ਸ਼ੱਕੀ ਟਿਕਾਣਿਆਂ ’ਤੇ ਪੁਲਿਸ ਦੀ ਅਚਾਨਕ ਦਸਤਕ ਆਪ੍ਰੇਸ਼ਨ ਪ੍ਰਹਾਰ ਦਾ ਹਰੀਕੇ ’ਚ ਵੱਡਾ ਵਾਰ, ਸ਼ੱਕੀ ਟਿਕਾਣਿਆਂ ’ਤੇ ਪੁਲਿਸ ਦੀ ਅਚਾਨਕ ਦਸਤਕ
Publish Date: Sun, 06 Sep 2026 04:59 PM (IST)
Updated Date: Sun, 06 Sep 2026 05:01 PM (IST)
ਆਪ੍ਰੇਸ਼ਨ ਪ੍ਰਹਾਰ ਦਾ ਹਰੀਕੇ ’ਚ ਵੱਡਾ ਵਾਰ ਗੈਗਸਟਰਾਂ ਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ ਮੁਹਿੰਮ ਰਹੇਗੀ ਜਾਰੀ ਸ਼ੱਕੀਆਂ ਦੀ ਹਰ ਗਤੀਵਿਧੀ ਪੁਲਿਸ ਦੇ ਰਡਾਰ ’ਤੇ : ਇੰਸਪੈਕਟਰ ਗਿੱਲ ਕਿਰਪਾਲ ਸਿੰਘ ਰੰਧਾਵਾ•, ਪੰਜਾਬੀ ਜਾਗਰਣ ਹਰੀਕੇ ਪੱਤਣ : ਜ਼ਿਲ੍ਹਾ ਪੁਲਿਸ ਮੁਖੀ ਸੁਰੇਂਦਰ ਲਾਂਬਾ ਦੀ ਅਗਵਾਈ ਹੇਠ ਹਰੀਕੇ ਪੁਲਿਸ ਨੇ ਆਪ੍ਰੇਸ਼ਨ ਪ੍ਰਹਾਰ ਤਹਿਤ ਵੱਡੀ ਕਾਰਵਾਈ ਕਰਦਿਆਂ ਇਲਾਕੇ ਦੇ ਦਰਜਨ ਦੇ ਕਰੀਬ ਸ਼ੱਕੀ ਘਰਾਂ ਅਤੇ ਟਿਕਾਣਿਆਂ ’ਤੇ ਦਸਤਕ ਦਿੱਤੀ। ਇਸ ਦੌਰਾਨ ਪੁਲਿਸ ਟੀਮ ਨੇ ਸ਼ੱਕੀ ਵਿਅਕਤੀਆਂ ਦੇ ਨੇੜੇ ਰਹਿੰਦੇ ਲੋਕਾਂ ਨਾਲ ਵੀ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਗਤੀਵਿਧੀਆਂ ਸਬੰਧੀ ਜਾਣਕਾਰੀ ਇਕੱਠੀ ਕੀਤੀ। ਥਾਣਾ ਹਰੀਕੇ ਦੇ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਚਲਾਈ ਗਈ ਇਸ ਮੁਹਿੰਮ ਦੌਰਾਨ ਤਸਕਰੀ ਨਾਲ ਜੁੜੇ ਅਤੇ ਵੱਖ-ਵੱਖ ਮਾਮਲਿਆਂ ਵਿਚ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰ ਰਹੇ ਵਿਅਕਤੀਆਂ ਦੀ ਜੀਵਨ ਸ਼ੈਲੀ ਅਤੇ ਸਰਗਰਮੀਆਂ ਨੂੰ ਵੀ ਵਾਚਿਆ ਗਿਆ। ਪੁਲਿਸ ਨੇ ਸਪੱਸ਼ਟ ਕੀਤਾ ਕਿ ਗੈਗਸਟਰਾਂ ਅਤੇ ਹੋਰ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ ਸ਼ੁਰੂ ਕੀਤਾ ਗਿਆ ਇਹ ਮਿਸ਼ਨ ਕਿਸੇ ਵੀ ਕੀਮਤ ’ਤੇ ਢਿੱਲਾ ਨਹੀਂ ਪੈਣ ਦਿੱਤਾ ਜਾਵੇਗਾ। ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਇੰਸਪੈਕਟਰ ਪ੍ਰਭਜੀਤ ਸਿੰਘ ਗਿੱਲ ਨੇ ਕਿਹਾ ਕਿ ਅਪਰਾਧਿਕ ਅਤੇ ਸ਼ੱਕੀ ਗਤੀਵਿਧੀਆਂ ਵਿਚ ਸ਼ਾਮਲ ਲੋਕਾਂ ਖ਼ਿਲਾਫ ਪ੍ਰਭਾਵਸ਼ਾਲੀ ਕਾਰਵਾਈ ਲਈ ਆਮ ਜਨਤਾ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਜਾਣਕਾਰੀ ਤੁਰੰਤ ਪੁਲਿਸ ਤਕ ਪਹੁੰਚਾਈ ਜਾਵੇ। ਉਨ੍ਹਾਂ ਕਿਹਾ ਕਿ ਸਮਾਜ ਅੰਦਰ ਫੈਲ ਰਹੀਆਂ ਅਪਰਾਧਕ ਗਤੀਵਿਧੀਆਂ ਨੂੰ ਨੱਥ ਪਾਉਣ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਨੂੰਨ ਦਾ ਪਾਠ ਪੜ੍ਹਾਉਣ ਲਈ ਹਰੀਕੇ ਪੁਲਿਸ ਵੱਲੋਂ ਅਚਾਨਕ ਅਤੇ ਵੱਖ-ਵੱਖ ਥਾਵਾਂ ’ਤੇ ਚੈਕਿੰਗ ਮੁਹਿੰਮ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਇਸ ਮੁਹਿੰਮ ਦੀ ਅਗਵਾਈ ਉਹ ਖੁਦ ਕਰ ਰਹੇ ਹਨ। ਇਸ ਮੌਕੇ ਥਾਣਾ ਹਰੀਕੇ ਤੋਂ ਪੁਲਿਸ ਫੋਰਸ ਦੇ ਨਾਲ ਸਬ-ਇੰਸਪੈਕਟਰ ਲਖਬੀਰ ਸਿੰਘ, ਸਬ ਇੰਸਪੈਕਟਰ ਰਣਜੀਤ ਸਿੰਘ, ਸਹਾਇਕ ਥਾਣੇਦਾਰ ਸੁਰਜੀਤ ਸਿੰਘ, ਸਹਾਇਕ ਥਾਣੇਦਾਰ ਸੁਖਦੇਵ ਸਿੰਘ ਅਤੇ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਦੇ ਨਾਲ ਲਾਈਨ ਤੋਂ ਆਈ ਪੁਲਿਸ ਟੁਕੜੀ ਵੀ ਮੌਜੂਦ ਸੀ।