ਤਰਨਤਾਰਨ ਜ਼ਿਲ੍ਹੇ ਦੇ ਚਾਰ ਅਧਿਆਪਕ ਸਟੇਟ ਐਵਾਰਡ ਨਾਲ ਸਨਮਾਨਿਤ ਤਰਨਤਾਰਨ ਜ਼ਿਲ੍ਹੇ ਦੇ ਚਾਰ ਅਧਿਆਪਕ 'ਰਾਜ ਪੁਰਸਕਾਰ' ਨਾਲ ਸਨਮਾਨਿਤ
Publish Date: Sat, 05 Sep 2026 07:03 PM (IST)
Updated Date: Sat, 05 Sep 2026 07:04 PM (IST)
ਅਧਿਆਪਕਾਂ ਨੇ ਅਣਥੱਕ ਮਿਹਨਤ ਨਾਲ ਕੀਤਾ ਇਹ ਮੁਕਾਮ ਹਾਸਲ : ਡਿਪਟੀ ਡੀਈਓ ਰਜਿੰਦਰ ਕੌਰ ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ ਤਰਨਤਾਰਨ : ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਅਧਿਆਪਕ ਦਿਵਸ ਮੌਕੇ ਜ਼ਿਲ੍ਹਾ ਤਰਨਤਾਰਨ ਲਈ ਮਾਣ ਵਾਲੀ ਖ਼ਬਰ ਹੈ। ਵਿਕਾਸ ਭਵਨ, ਮੁਹਾਲੀ ਵਿਖੇ ਅਧਿਆਪਕ ਦਿਵਸ ਮੌਕੇ ਕਰਵਾਏ ਗਏ ਸੂਬਾ ਪੱਧਰੀ ਅਧਿਆਪਕ ਸਨਮਾਨ ਸਮਾਗਮ ਵਿਚ ਜ਼ਿਲ੍ਹਾ ਤਰਨਤਾਰਨ ਦੇ ਚਾਰ ਹੋਣਹਾਰ ਅਧਿਆਪਕਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ, ਸਕੱਤਰ ਸਕੂਲ ਸਿੱਖਿਆ ਸੋਨਾਲੀ ਗਿਰੀ ਅਤੇ ਡੀਪੀਆਈ ਸੈਕੰਡਰੀ ਸਕੱਤਰ ਸਿੰਘ ਬੱਲ ਵੱਲੋਂ ਉਨ੍ਹਾਂ ਦੀ ਅਣਥੱਕ ਮਿਹਨਤ, ਲਗਨ ਅਤੇ ਸਿੱਖਿਆ ਦੇ ਖੇਤਰ ਵਿਚ ਪਾਏ ਵਡਮੁੱਲੇ ਯੋਗਦਾਨ ਬਦਲੇ ਰਾਜ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸਟੇਟ ਐਵਾਰਡ ਹਾਸਲ ਕਰਨ ਵਾਲੇ ਅਧਿਆਪਕਾਂ ਵਿਚ ਅਰੁਣ ਕੁਮਾਰ ਸ਼ਰਮਾ, ਸਾਇੰਸ ਮਾਸਟਰ ਪੀਐੱਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪੱਟੀ, ਸੁਖਜਿੰਦਰਪਾਲ ਸਿੰਘ ਸਾਇੰਸ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਖੀਰਾ, ਸੁਖਜੀਤ ਕੌਰ, ਪੀਟੀਆਈ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਰਨਤਾਰਨ ਅਤੇ ਨੀਰਜ ਸੇਠੀ ਸੈਂਟਰ ਹੈੱਡ ਟੀਚਰ ਪੰਡੋਰੀ ਗੋਲਾ ਸ਼ਾਮਲ ਹਨ। ਸਮਾਗਮ ਵਿਚ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤਰਨਤਾਰਨ ਰਜਿੰਦਰ ਕੌਰ ਨੇ ਜ਼ਿਲ੍ਹਾ ਸਿੱਖਿਆ ਦਫਤਰ ਤਰਨਤਾਰਨ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰ ਕੇ ਪੁਰਸਕਾਰ ਜੇਤੂ ਅਧਿਆਪਕਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਉਨ੍ਹਾਂ ਨੂੰ ਸ਼ੁਭ ਇੱਛਾਵਾਂ ਦਿੱਤੀਆਂ। ਇਸ ਮੌਕੇ ਗੱਲਬਾਤ ਕਰਦਿਆਂ ਰਜਿੰਦਰ ਕੌਰ ਨੇ ਕਿਹਾ ਕਿ ਇਨ੍ਹਾਂ ਅਧਿਆਪਕਾਂ ਨੇ ਆਪਣੇ ਮਜ਼ਬੂਤ ਇਰਾਦੇ, ਕੁਝ ਵੱਖਰਾ ਕਰਨ ਦੀ ਇੱਛਾ ਅਤੇ ਅਣਥੱਕ ਮਿਹਨਤ ਨਾਲ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਂਦਿਆਂ ਇਹ ਮੁਕਾਮ ਹਾਸਿਲ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਨਮਾਨ ਸਿਰਫ਼ ਇਨ੍ਹਾਂ ਚਾਰ ਅਧਿਆਪਕਾਂ ਦਾ ਨਹੀਂ, ਸਗੋਂ ਸਮੁੱਚੇ ਜ਼ਿਲ੍ਹੇ ਦਾ ਮਾਣ ਹੈ। ਉਨ੍ਹਾਂ ਪੁਰਸਕਾਰ ਪ੍ਰਾਪਤ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਭਵਿੱਖ ਵਿਚ ਵੀ ਇਸੇ ਤਰ੍ਹਾਂ ਮਿਹਨਤ ਅਤੇ ਲਗਨ ਨਾਲ ਕੰਮ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਜ਼ਿਲ੍ਹੇ ਦੇ ਸਮੂਹ ਅਧਿਆਪਕਾਂ ਨੂੰ ਇਨ੍ਹਾਂ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੱਤਾ। ਇਸ ਮੌਕੇ ਸਾਲ 2024 ਅਤੇ 2025 ਦੇ ਰਾਜ ਪੁਰਸਕਾਰ ਜੇਤੂ ਅਧਿਆਪਕ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਸਮਾਗਮ ਵਿਚ ਰਜਿੰਦਰ ਕੌਰ ਤੋਂ ਇਲਾਵਾ ਪ੍ਰਿੰਸੀਪਲ ਅਵਤਾਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਖੀਰਾ, ਗੁਰਚਰਨ ਸਿੰਘ ਹੈੱਡ ਮਾਸਟਰ ਬਾਗੜੀਆਂ, ਸਰਬਜੀਤ ਸਿੰਘ ਸੀਨੀਅਰ ਸਹਾਇਕ ਦਫਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤਰਨਤਾਰਨ, ਲੈਕਚਰਾਰ ਅਤੇ ਸਕੂਲ ਮੁਖੀ ਦੀਕਸ਼ਤ ਕੁਮਾਰ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਪੱਟੀ, ਰਵੀ ਪ੍ਰਕਾਸ਼ ਜੂਨੀਅਰ ਸਹਾਇਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਟੀ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਤੇ ਸੈਕੰਡਰੀ ਰਾਜੀਵ ਕੁਮਾਰ ਛਾਬੜਾ ਨੇ ਇਨਾਮ ਹਾਸਲ ਕਰਨ ਵਾਲੇ ਇਨ੍ਹਾਂ ਅਧਿਆਪਕਾਂ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ ਤੇ ਵਧਾਈ ਦਿੰਦਿਆ ਕਿਹਾ ਕਿ ਇਨ੍ਹਾਂ ਅਧਿਆਪਕਾਂ ਨੇ ਆਪਣੀ ਮਿਹਨਤ ਨਾਲ ਜ਼ਿਲ੍ਹਾ ਤਰਨਤਾਰਨ ਦਾ ਨਾਮ ਸਿੱਖਿਆ ਦੇ ਖੇਤਰ ਵਿਚ ਰੋਸ਼ਨ ਕੀਤਾ ਹੈ।