਟਰ ਰਮੇਸ਼ ਸਿੰਘ ਚੰਦੇਲ ਨੇ ਪੱਤ੍ਰਿਕਾ ਦੇ ਸਫ਼ਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੰਸਥਾ ਦੀ ਨੀਂਹ ਸ਼ਹਿਰ ਦੇ ਸਰਕਾਰੀ ਹਾਇਰ ਸੈਕੰਡਰੀ ਸਕੂਲ, ਜੋ ਹੁਣ ਸਕੂਲ ਆਫ਼ ਐਮੀਨੈਂਸ ਹੈ, ਵਿਖੇ ਨੈਸ਼ਨਲ ਐਵਾਰਡੀ ਪ੍ਰਿੰਸੀਪਲ ਤੇ ਡੀਪੀਆਈ ਪੰਜਾਬ ਸਵ. ਜੋਗਿੰਦਰ ਪਾਲ ਸੂਦ ਵੱਲੋਂ ਰੱਖੀ ਗਈ ਸੀ। ਉਨ੍ਹਾਂ ਦੱਸਿਆ ਕਿ ਉਸ ਸਮੇਂ ਤੋਂ ਸੰਸਥਾ ਵੱਲੋਂ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਮਹਾਂਪੰਜਾਬ ਉਤਸਵ, ਹਿੰਦੀ ਦਿਵਸ ਸਮਾਰੋਹ, ਮਹਾਂਪੁਰਖਾਂ ਦੇ ਜਨਮ ਦਿਵਸ ਤੇ ਦੇਸ਼ ਦੀ ਏਕਤਾ, ਅਖੰਡਤਾ ਤੇ ਮਨੁੱਖੀ ਭਾਈਚਾਰੇ ਨਾਲ ਸਬੰਧਤ ਵੱਖ-ਵੱਖ ਸਮਾਗਮ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤਾਂ ਦੇ ਸਮੇਂ ਵੀ ਸੰਸਥਾ ਵੱਲੋਂ ਲੋੜਵੰਦ ਤੇ ਬੇਘਰ ਲੋਕਾਂ ਦੀ ਮਦਦ ਕੀਤੀ ਜਾਂਦੀ ਰਹੀ ਹੈ।
ਸਾਲ 2021-22 ਦੌਰਾਨ ‘ਕਲਾ ਸੁਮਨ’ ਦਾ ਗੋਲਡਨ ਜੁਬਲੀ ਸਮਾਗਮ ਕੁੱਲੂ ਵਿਖੇ ਨਹਿਰੂ ਯੁਵਾ ਕੇਂਦਰ ਸੰਗਠਨ, ਹਿਮਾਚਲ ਭਾਸ਼ਾ, ਕਲਾ ਤੇ ਸੰਸਕ੍ਰਿਤੀ ਵਿਭਾਗ, ਐੱਨਜ਼ੈੱਡਸੀਸੀ ਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ। ਇਸ ਸਮਾਗਮ ਵਿਚ ਦੇਸ਼ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ ਸਨ। ਡਾ. ਪ੍ਰੇਮ ਸ਼ਰਮਾ ਦਾ ਧੰਨਵਾਦ ਕਰਦਿਆਂ ‘ਕਲਾ ਸੁਮਨ’ ਦੀ ਪ੍ਰਬੰਧ ਨਿਰਦੇਸ਼ਿਕਾ ਸੁਧਾ ਸਿੰਘ ਚੰਦੇਲ ਨੇ 14 ਸਤੰਬਰ ਨੂੰ ਹੋਣ ਵਾਲੇ ਹਿੰਦੀ ਦਿਵਸ ਸਮਾਰੋਹ ਵਿਚ ਸ਼ਾਮਲ ਹੋਣ ਲਈ ਮਹਿਮਾਨਾਂ ਨੂੰ ਸੱਦਾ ਦਿੱਤਾ। ਇਸ ਮੌਕੇ ਸਕੱਤਰ ਅਜੈ ਕੁਮਾਰ ਸਿੰਘ, ਵਿਦਿਆਰਥਣ ਖੁਸ਼ਦੀਪ ਕੌਰ, ਰਜਨੀ, ਬਾਲ ਕ੍ਰਿਸ਼ਨ ਸ਼ਰਮਾ, ਵਿਜੈ ਮਹਿਰਾ ਤੇ ਮੀਨੂ ਮਹਿਰਾ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਰਮੇਸ਼ ਸਿੰਘ ਚੰਦੇਲ ਵੱਲੋਂ ਡਾ. ਪ੍ਰੇਮ ਸ਼ਰਮਾ ਨੂੰ ‘ਵੰਦੇ ਮਾਤਰਮ ਸੰਸਕ੍ਰਿਤੀ ਐਵਾਰਡ-2026’ ਨਾਲ ਸਨਮਾਨਤ ਵੀ ਕੀਤਾ ਗਿਆ।