ਖੇਡਾਂ ਲਈ 1790 ਕਰੋੜ ਦਾ ਬਜਟ ਪਰ ਖਿਡਾਉਣ ਲਈ ਸਕੂਲਾਂ ‘ਚ ਡੀਪੀ ਪੂਰੇ ਨਹੀਂ ਖੇਡਾਂ ਲਈ 1790 ਕਰੋੜ ਦਾ ਬਜਟ, ਪਰ ਖਿਡਾਉਣ ਲਈ ਸਕੂਲਾਂ ‘ਚ ਡੀਪੀ ਪੂਰੇ ਨਹੀਂ
Publish Date: Tue, 08 Sep 2026 07:13 PM (IST)
Updated Date: Tue, 08 Sep 2026 07:16 PM (IST)
ਇਤਿਹਾਸਿਕ ਪਿੰਡ ਸਭਰਾ ਦੇ ਸਰਕਾਰੀ ਸਕੂਲ ’ਚ ਪੰਜ ਸਾਲਾਂ ਤੋਂ ਡੀਪੀ ਦੀ ਅਸਾਮੀ ਖਾਲੀ ਸਟੇਟ ਪੱਧਰ ਤਕ ਪਹੁੰਚੇ ਬੱਚਿਆਂ ਨੂੰ ਵੀ ਨਹੀਂ ਮਿਲਿਆ ਸਹੀ ਰਾਹ-ਦਸੇਰਾ ਕਿਰਪਾਲ ਸਿੰਘ ਰੰਧਾਵਾ•, ਪੰਜਾਬੀ ਜਾਗਰਣ ਹਰੀਕੇ ਪੱਤਣ : ਇਕ ਪਾਸੇ ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਵਿਕਾਸ, ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਕਰੋੜਾਂ ਰੁਪਏ ਖਰਚ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਜਦਕਿ ਦੂਜੇ ਪਾਸੇ ਤਰਨਤਾਰਨ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਸਭਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਪਿਛਲੇ ਪੰਜ ਸਾਲਾਂ ਤੋਂ ਡੀਪੀ ਦੀ ਅਸਾਮੀ ਖਾਲੀ ਪਈ ਹੈ। ਖੇਡਾਂ ਲਈ 1790 ਕਰੋੜ ਰੁਪਏ ਦੇ ਬਜਟ ਦੀਆਂ ਗੱਲਾਂ ਕਰਨ ਵਾਲੀ ਸਰਕਾਰ ਦੇ ਪ੍ਰਬੰਧਾਂ ਦੀ ਅਸਲ ਤਸਵੀਰ ਇਸ ਸਕੂਲ ਦੀ ਹਾਲਤ ਤੋਂ ਸਾਹਮਣੇ ਆ ਰਹੀ ਹੈ। ਸਭਰਾ ਸਕੂਲ ਦੇ ਕਈ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿਚ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕਰਦਿਆਂ ਜ਼ੋਨ ਤੇ ਜ਼ਿਲ੍ਹੇ ਤੋਂ ਬਾਅਦ ਸਟੇਟ ਪੱਧਰ ਤਕ ਪਹੁੰਚ ਹਾਸਲ ਕੀਤੀ ਹੈ। ਪਰ ਸਕੂਲ ਵਿਚ ਸਥਾਈ ਡੀਪੀ ਨਾ ਹੋਣ ਕਾਰਨ ਇਨ੍ਹਾਂ ਹੋਣਹਾਰ ਖਿਡਾਰੀਆਂ ਨੂੰ ਨਿਯਮਤ ਕੋਚਿੰਗ, ਸਹੀ ਤਕਨੀਕੀ ਜਾਣਕਾਰੀ ਅਤੇ ਅਗਲੇ ਪੱਧਰ ਤਕ ਪਹੁੰਚਣ ਲਈ ਲੋੜੀਂਦਾ ਰਾਹ-ਦਸੇਰਾ ਨਹੀਂ ਮਿਲ ਰਿਹਾ। ਨਤੀਜੇ ਵਜੋਂ ਕਈ ਪ੍ਰਤਿਭਾਸ਼ਾਲੀ ਬੱਚਿਆਂ ਦਾ ਖੇਡ ਕੈਰੀਅਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੁਕਣ ਦਾ ਖ਼ਤਰਾ ਬਣਿਆ ਹੋਇਆ ਹੈ। ਦੱਸਣਯੋਗ ਹੈ ਕਿ ਪਿੰਡ ਸਭਰਾ ਦੇ ਸਕੂਲ ਵਿਚ 550 ਤੋਂ ਵੱਧ ਲੜਕੇ-ਲੜਕੀਆਂ ਕਿਤਾਬੀ ਗਿਆਨ ਹਾਸਲ ਕਰਨ ਆਉਂਦੇ ਹਨ, ਜਿਨ੍ਹਾਂ ਵਿੱਚੋਂ ਬਹੁ-ਗਿਣਤੀ ਬੱਚੇ ਖੇਡਾਂ ਰਾਹੀ ਨਾਮਣਾ ਖੱਟਣ ਦੇ ਸਮੱਰਥ ਹਨ। ਪਰ ਅਫਸੋਸ ਕਿ ਆਰਥਿਕ ਅਤੇ ਸਰਕਾਰੀ ਇਮਦਾਦ ਦੇ ਨਾਲ ਸਕੂਲ ਅੰਦਰ ਡੀਪੀ ਨਾ ਹੋਣਾ ਵੀ ਰੌਸ਼ਨ ਭਵਿੱਖ ਵਿਚ ਅੜਿੱਕਾ ਸਿੱਧ ਹੋ ਰਿਹਾ ਹੈ। ਇਸ ਸਬੰਧੀ ਸਕੂਲ ਮੁਖੀ ਸੁਰਿੰਦਰਜੀਤ ਸਿੰਘ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਨੇ ਦੱਸਿਆ ਕਿ ਡੀਪੀ ਦੀ ਘਾਟ ਸਬੰਧੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਦੱਸਿਆ ਜਾ ਚੁੱਕਾ ਹੈ ਤੇ ਉਨ੍ਹਾਂ ਇਹ ਆਸਾਮੀ ਜਲਦੀ ਭਰਨ ਦਾ ਭਰੋਸਾ ਵੀ ਦਿਵਾਇਆ। ਸਕੂਲ ਪੱਧਰ ’ਤੇ ਖੇਡ ਅਧਿਆਪਕਾਂ ਦੀ ਕਮੀ ਦੂਰ ਕਰੇ ਸਰਕਾਰ : ਬੱਗਾ ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਅਤੇ ਉੱਘੇ ਖੇਡ ਪ੍ਰੇਮੀ ਪਹਿਲਵਾਨ ਜਤਿੰਦਰ ਸਿੰਘ ਬੱਗਾ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਤੋਂ ਬਚਾਉਣ ਲਈ ਖੇਡਾਂ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਸੱਚਮੁੱਚ ਪੰਜਾਬ ਨੂੰ ਖੇਡਾਂ ਦਾ ਗੜ੍ਹ ਬਣਾਉਣਾ ਚਾਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਸਕੂਲ ਪੱਧਰ ’ਤੇ ਖੇਡ ਅਧਿਆਪਕਾਂ ਦੀ ਘਾਟ ਨੂੰ ਦੂਰ ਕਰਨਾ ਹੋਵੇਗਾ। ਸਭਰਾ ਵਾਸੀਆਂ ਅਤੇ ਖੇਡ ਪ੍ਰੇਮੀਆਂ ਨੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਹੈ ਕਿ ਸਭਰਾ ਦੇ ਸਕੂਲ ਵਿਚ ਤੁਰੰਤ ਡੀਪੀ ਦੀ ਅਸਾਮੀ ਭਰੀ ਜਾਵੇ ਤਾਂ ਜੋ ਪਿੰਡ ਦੀ ਹੋਣਹਾਰ ਪੀੜ੍ਹੀ ਨੂੰ ਆਪਣੀ ਪ੍ਰਤਿਭਾ ਨਿਖਾਰਨ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਦਾ ਮੌਕਾ ਮਿਲ ਸਕੇ। ਤਰੱਕੀਆਂ ਤੋਂ ਬਾਅਦ ਭਰ ਦਿੱਤੀਆਂ ਜਾਣਗੀਆਂ ਅਸਾਮੀਆਂ : ਡੀਈਓ ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਜੀਵ ਕੁਮਾਰ ਛਾਬੜਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਮੇਰੇ ਧਿਆਨ ਵਿਚ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸੂਬਾ ਪੱਧਰ ਤਕ ਬਹੁਤ ਜ਼ਿਆਦਾ ਤਰੱਕੀਆਂ ਹੋ ਰਹੀਆਂ ਹਨ ਤੇ ਇਕੱਲੇ ਤਰਨਤਾਰਨ ਜ਼ਿਲ੍ਹੇ ਤੋਂ ਹੀ 300 ਤੋਂ ਵੱਧ ਕੇਸ ਤਰੱਕੀ ਦੇ ਬਣਾ ਕੇ ਭੇਜੇ ਜਾ ਚੁੱਕੇ ਹਨ, ਜਿਨ੍ਹਾਂ ਦੀ ਤਰੱਕੀ ਤੋਂ ਬਾਅਦ ਸਕੂਲਾਂ ਵਿਚ ਖਾਲੀ ਅਸਾਮੀਆਂ ਭਰ ਦਿੱਤੀਆਂ ਜਾਣਗੀਆਂ।