ਸ਼ੇਰੋਂ ਖੰਡ ਮਿੱਲ ਮੋਰਚੇ ਦੇ 111ਵੇਂ ਦਿਨ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਸ਼ੇਰੋਂ ਖੰਡ ਮਿੱਲ ਮੋਰਚੇ ਦੇ 111ਵੇਂ ਦਿਨ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ
Publish Date: Tue, 08 Sep 2026 07:04 PM (IST)
Updated Date: Tue, 08 Sep 2026 07:07 PM (IST)
ਮਾਨ ਸਰਕਾਰ ਵਾਅਦੇ ਮੁਤਾਬਕ ਖੰਡ ਮਿੱਲ ਚਾਲੂ ਕਰੇ : ਐੱਸਕੇਐੱਮ ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਸ਼ੇਰੋਂ ਖੰਡ ਮਿੱਲ ਮੋਰਚੇ ਦੇ 111ਵੇਂ ਦਿਨ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਤਨ ਸਿੰਘ ਢੰਡ, ਤਰਸੇਮ ਸਿੰਘ ਲੁਹਾਰ, ਮਨਜੀਤ ਸਿੰਘ ਬੱਗੂ, ਰਾਜਗੋਬਿੰਦ ਸਿੰਘ ਜਮਾਲਪੁਰ ਅਤੇ ਜਸਬੀਰ ਸਿੰਘ ਨਿੱਝਰ ਆਦਿ ਨੇ ਕਿਹਾ ਕਿ ਸ਼ੇਰੋਂ ਖੰਡ ਮਿੱਲ ਨੂੰ ਮੁੜ ਚਾਲੂ ਕਰਨ ਦੇ ਮਾਮਲੇ ਵਿਚ ਕੀਤੇ ਵਾਅਦੇ ਤੋਂ ਪੰਜਾਬ ਦੀ ਮਾਨ ਸਰਕਾਰ ਮੁੱਕਰ ਗਈ ਹੈ। ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਕਹਿਣੀ ਤੇ ਕਥਨੀ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ। ਉਨ੍ਹਾਂ ਦੋਸ਼ ਲਗਾਇਆ ਕਿ ‘ਆਪ’ ਸਰਕਾਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਬਸੰਤੀ ਪੱਗ ਬੰਨ੍ਹ ਕੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ, ਜਦਕਿ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਆਮ ਆਦਮੀ ਪਾਰਟੀ ਦਾ ਦੂਰ ਦਾ ਵੀ ਵਾਸਤਾ ਨਹੀਂ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਮਾਨ ਸਰਕਾਰ ਰਵਾਇਤੀ ਪਾਰਟੀਆਂ ਤੋਂ ਵੀ ਦੋ ਕਦਮ ਅੱਗੇ ਵਧ ਕੇ ਲੋਕ ਵਿਰੋਧੀ ਨੀਤੀਆਂ ਲਾਗੂ ਕਰਨ ਦੇ ਨਾਲ-ਨਾਲ ਸੂਬੇ ਨੂੰ ਕਰਜ਼ੇ ਦੇ ਮੱਕੜਜਾਲ ਵਿਚ ਫਸਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ੇਰੋਂ ਖੰਡ ਮਿੱਲ ਦੇ ਬੰਦ ਹੋਣ ਕਾਰਨ ਇਲਾਕੇ ਦੇ ਕਿਸਾਨਾਂ ਅਤੇ ਇਸ ਨਾਲ ਜੁੜੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਕਿਸਾਨ ਆਗੂ ਗੁਰਪ੍ਰੀਤ ਸਿੰਘ ਗੰਡੀਵਿੰਡ, ਜੱਸਾ ਸਿੰਘ ਕੱਦਗਿੱਲ, ਗੁਰਚਰਨ ਸਿੰਘ ਸਭਰਾ, ਸਰਬਜੀਤ ਸਿੰਘ, ਬਲਵਿੰਦਰ ਸਿੰਘ ਮੁੰਡਾਪਿੰਡ, ਕਾਰਜ ਸਿੰਘ ਕੈਰੋਂ, ਅੰਮ੍ਰਿਤਪਾਲ ਸਿੰਘ ਬਾਕੀਪੁਰ, ਅਗਰੇਜ਼ ਸਿੰਘ, ਅਮਰਜੀਤ ਸਿੰਘ ਚੱਕ ਮਹਿਰ, ਸੂਬੇਦਾਰ ਜਸਪਾਲ ਸਿੰਘ, ਬਲਕਾਰ ਸਿੰਘ ਕੋਟ, ਹਰਭਜਨ ਸਿੰਘ ਚੂਸਲੇਵੜ੍ਹ, ਪ੍ਰਿੰਸੀਪਲ ਦਲਬੀਰ ਸਿੰਘ ਦਿਓਲ, ਮੰਗਲ ਸਿੰਘ ਮੁਗਲ ਚੱਕ, ਬਾਬਾ ਮਹਿੰਦਰ ਸਿੰਘ ਵੇਂਈਪੂੰਈ, ਗੁਰਮੇਜ਼ ਸਿੰਘ ਗੋਰਖਾ ਅਤੇ ਅਜਮੇਰ ਸਿੰਘ ਕੱਲਾ ਆਦਿ ਹਾਜ਼ਰ ਸਨ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸ਼ੇਰੋਂ ਖੰਡ ਮਿੱਲ ਨੂੰ ਤੁਰੰਤ ਚਾਲੂ ਕੀਤਾ ਜਾਵੇ ਅਤੇ ਇਸ ਸਬੰਧੀ ਕਿਸਾਨਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕੀਤਾ ਜਾਵੇ।