ਪਿੰਡ ਸਭਰਾ ’ਚ ਟਰਾਂਸਫਾਰਮਰ ’ਤੇ ਚੜ੍ਹੇ ਨੌਜਵਾਨ ਨੂੰ ਲੱਗਾ ਕਰੰਟ, ਹਾਲਤ ਗੰਭੀਰ ਪਿੰਡ ਸਭਰਾ ’ਚ ਟਰਾਂਸਫਾਰਮਰ ’ਤੇ ਚੜ੍ਹੇ ਨੌਜਵਾਨ ਨੂੰ ਲੱਗਾ ਜ਼ਬਰਦਸਤ ਕਰੰਟ, ਹਾਲਤ ਗੰਭੀਰ
Publish Date: Tue, 08 Sep 2026 09:16 PM (IST)
Updated Date: Tue, 08 Sep 2026 09:19 PM (IST)
ਪਰਿਵਾਰ ਨੇ ਕਿਹਾ, ਸੂਚਨਾ ਦੇ ਬਾਵਜੂਦ ਬਿਜਲੀ ਸਪਲਾਈ ਨਹੀਂ ਕੀਤੀ ਬੰਦ ਸਤਨਾਮ ਸਿੰਘ ਚੀਮਾ, •ਪੰਜਾਬੀ ਜਾਗਰਣ ਘਰਿਅਲਾ : ਪਿੰਡ ਸਭਰਾ ਵਿਚ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਦੇ ਸਾਹਮਣੇ ਟਰਾਂਸਫਾਰਮਰ ਦੀ ਮੁਰੰਮਤ ਕਰਦਿਆਂ ਇਕ ਨੌਜਵਾਨ ਨੂੰ ਜ਼ਬਰਦਸਤ ਕਰੰਟ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਚੱਲਦਿਆਂ ਉਕਤ ਨੌਜਵਾਨ ਨੂੰ ਗੰਭੀਰ ਹਾਲਤ ਵਿਚ ਪੱਟੀ ਦੇ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ, ਜਿਥੋਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਉੱਧਰ ਇਸ ਹਾਦਸੇ ਨੇ ਬਿਜਲੀ ਵਿਭਾਗ ਦੀ ਕਾਰਜ ਪ੍ਰਣਾਲੀ ’ਤੇ ਇਕ ਵਾਰ ਮੁੜ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਕਿਉਂਕਿ ਕਰੀਬ ਛੇ ਮਹੀਨੇ ਪਹਿਲਾਂ ਵੀ ਬਿਜਲੀ ਦੀ ਸਪਲਾਈ ਚਾਲੂ ਹੋਣ ਦੌਰਾਨ ਟਰਾਂਸਫਾਰਮਰ ਦੀ ਮੁਰੰਮਤ ਕਰਦੇ ਸਮੇਂ ਨੌਜਵਾਨ ਦੀ ਮੌਤ ਹੋ ਗਈ ਸੀ ਤੇ ਮੰਗਲਵਾਰ ਨੂੰ ਮੁੜ ਉਸੇ ਤਰ੍ਹਾਂ ਦਾ ਹਾਦਸਾ ਵਾਪਰ ਗਿਆ। ਜ਼ਖਮੀ ਹੋਏ ਨੌਜਵਾਨ ਦੀ ਪਛਾਣ ਭਿੰਦਾ ਸਿੰਘ ਵਜੋਂ ਹੋਈ ਹੈ। ਜ਼ਖ਼ਮੀ ਭਿੰਦਾ ਦੇ ਭਰਾ ਬਲਵਿੰਦਰ ਸਿੰਘ ਨੇ ਆਪ੍ਰੇਟਰ ਗੁਰਜੰਟ ਸਿੰਘ ’ਤੇ ਦੋਸ਼ ਲਗਾਇਆ ਕਿ ਉਨ੍ਹਾਂ ਵੱਲੋਂ ਸੂਚਨਾ ਦੇਣ ਦੇ ਬਾਵਜੂਦ ਬਿਜਲੀ ਸਪਲਾਈ ਬੰਦ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਭਿੰਦਾ ਸਿੰਘ ਮਜ਼ਦੂਰੀ ਕਰ ਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ ਅਤੇ ਹੁਣ ਗੰਭੀਰ ਜ਼ਖ਼ਮੀ ਹੋਣ ਕਾਰਨ ਪਰਿਵਾਰ ਸਾਹਮਣੇ ਇਲਾਜ ਦਾ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ। ਪਰਿਵਾਰ ਨੇ ਇਲਾਜ ਲਈ ਮਦਦ ਅਤੇ ਕਥਿਤ ਲਾਪਰਵਾਹੀ ਕਰਨ ਵਾਲੇ ਮੁਲਾਜ਼ਮ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਬੰਧੀ ਐੱਸਡੀਓ ਰਾਜਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਮੁਲਾਜ਼ਮਾਂ ਵੱਲੋਂ ਘਟਨਾ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਐੱਸਐੱਸਸੀ ਪੱਟੀ ਜਗਦੀਪ ਸਿੰਘ ਨੇ ਕਿਹਾ ਕਿ ਜੇਕਰ ਕੋਈ ਮੁਲਾਜ਼ਮ ਡਿਊਟੀ ਵਿਚ ਕੁਤਾਹੀ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਉੱਧਰ ਆਪ੍ਰੇਟਰ ਗੁਰਜੰਟ ਸਿੰਘ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਬਿਜਲੀ ਬੰਦ ਕਰਵਾਉਣ ਲਈ ਉਸ ਨੂੰ ਮੈਸੇਜ ਕੀਤਾ ਗਿਆ ਸੀ ਅਤੇ ਟ੍ਰਿਪਿੰਗ ਦੌਰਾਨ ਇਹ ਹਾਦਸਾ ਵਾਪਰਿਆ ਹੈ।