ਭਿਆਨਕ ਸੜਕ ਹਾਦਸੇ ਨੇ ਪਲਾਂ ’ਚ ਬੁਝਾ ਦਿੱਤੇ ਤਿੰਨ ਘਰਾਂ ਦੇ ਚਿਰਾਗ ਭਿਆਨਕ ਸੜਕ ਹਾਦਸੇ ਨੇ ਪਲਾਂ ’ਚ ਬੁਝਾ ਦਿੱਤੇ ਤਿੰਨ ਘਰਾਂ ਦੇ ਚਿਰਾਗ
Publish Date: Tue, 08 Sep 2026 09:13 PM (IST)
Updated Date: Tue, 08 Sep 2026 09:16 PM (IST)
ਦੋ ਸਕੀਆਂ ਭੈਣਾਂ ਦੇ ਪੁੱਤਰਾਂ ਦੀ ਇਕੱਠਿਆਂ ਹੋਈ ਮੌਤ ਨੇ ਹਰ ਅੱਖ ਕੀਤੀ ਨਮ ਕੁਲਦੀਪ ਸਿੰਘ ਮਾਨ•, ਪੰਜਾਬੀ ਜਾਗਰਣ ਖਡੂਰ ਸਾਹਿਬ : ਤਰਨਤਾਰਨ ਜ਼ਿਲ੍ਹੇ ਦੇ ਖਡੂਰ ਸਾਹਿਬ ਤੋਂ ਖਲਚੀਆਂ ਨੂੰ ਜਾਂਦੇ ਮਾਰਗ ’ਤੇ ਸੋਮਵਾਰ ਦੇਰ ਰਾਤ ਵਾਪਰੇ ਭਿਆਨਕ ਸੜਕ ਹਾਦਸੇ ਨੇ ਤਿੰਨ ਪਰਿਵਾਰਾਂ ਦੀਆਂ ਖੁਸ਼ੀਆਂ ਪਲਾਂ ਵਿਚ ਮਾਤਮ ’ਚ ਬਦਲ ਦਿੱਤੀਆਂ। ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਮੌਤ ਹੋਣ ਨਾਲ ਜਿੱਥੇ ਤਿੰਨ ਘਰਾਂ ਦੇ ਚਿਰਾਗ ਬੁਝ ਗਏ, ਉੱਥੇ ਹੀ ਦੋ ਸਕੀਆਂ ਭੈਣਾਂ ਦੀਆਂ ਕੁੱਖਾਂ ਵੀ ਇੱਕੋ ਸਮੇਂ ਉੱਜੜ ਗਈਆਂ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਉੱਧਰ ਸ਼ਕਲੋਂ ਇੱਕੋ ਜਿਹੇ ਲੱਗਦੇ ਮਸੇਰੇ ਭਰਾਵਾਂ ਦੀਆਂ ਲਾਸ਼ਾਂ ਵੇਖ ਹਰ ਅੱਖ ਨਮ ਹੁੰਦੀ ਦਿਖਾਈ ਦਿੱਤੀ। ਤਿੰਨਾਂ ਨੌਜਵਾਨਾਂ ਦਾ ਉਨ੍ਹਾਂ ਦੇ ਪਿੰਡਾਂ ਵਿਚ ਮੰਗਲਵਾਰ ਨੂੰ ਗਮਗੀਨ ਮਾਹੌਲ ਵਿਚ ਅੰਤਮ ਸੰਸਕਾਰ ਕਰ ਦਿੱਤਾ ਗਿਆ। ਦੱਸ ਦਈਏ ਕਿ ਹਾਦਸੇ ਵਿਚ ਜਾਨ ਗੁਆਉਣ ਵਾਲੇ ਅਜੈਪਾਲ ਸਿੰਘ ਅਤੇ ਸੁਖਜੀਤ ਸਿੰਘ ਆਪਸ ਵਿਚ ਮਸੇਰੇ ਭਰਾ ਸਨ। ਦੋਵੇਂ ਨੌਜਵਾਨ ਦੋ ਸਕੀਆਂ ਭੈਣਾਂ ਦੇ ਪੁੱਤਰ ਸਨ। ਪਰਿਵਾਰਕ ਤੌਰ ’ਤੇ ਇਕ-ਦੂਜੇ ਦੇ ਬੇਹੱਦ ਕਰੀਬ ਰਹਿਣ ਵਾਲੇ ਇਨ੍ਹਾਂ ਦੋਵਾਂ ਨੌਜਵਾਨਾਂ ਦੀ ਇੱਕੋ ਸਮੇਂ ਹੋਈ ਮੌਤ ਨੇ ਪਰਿਵਾਰਾਂ ਨੂੰ ਗਹਿਰੇ ਸਦਮੇ ਵਿਚ ਪਾ ਦਿੱਤਾ। ਦੋਵਾਂ ਦੀਆਂ ਲਾਸ਼ਾਂ ਜਦੋਂ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਸਾਹਮਣੇ ਪਹੁੰਚੀਆਂ ਤਾਂ ਗਮਗੀਨ ਮਾਹੌਲ ਵਿਚ ਹਰ ਅੱਖ ਨਮ ਹੋ ਗਈ। ਹਰ ਕੋਈ ਉਸ ਘੜੀ ਨੂੰ ਕੋਸ ਰਿਹਾ ਸੀ, ਜਦੋਂ ਇਹ ਦੋਵੇਂ ਭਰਾ ਕਾਰ ਵਿਚ ਕਿਸੇ ਕੰਮ ਲਈ ਘਰੋਂ ਜਲੰਧਰ ਗਏ ਅਤੇ ਵਾਪਸੀ ’ਤੇ ਦੋਵਾਂ ਦੀ ਇਸ ਦਰਦਨਾਕ ਹਾਦਸੇ ’ਚ ਮੌਤ ਹੋ ਗਈ। ਹਾਦਸੇ ਵਿਚ ਦੂਜੀ ਕਾਰ ’ਚ ਸਵਾਰ ਨੌਜਵਾਨ ਸੰਦੀਪ ਸਿੰਘ ਦੀ ਵੀ ਮੌਤ ਹੋ ਗਈ। ਮਹਿਜ਼ 24 ਸਾਲ ਦੀ ਉਮਰ ਵਿਚ ਸੰਦੀਪ ਸਿੰਘ ਦਾ ਇਸ ਤਰ੍ਹਾਂ ਦੁਨੀਆ ਤੋਂ ਚਲੇ ਜਾਣਾ ਪਰਿਵਾਰ ਲਈ ਕਿਸੇ ਵੱਡੇ ਸਦਮੇ ਤੋਂ ਘੱਟ ਨਹੀਂ। ਦੱਸਿਆ ਜਾ ਰਿਹਾ ਹੈ ਕਿ ਸੰਦੀਪ ਦਾ ਵਿਆਹ ਤਾਂ ਹੋਇਆ ਸੀ ਪਰ ਅਜੇ ਉਸ ਦੀ ਕੋਈ ਔਲਾਦ ਨਹੀਂ ਹੈ। ਪਤੀ ਦੀ ਲਾਸ਼ ਦੇਖ ਕੇ ਉਸ ਦੀ ਪਤਨੀ ਵਾਰ-ਵਾਰ ਬੇਹੋਸ਼ ਹੋ ਰਹੀ ਸੀ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ ਅਤੇ ਘਰ ਵਿਚ ਮੌਜੂਦ ਹਰ ਵਿਅਕਤੀ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ। ਇਸ ਦਰਦਨਾਕ ਹਾਦਸੇ ਨੇ ਇਕੱਠਿਆਂ ਤਿੰਨ ਪਰਿਵਾਰਾਂ ਨੂੰ ਅਜਿਹਾ ਜ਼ਖ਼ਮ ਦੇ ਦਿੱਤਾ, ਜਿਸ ਨੂੰ ਭਰਨਾ ਸ਼ਾਇਦ ਕਦੇ ਸੰਭਵ ਨਾ ਹੋਵੇ। ਜਿਨ੍ਹਾਂ ਘਰਾਂ ਵਿਚ ਕੁਝ ਸਮਾਂ ਪਹਿਲਾਂ ਤਕ ਨੌਜਵਾਨ ਪੁੱਤਰਾਂ ਦੀਆਂ ਖੁਸ਼ੀਆਂ ਅਤੇ ਭਵਿੱਖ ਦੇ ਸੁਪਨੇ ਸਨ, ਉੱਥੇ ਹੁਣ ਸਿਰਫ਼ ਵਿਰਲਾਪ ਅਤੇ ਸੋਗ ਦਾ ਮਾਹੌਲ ਹੈ। ਹਾਦਸੇ ਦੀ ਖ਼ਬਰ ਸੁਣ ਕੇ ਰਿਸ਼ਤੇਦਾਰਾਂ, ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ। ਇੱਕੋ ਹਾਦਸੇ ਵਿਚ ਤਿੰਨ ਨੌਜਵਾਨ ਜ਼ਿੰਦਗੀਆਂ ਦਾ ਖ਼ਤਮ ਹੋ ਜਾਣਾ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦਰਦਨਾਕ ਘਟਨਾ ਨੇ ਇਕ ਵਾਰ ਫਿਰ ਸੜਕੀ ਅੱਤਵਾਦ ਦੀ ਭੇਟ ਚੜ੍ਹ ਰਹੀਆਂ ਜ਼ਿੰਦਗੀਆਂ ਵੱਲ ਧਿਆਨ ਦਿਵਾਇਆ ਹੈ।