ਕੱਲ੍ਹ ਦੀ ਰੈਲੀ ਦੀਆਂ ਤਿਆਰੀਆਂ ਮੁਕੰਮਲ : ਔਲਖ 13 ਸਤੰਬਰ ਦੀ ਰੈਲੀ ਦੀਆਂ ਤਿਆਰੀਆਂ ਮੁਕੰਮਲ : ਕੁਲਦੀਪ ਸਿੰਘ ਔਲਖ
Publish Date: Fri, 11 Sep 2026 04:38 PM (IST)
Updated Date: Fri, 11 Sep 2026 04:40 PM (IST)
ਗੁਰਬਰਿੰਦਰ ਸਿੰਘ• ਪੰਜਾਬੀ ਜਾਗਰਣ ਸ੍ਰੀ ਗੋਇੰਦਵਾਲ ਸਾਹਿਬ : ਹਲਕਾ ਖਡੂਰ ਸਾਹਿਬ ਦੇ ਇਤਿਹਾਸਿਕ ਨਗਰ ਸ੍ਰੀ ਗੋਇੰਦਵਾਲ ਸਾਹਿਬ ਵਿਖੇ 13 ਸਤੰਬਰ ਨੂੰ ਹਲਕਾ ਇੰਚਾਰਜ ਬੀਬੀ ਰਮਨਦੀਪ ਕੌਰ ਸ਼ੇਰੋਂ ਤੇ ਅਵਤਾਰ ਸਿੰਘ ਬਿੱਲਾ ਦੀ ਅਗਵਾਈ ਹੇਠ ਹੋਣ ਵਾਲੀ ‘ਪੰਜਾਬ ਬਚਾਓ’ ਰੈਲੀ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ ਨੇ ਦੱਸਿਆ ਕਿ ਇਸ ਰੈਲੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਮੁੱਖ ਤੌਰ ’ਤੇ ਸੰਬੋਧਨ ਕਰਨਗੇ। ਔਲਖ ਨੇ ਕਿਹਾ ਕਿ ਰੈਲੀ ਨੂੰ ਸਫਲ ਬਣਾਉਣ ਲਈ ਪਾਰਟੀ ਆਗੂਆਂ, ਅਹੁਦੇਦਾਰਾਂ ਤੇ ਵਰਕਰਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਮੀਟਿੰਗਾਂ ਤੇ ਜਨ ਸੰਪਰਕ ਮੁਹਿੰਮ ਚਲਾਈ ਜਾ ਰਹੀ ਹੈ। ਵੱਖ-ਵੱਖ ਪੱਧਰਾਂ ’ਤੇ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ ਨੂੰ ਵਰਕਰਾਂ ਵੱਲੋਂ ਪੂਰੀ ਤਨਦੇਹੀ ਤੇ ਅਨੁਸ਼ਾਸਨ ਨਾਲ ਨਿਭਾਇਆ ਜਾ ਰਿਹਾ ਹੈ। ਔਲਖ ਨੇ ਕਿਹਾ ਕਿ ਰੈਲੀ ਨੂੰ ਲੈ ਕੇ ਪਾਰਟੀ ਵਰਕਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਪਿਛਲੇ ਦਿਨਾਂ ਦੌਰਾਨ ਹੋਈਆਂ ਮੀਟਿੰਗਾਂ ਵਿਚ ਵੱਡੀ ਗਿਣਤੀ ’ਚ ਵਰਕਰਾਂ ਦੀ ਸ਼ਮੂਲੀਅਤ ਰਹੀ ਹੈ ਤੇ ਕਈ ਮੀਟਿੰਗਾਂ ਵੱਡੇ ਇਕੱਠ ਦਾ ਰੂਪ ਧਾਰਦੀਆਂ ਨਜ਼ਰ ਆਈਆਂ। ਉਨ੍ਹਾਂ ਕਿਹਾ ਕਿ ਇਸ ਤੋਂ ਸਪੱਸ਼ਟ ਹੈ ਕਿ 13 ਸਤੰਬਰ ਦੀ ਰੈਲੀ ਪ੍ਰਤੀ ਵਰਕਰਾਂ ਵਿਚ ਖਾਸ ਉਤਸ਼ਾਹ ਹੈ। ਉਨ੍ਹਾਂ ਦੱਸਿਆ ਕਿ ਰੈਲੀ ਦੀ ਸਫ਼ਲਤਾ ਲਈ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਉਨ੍ਹਾਂ ਨੂੰ ਵਿਸ਼ੇਸ਼ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਵਰਕਰਾਂ ਵੱਲੋਂ ਪਿੰਡ-ਪਿੰਡ ਜਾ ਕੇ ਲੋਕਾਂ ਨਾਲ ਸੰਪਰਕ ਕਰਦਿਆਂ ਰੈਲੀ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਆਵਾਜਾਈ, ਸਵਾਗਤ, ਪਾਰਕਿੰਗ, ਬੈਠਣ ਤੇ ਹੋਰ ਲੋੜੀਂਦੇ ਪ੍ਰਬੰਧਾਂ ਨੂੰ ਵੀ ਮੁਕੰਮਲ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ’ਤੇ ਹੋਣ ਵਾਲੀ ਇਹ ਰੈਲੀ ਇਲਾਕੇ ਦਾ ਇਕ ਮਹੱਤਵਪੂਰਨ ਸਿਆਸੀ ਇਕੱਠ ਸਾਬਿਤ ਹੋਵੇਗੀ। ਆਗੂਆਂ ਵੱਲੋਂ ਤਿਆਰੀਆਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਤੇ ਹਰ ਵਰਕਰ ਆਪਣੀ ਜ਼ਿੰਮੇਵਾਰੀ ਪੂਰੀ ਗੰਭੀਰਤਾ ਨਾਲ ਨਿਭਾਅ ਰਿਹਾ ਹੈ। ਉਨ੍ਹਾਂ ਸਮੂਹ ਪਾਰਟੀ ਵਰਕਰਾਂ ਤੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿਚ ਸ੍ਰੀ ਗੋਇੰਦਵਾਲ ਸਾਹਿਬ ਪਹੁੰਚ ਕੇ ਰੈਲੀ ਨੂੰ ਸਫ਼ਲ ਬਣਾਉਣ।