ਕਾਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ, ਦੋ ਸਕੇ ਭਰਾ ਗੰਭੀਰ ਜ਼ਖ਼ਮੀ ਕਾਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ, ਦੋ ਸਕੇ ਭਰਾ ਗੰਭੀਰ ਜ਼ਖ਼ਮੀ
Publish Date: Sun, 06 Sep 2026 07:29 PM (IST)
Updated Date: Sun, 06 Sep 2026 07:31 PM (IST)
ਨਰਿੰਦਰ ਸਿੰਘ ਦੋਦੇ, •ਪੰਜਾਬੀ ਜਾਗਰਣ ਸਰਾਏ ਅਮਾਨਤ ਖਾਂ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਦੋਦੇ ਨਜ਼ਦੀਕ ਕਾਰ ਤੇ ਮੋਟਰਸਾਈਕਲ ਦਰਮਿਆਨ ਹੋਈ ਭਿਆਨਕ ਟੱਕਰ ਵਿਚ ਬਾਈਕ ਸਵਾਰ ਦੋ ਸਕੇ ਭਰਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਮੌਕੇ ’ਤੇ ਮੌਜੂਦ ਰਾਹਗੀਰਾਂ ਨੇ ਦੋਵਾਂ ਜ਼ਖ਼ਮੀਆਂ ਨੂੰ ਤੁਰੰਤ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ। ਉੱਧਰ ਘਟਨਾ ਸਥਾਨ ’ਤੇ ਪੁੱਜੀ ਥਾਣਾ ਝਬਾਲ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਮੋਟਰਸਾਈਕਲ ਸਵਾਰਾਂ ਦੇ ਨਜ਼ਦੀਕੀ ਰਿਸ਼ਤੇਦਾਰ ਸ਼ੁਭਕਰਨ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਸਰਾਏ ਅਮਾਨਤ ਖਾਂ ਨੇ ਦੱਸਿਆ ਕਿ ਪਿੰਡ ਬੁਰਜ-169 ਦੇ ਨੰਬਰਦਾਰ ਜਤਿੰਦਰ ਸਿੰਘ ਦੀ ਕੋਠੀ ਵਿਚ ਰੰਗ-ਰੋਗਨ ਦਾ ਕੰਮ ਕਰਨ ਉਪਰੰਤ ਉਸ ਦੇ ਸਾਲੇ ਗੁਰਸਾਹਿਬ ਸਿੰਘ (34) ਅਤੇ ਨਿਸ਼ਾਨ ਸਿੰਘ (32) ਵਾਸੀ ਨੌਸ਼ਹਿਰਾ ਪਨੂੰਆਂ ਆਪਣੇ ਹੀਰੋ ਡੀਲਕਸ ਮੋਟਰਸਾਈਕਲ ’ਤੇ ਵਾਪਸ ਆਪਣੇ ਪਿੰਡ ਨੂੰ ਜਾ ਰਹੇ ਸੀ। ਉਨ੍ਹਾਂ ਦੱਸਿਆ ਕਿ ਜਦੋਂ ਦੋਵੇਂ ਭਰਾ ਪਿੰਡ ਦੋਦੇ ਦੇ ਨਜ਼ਦੀਕ ਪਹੁੰਚੇ ਤਾਂ ਝਬਾਲ ਵਾਲੇ ਪਾਸੇ ਤੋਂ ਆ ਰਹੀ ਚਿੱਟੇ ਰੰਗ ਦੀ ਤੇਜ਼ ਰਫ਼ਤਾਰ ਆਈ-20 ਕਾਰ ਨੰਬਰ ਪੀਬੀ02 ਈਏ 5121 ਨੇ ਮੋਟਰਸਾਈਕਲ ਨੂੰ ਸਿੱਧੀ ਟੱਕਰ ਮਾਰ ਦਿੱਤੀ। ਹਾਦਸੇ ਵਿਚ ਦੋਵੇਂ ਭਰਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਦੋਂਕਿ ਮੋਟਰਸਾਈਕਲ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਟੱਕਰ ਮਾਰਨ ਤੋਂ ਬਾਅਦ ਕਾਰ ਸਵਾਰ ਮੌਕੇ ਤੋਂ ਕਾਰ ਭਜਾ ਕੇ ਲੈ ਗਏ। ਹਾਲਾਂਕਿ ਕੁਝ ਦੂਰੀ ’ਤੇ ਕਾਰ ਦਾ ਟਾਇਰ ਫਟ ਜਾਣ ਕਾਰਨ ਰਾਹਗੀਰਾਂ ਨੇ ਕਾਰ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਇਸ ਤੋਂ ਬਾਅਦ ਜ਼ਖ਼ਮੀਆਂ ਨੂੰ ਤੁਰੰਤ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਝਬਾਲ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਹਾਦਸਾਗ੍ਰਸਤ ਕਾਰ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਮਾਮਲੇ ਦੀ ਅਗਲੇਰੀ ਜਾਂਚ ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।