ਆਪ੍ਰੇਸ਼ਨ ਪ੍ਰਹਾਰ 5.0 ਤਹਿਤ ਚਲਾਈ ਤਲਾਸ਼ੀ ਮੁਹਿੰਮ ਆਪਰੇਸ਼ਨ ਪ੍ਰਹਾਰ 5.0 ਤਹਿਤ ਤਰਨਤਾਰਨ ਜ਼ਿਲ੍ਹੇ ’ਚ ਵੱਡੇ ਪੱਧਰ ’ਤੇ ਚਲਾਈ ਤਲਾਸ਼ੀ ਮੁਹਿੰਮ
Publish Date: Sun, 06 Sep 2026 04:56 PM (IST)
Updated Date: Sun, 06 Sep 2026 04:58 PM (IST)
ਸਰਹੱਦੀ ਪਿੰਡਾਂ ਤੇ ਸੰਵੇਦਨਸ਼ੀਲ ਇਲਾਕਿਆਂ ’ਚ 800 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ ਤਰਨਤਾਰਨ : ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੀ ਤਸਕਰੀ, ਗੈਂਗਸਟਰਾਂ ਅਤੇ ਦੇਸ਼-ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਤਰਨਤਾਰਨ ਜ਼ਿਲ੍ਹੇ ਵਿਚ ‘ਆਪ੍ਰੇਸ਼ਨ ਪ੍ਰਹਾਰ 5.0’ ਸ਼ੁਰੂ ਕੀਤਾ ਗਿਆ ਹੈ। ਇਸ ਆਪ੍ਰੇਸ਼ਨ ਦੇ ਤੀਜੇ ਦਿਨ ਸਰਹੱਦੀ ਖੇਤਰਾਂ ਵਿਚ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰਦਿਆਂ ਨਿਸ਼ਾਨਦੇਹੀ ਕੀਤੇ ਵੱਖ-ਵੱਖ ਪਿੰਡਾਂ ਤੇ ਸੰਵੇਦਨਸ਼ੀਲ ਥਾਵਾਂ ’ਤੇ ਵਿਆਪਕ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਕਾਰਵਾਈ ਦਾ ਮੁੱਖ ਕੇਂਦਰ ਸਰਹੱਦ ਪਾਰੋਂ ਨਸ਼ਾ ਤਸਕਰੀ, ਡ੍ਰੋਨ ਗਤੀਵਿਧੀਆਂ ਅਤੇ ਦੇਸ਼-ਵਿਰੋਧੀ ਅਨਸਰਾਂ ਦੀ ਸੰਭਾਵਿਤ ਆਵਾਜਾਈ ’ਤੇ ਨਜ਼ਰ ਰੱਖਣਾ ਹੈ। ਐੱਸਐੱਸਪੀ ਸੁਰੇਂਦਰ ਲਾਂਬਾ ਨੇ ਇਹ ਦੱਸਿਆ ਕਿ ਪੰਜਾਬ ਦੇ ਡੀਜੀਪੀ ਤੇ ਸਪੈਸ਼ਲ ਡੀਜੀਪੀ ਕਾਨੂੰਨ ਵਿਵਸਥਾ ਦੀ ਅਗਵਾਈ ਹੇਠ ਜ਼ਿਲ੍ਹੇ ਵਿਚ ਪਹਿਲਾਂ ਤੋਂ ਚੱਲ ਰਹੀਆਂ ‘ਨਸ਼ਿਆਂ ਵਿਰੁੱਧ ਜੰਗ’ ਅਤੇ ‘ਗੈਂਗਸਟਰਾਂ ’ਤੇ ਵਾਰ’ ਮੁਹਿੰਮਾਂ ਨੂੰ ਹੋਰ ਮਜ਼ਬੂਤ ਕਰਨ ਲਈ ਇਹ ਵਿਸ਼ੇਸ਼ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ਹੈ। ਫਿਰੋਜ਼ਪੁਰ ਰੇਂਜ ਦੇ ਡੀਆਈਜੀ ਸਨੇਹਦੀਪ ਸ਼ਰਮਾ ਦੀ ਅਗਵਾਈ ਹੇਠ ਜ਼ਿਲ੍ਹੇ ਵਿਚ ਸਰਹੱਦੀ ਸੁਰੱਖਿਆ ਨੂੰ ਲੈ ਕੇ ਵਿਆਪਕ ਪੱਧਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਅਨੁਸਾਰ ਆਪ੍ਰੇਸ਼ਨ ਤਹਿਤ ਖਾਸ ਤੌਰ ’ਤੇ ਉਨ੍ਹਾਂ ਸਰਹੱਦੀ ਪਿੰਡਾਂ ਅਤੇ ‘ਹਾਟਸਪੌਟ’ ਵਜੋਂ ਪਛਾਣੇ ਸੰਵੇਦਨਸ਼ੀਲ ਇਲਾਕਿਆਂ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ, ਜਿਥੇ ਡ੍ਰੋਨ ਰਾਹੀਂ ਗਤੀਵਿਧੀਆਂ, ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਜਾਂ ਸ਼ੱਕੀ ਵਿਅਕਤੀਆਂ ਦੀ ਆਵਾਜਾਈ ਦਾ ਖ਼ਦਸ਼ਾ ਰਹਿੰਦਾ ਹੈ। ਇਨ੍ਹਾਂ ਇਲਾਕਿਆਂ ਵਿਚ ਪੁਲਿਸ ਟੀਮਾਂ ਵੱਲੋਂ ਯੋਜਨਾਬੱਧ ਢੰਗ ਨਾਲ ਤਲਾਸ਼ੀ ਲਈ ਜਾ ਰਹੀ ਹੈ ਅਤੇ ਸ਼ੱਕੀ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਸੰਵੇਦਨਸ਼ੀਲ ਪਛਾਣੇ ਪਿੰਡਾਂ ਅਤੇ ਸਥਾਨਾਂ ’ਤੇ ਤਲਾਸ਼ੀ ਮੁਹਿੰਮਾਂ ਲਗਾਤਾਰ ਜਾਰੀ ਰਹਿਣਗੀਆਂ। ਇਸ ਦੌਰਾਨ ਪੁਲਿਸ ਵੱਲੋਂ ਸਥਾਨਕ ਪੱਧਰ ’ਤੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰਨ ਦੇ ਨਾਲ-ਨਾਲ ਸਰਹੱਦੀ ਖੇਤਰਾਂ ਵਿਚ ਗਸ਼ਤ ਅਤੇ ਨਿਗਰਾਨੀ ਨੂੰ ਵੀ ਵਧਾਇਆ ਗਿਆ ਹੈ। ਇਸ ਵੱਡੇ ਪੱਧਰ ਦੇ ਆਪਰੇਸ਼ਨ ਲਈ ਵੱਖ-ਵੱਖ ਜ਼ਿਲ੍ਹਿਆਂ ਅਤੇ ਪੁਲਿਸ ਸਿਖਲਾਈ ਕੇਂਦਰਾਂ ਤੋਂ 800 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਕਈ ਗਜ਼ਟਿਡ ਅਧਿਕਾਰੀਆਂ ਨੂੰ ਵੀ ਆਪਰੇਸ਼ਨ ਦੀ ਅਗਵਾਈ ਅਤੇ ਵੱਖ-ਵੱਖ ਟੀਮਾਂ ਨਾਲ ਤਾਲਮੇਲ ਲਈ ਤਾਇਨਾਤ ਕੀਤਾ ਗਿਆ ਹੈ। ਐੱਸਐੱਸਪੀ ਨੇ ਦੱਸਿਆ ਕਿ ‘ਆਪ੍ਰੇਸ਼ਨ ਪ੍ਰਹਾਰ 5.0’ ਦਾ ਮੁੱਖ ਉਦੇਸ਼ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਵਿਅਕਤੀਆਂ, ਦੇਸ਼-ਵਿਰੋਧੀ ਅਨਸਰਾਂ, ਗੈਂਗਸਟਰਾਂ ਦੇ ਸਾਥੀਆਂ, ਨਸ਼ਾ ਤਸਕਰਾਂ ਅਤੇ ਨਸ਼ਿਆਂ ਦੇ ਸਪਲਾਇਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨਾ ਹੈ। ਇਸ ਦੇ ਨਾਲ ਹੀ ਸਰਹੱਦੀ ਖੇਤਰਾਂ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਕਰਨਾ ਅਤੇ ਲੋਕਾਂ ਵਿਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਵੀ ਆਪਰੇਸ਼ਨ ਦਾ ਅਹਿਮ ਉਦੇਸ਼ ਹੈ। ਸਰਹੱਦੀ ਜ਼ਿਲ੍ਹੇ ’ਚ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕੀਤਾ ਜਾ ਰਿਹੈ : ਐੱਸਐੱਸਪੀ ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਪੁਲਿਸ ਵੱਲੋਂ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਨਸ਼ਿਆਂ ਦੀ ਤਸਕਰੀ ਤੇ ਅਪਰਾਧਕ ਨੈੱਟਵਰਕ ਨੂੰ ਤੋੜਨ ਲਈ ਜ਼ਿਲ੍ਹੇ ਵਿਚ ਨਿਗਰਾਨੀ ਅਤੇ ਕਾਰਵਾਈ ਦਾ ਸਿਲਸਿਲਾ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸਰਹੱਦੀ ਜ਼ਿਲ੍ਹਾ ਹੋਣ ਦੇ ਨਾਤੇ ਤਰਨਤਾਰਨ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨਾ ਪੁਲਿਸ ਦੀ ਮੁੱਖ ਤਰਜੀਹ ਹੈ।