- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੈਲਰਾਂ ਵਿਚ ਪਈ ਸਰਕਾਰੀ ਕਣਕ ਦੀ ਡਿਲੀਵਰੀ ਨਾ ਹੋਣ ਕਾਰਨ ਰਾਈਸ ਮਿਲਰਜ਼ ਨੇ ਪ੍ਰਗਟਾਈ ਚਿੰਤਾ

ਸਰਕਾਰੀ ਕਣਕ ਦੀ ਡਿਲੀਵਰੀ ਨਾ ਹੋਣ ਕਾਰਨ ਰਾਈਸ ਮਿਲਰਜ਼ ਨੇ ਪ੍ਰਗਟਾਈ ਚਿੰਤਾ
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਜ਼ਿਲ੍ਹਾ ਤਰਨਤਾਰਨ ਰਾਈਸ ਮਿਲਰਜ਼ ਐਸੋਸੀਏਸ਼ਨ ਵੱਲੋਂ ਸ਼ੈਲਰਾਂ ਵਿਚ ਪਈ ਸਰਕਾਰੀ ਕਣਕ ਦੀ ਡਿਲੀਵਰੀ ਨਾ ਹੋਣ ਕਾਰਨ ਪੈਦਾ ਹੋ ਰਹੀ ਸਮੱਸਿਆ ਸਬੰਧੀ ਡਿਪਟੀ ਕਮਿਸ਼ਨਰ ਰਾਹੁਲ ਨੂੰ ਮੰਗ ਪੱਤਰ ਸੌਂਪ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਐਸੋਸੀਏਸ਼ਨ ਦੇ ਪ੍ਰਧਾਨ ਅਵਤਾਰ ਸਿੰਘ ਤਨੇਜਾ ਦੀ ਅਗਵਾਈ ਵਾਲੇ ਵਫ਼ਦ ਵਲੋਂ ਦਿੱਤੇ ਮੰਗ ਪੱਤਰ ਵਿਚ ਸ਼ੈਲਰ ਮਾਲਕਾਂ ਨੂੰ ਦਰਪੇਸ਼ ਮੁਸ਼ਕਲਾਂ ਵੱਲ ਪ੍ਰਸ਼ਾਸਨ ਦਾ ਧਿਆਨ ਦਿਵਾਇਆ ਗਿਆ।
ਮੰਗ ਪੱਤਰ ਵਿਚ ਐਸੋਸੀਏਸ਼ਨ ਦੇ ਆਗੂਆਂ ਨੇ ਦੱਸਿਆ ਕਿ ਸਰਕਾਰੀ ਏਜੰਸੀਆਂ ਵੱਲੋਂ ਖਰੀਦੇ ਅਨਾਜ ਨੂੰ ਸ਼ੈਲਰਾਂ ਵਿਚ ਸਟੋਰ ਕੀਤਾ ਗਿਆ ਹੈ ਪਰ ਇਸ ਦੀ ਸਮੇਂ ਸਿਰ ਡਿਲੀਵਰੀ ਨਾ ਹੋਣ ਕਾਰਨ ਸੈਲਰ ਮਾਲਕਾਂ ਨੂੰ ਆਪਣਾ ਕੰਮ ਚਲਾਉਣ ਵਿਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਸਰਕਾਰੀ ਅਨਾਜ ਦੀ ਡਿਲੀਵਰੀ ਸਬੰਧੀ ਜੋ ਪ੍ਰਬੰਧ ਕੀਤੇ ਜਾਂਦੇ ਰਹੇ ਹਨ, ਉਨ੍ਹਾਂ ਦੇ ਮੁਕਾਬਲੇ ਮੌਜੂਦਾ ਸਥਿਤੀ ਵਿਚ ਕਾਫ਼ੀ ਦੇਰੀ ਹੋ ਰਹੀ ਹੈ।
ਐਸੋਸੀਏਸ਼ਨ ਨੇ ਮੰਗ ਕੀਤੀ ਕਿ ਸ਼ੈਲਰਾਂ ਵਿਚ ਪਿਆ ਸਰਕਾਰੀ ਅਨਾਜ ਜਲਦ ਤੋਂ ਜਲਦ ਚੁਕਵਾਇਆ ਜਾਵੇ ਤਾਂ ਜੋ ਸ਼ੈਲਰਾਂ ਵਿਚ ਜਗ੍ਹਾ ਖਾਲੀ ਹੋ ਸਕੇ ਅਤੇ ਆਉਣ ਵਾਲੇ ਸੀਜ਼ਨ ਦੌਰਾਨ ਨਵਾਂ ਝੋਨਾ ਸਟੋਰ ਕਰਨ ਵਿਚ ਕਿਸੇ ਕਿਸਮ ਦੀ ਸਮੱਸਿਆ ਪੈਦਾ ਨਾ ਹੋਵੇ। ਆਗੂਆਂ ਨੇ ਕਿਹਾ ਕਿ ਜੇਕਰ ਸਮੇਂ ਸਿਰ ਅਨਾਜ ਦੀ ਡਿਲੀਵਰੀ ਨਾ ਹੋਈ ਤਾਂ ਆਉਣ ਵਾਲੇ ਝੋਨੇ ਦੇ ਸੀਜ਼ਨ ਵਿਚ ਸਟੋਰੇਜ਼ ਦੀ ਸਮੱਸਿਆ ਹੋਰ ਗੰਭੀਰ ਹੋ ਸਕਦੀ ਹੈ।
ਐਸੋਸੀਏਸ਼ਨ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੈਲਰ ਮਾਲਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਦਿਆਂ ਸਰਕਾਰੀ ਅਨਾਜ ਦੀ ਡਿਲੀਵਰੀ ਦਾ ਕੰਮ ਤੇਜ਼ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਸੈਲਰ ਉਦਯੋਗ ਨਾਲ ਸਿੱਧੇ ਤੌਰ ’ਤੇ ਜੁੜੇ ਹਜ਼ਾਰਾਂ ਲੋਕਾਂ ਦੇ ਰੋਜ਼ਗਾਰ ਅਤੇ ਕਾਰੋਬਾਰ ਨੂੰ ਧਿਆਨ ਵਿਚ ਰੱਖਦਿਆਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਮਾਮਲੇ ਵਿਚ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ। ਇਸ ਮੌਕੇ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਨਵੀਨ ਗੁਪਤਾ, ਵੈਸ਼ਨੋ ਦਾਸ ਅਗਰਵਾਲ, ਕੰਨਵ ਗੁਪਤਾ, ਰਾਜੀਵ ਗੁਪਤਾ, ਰਾਜੇਸ਼ ਖੰਨਾ, ਜੈਦੀਪ ਸਿੰਘ ਤਨੇਜਾ ਆਦਿ ਵੀ ਵਫ਼ਦ ਵਿਚ ਸ਼ਾਮਲ ਸਨ।