ਜਨਮ ਅਸ਼ਟਮੀ ਮੌਕੇ ਥਾਂ-ਥਾਂ ਕੱਟੇ ਕੇਕ, ਸੰਗਤ ਲਈ ਲੱਗੇ ਲੰਗਰ ਭੰਡਾਰੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਥਾਂ-ਥਾਂ ਕੱਟੇ ਕੇਕ, ਸੰਗਤ ਲਈ ਲੱਗੇ ਲੰਗਰ ਭੰਡਾਰੇ
Publish Date: Sat, 05 Sep 2026 05:40 PM (IST)
Updated Date: Sat, 05 Sep 2026 05:43 PM (IST)
ਰਾਤ 12 ਵਜੇ ਤਕ ਮੰਦਰਾਂ ’ਚ ਦਰਸ਼ਨਾਂ ਲਈ ਲੱਗੀਆਂ ਰਹੀਆਂ ਕਤਾਰਾਂ ਛੋਟੇ ਬੱਚਿਆਂ ਨੂੰ ਸ਼੍ਰੀ ਕ੍ਰਿਸ਼ਨ ਜੀ ਦੇ ਸਰੂਪ ’ਚ ਲੈ ਕੇ ਪੁੱਜੇ ਪਰਿਵਾਰ ਜਸਪਾਲ ਸਿੰਘ ਜੱਸੀ, •ਪੰਜਾਬੀ ਜਾਗਰਣ ਤਰਨਤਾਰਨ : ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਤਰਨਤਾਰਨ ਵਿਚ ਪੂਰੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਸ਼ਹਿਰ ਦੇ ਅੱਧਾ ਦਰਜਨ ਤੋਂ ਵੱਧ ਮੰਦਰਾਂ ਵਿਚ ਜਿੱਥੇ ਵੱਡੇ ਪੱਧਰ ’ਤੇ ਸਮਾਗਮ ਹੋਏ, ਉੱਥੇ ਹੀ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਲੰਗਰ ਭੰਡਾਰੇ ਵੀ ਲੱਗੇ ਦਿਖਾਈ ਦਿੱਤੇ। ਇਸ ਦੇ ਨਾਲ ਹੀ ਥਾਂ-ਥਾਂ ’ਤੇ ਕੇਕ ਕੱਟ ਕੇ ਸ਼ਰਧਾਲੂਆਂ ਨੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਖੁਸ਼ੀ ਸਾਂਝੀ ਕੀਤੀ ਅਤੇ ਕੇਕ ਸੰਗਤ ਨੂੰ ਪ੍ਰਸ਼ਾਦ ਦੇ ਰੂਪ ਵਿਚ ਵੰਡਿਆ। ਉੱਧਰ ਰਾਤ 12 ਵਜੇ ਤੋਂ ਬਾਅਦ ਤਕ ਮੰਦਰਾਂ ਵਿਚ ਸ਼ਰਧਾਲੂਆਂ ਦੀਆਂ ਕਤਾਰਾਂ ਦਰਸ਼ਨਾਂ ਲਈ ਲੱਗੀਆਂ ਰਹੀਆਂ। ਮੰਦਰਾਂ ਵਿਚ ਸ਼ਰਧਾਲੂਆਂ ਦੀ ਭਾਰੀ ਆਮਦ ਦੇ ਮੱਦੇਨਜ਼ਰ ਮੰਦਰਾਂ ਦੇ ਆਸਪਾਸ ਖਿਡੌਣਿਆਂ ਆਦਿ ਦੀਆਂ ਦੁਕਾਨਾਂ ਵੀ ਸਜੀਆਂ। ਜਨਮ ਅਸ਼ਟਮੀ ਸਬੰਧੀ ਬਾਲ ਗੋਪਾਲ ਜੀ ਲਈ ਤਿਆਰ ਕੀਤੇ ਗਏ ਝੂਲੇ ਵੀ ਦੁਕਾਨਦਾਰਾਂ ਵਲੋਂ ਸਜਾਏ ਗਏ। ਸ਼੍ਰੀ ਕ੍ਰਿਸ਼ਨ ਜੀ ਦੇ ਵਸਤਰਾਂ ਦੀਆਂ ਦੁਕਾਨਾਂ ਵੀ ਇਸ ਵਾਰ ਵੱਡੀ ਗਿਣਤੀ ਵਿਚ ਸਜੀਆਂ ਮਿਲੀਆਂ। ਸੈਂਕੜੇ ਪਰਿਵਾਰ ਆਪਣੇ ਨੰਨ੍ਹੇ ਬੱਚਿਆਂ ਸ਼੍ਰੀ ਕ੍ਰਿਸ਼ਨ ਜੀ ਦੇ ਸਰੂਪ ਵਿਚ ਸਜਾ ਕੇ ਮੰਦਰਾਂ ਵਿਚ ਲਿਆਏ ਤੇ ਮੱਥਾ ਟਿਕਾਇਆ। ਸੁੰਦਰ ਪੁਸ਼ਾਕਾਂ ਵਿਚ ਸਜੇ ਬੱਚਿਆਂ ਦੀ ਸੁੰਦਰਤਾ ਵੀ ਖਿੱਚ ਦਾ ਕੇਂਦਰ ਬਣੀ ਰਹੀ। ਹੁੰਮਸ ਭਰੀ ਗਰਮੀ ਹੋਣ ਦੇ ਬਾਵਜੂਦ ਸ਼ਰਧਾਲੂਆਂ ਦਾ ਉਤਸ਼ਾਹ ਘੱਟ ਨਹੀਂ ਹੋਇਆ। ਸ਼੍ਰੀ ਠਾਕੁਰ ਦੁਆਰਾ ਮਦਨ ਮੋਹਨ ਮੰਦਰ ਅਤੇ ਸ਼੍ਰੀ ਚਿੰਤਪੁਰਨੀ ਸਵਰਨ ਮੰਦਰ ਵਿਖੇ ਗੁਫਾਵਾਂ ਤਿਆਰ ਕੀਤੀਆਂ ਗਈਆਂ ਸਨ। ਸ਼੍ਰੀ ਚਿੰਤਪੁਰਨੀ ਮੰਦਰ ਵਿਖੇ ਲੰਗਰ ਭੰਡਾਰਾ ਲਗਾਇਆ ਗਿਆ। ਗਗਨ ਸਵੀਟਸ ਵਾਲਿਆਂ ਵਲੋਂ ਜਿੱਥੇ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾ ਕੇ ਸੰਗਤ ਦੀ ਟਹਿਲ ਸੇਵਾ ਕੀਤੀ। ਉੱਥੇ ਹੀ ਰਾਤ 12 ਵਜੇ ਵੱਡ-ਆਕਾਰੀ ਕੇਕ ਵੀ ਕੱਟਿਆ ਗਿਆ। ਕੇਕ ਕੱਟਣ ਉਪਰੰਤ ਸੰਗਤ ਨੂੰ ਪ੍ਰਸ਼ਾਦ ਦੇ ਰੂਪ ਵਿਚ ਵੰਡਿਆ ਗਿਆ ਜਦੋਂਕਿ ਮਠਿਆਈਆਂ ਦੇ ਪ੍ਰਸ਼ਾਦ ਵੀ ਵਰਤਾਏ ਗਏ। ਤਰਨਤਾਰਨ ਦੇ ਵਿਧਾਇਕ ਹਰਮੀਤ ਸਿੰਘ ਸੰਧੂ ਆਪਣੇ ਸਾਥੀਆਂ ਸਮੇਤ ਲੰਗਰ ਭੰਡਾਰੇ ’ਤੇ ਪਹੁੰਚੇ। ਜਿੱਥੇ ਗਗਨ ਸਵੀਟਸ ਵਾਲੇ ਰਵੀ ਕੁਮਾਰ ਸ਼ਰਮਾ ਨੇ ਆਪਣੇ ਪਰਿਵਾਰ ਵੱਲੋਂ ਹਰਮੀਤ ਸਿੰਘ ਸੰਧੂ ਤੇ ਉਨ੍ਹਾਂ ਨਾਲ ਪਹੁੰਚੇ ਨਗਰ ਕੌਂਸਲ ਤਰਨਤਾਰਨ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਖੇੜਾ, ਕੌਂਸਲਰ ਯਾਦਵਿੰਦਰ ਸਿੰਘ ਯਾਦੂ, ਸਵਿੰਦਰ ਸਿੰਘ ਮੱਲ੍ਹੀ, ਨਰਿੰਦਰ ਸਿੰਘ ਨਾਗੀ, ਜਸਕਰਨ ਸਿੰਘ, ਜਰਨੈਲ ਸਿੰਘ ਤੋਂ ਇਲਾਵਾ ਅਮਰਿੰਦਰ ਸਿੰਘ ਨੀਨਾ ਤੇ ਪੁਨੀਤ ਸੱਢਾ ਆਦਿ ਨੂੰ ਮਾਤਾ ਜੀ ਦੀਆਂ ਚੁਨਰੀਆਂ ਭੇਟ ਕਰ ਕੇ ਸਨਮਾਨਿਤ ਕੀਤਾ। ਹਰਮੀਤ ਸਿੰਘ ਸੰਧੂ ਨੇ ਸ਼ਹਿਰ ਵਾਸੀਆਂ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਵਧਾਈ ਦਿੰਦਿਆਂ ਕਿਹਾ ਕਿ ਤਿਉਹਾਰ ਸਾਡੇ ਸੱਭਿਅਤਾ ਦਾ ਹਿੱਸਾ ਹੈ ਤੇ ਪੰਜਾਬ ਵਿਚ ਰਲ-ਮਿਲ ਕੇ ਤਿਉਹਾਰ ਮਨਾਉਣ ਦੀ ਖੂਬੀ ਦੁਨੀਆ ਭਰ ਵਿਚ ਮਿਸਾਲ ਤੋਂ ਘੱਟ ਨਹੀਂ। ਇਸੇ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਹਲਕਾ ਤਰਨਤਾਰਨ ਤੋਂ ਇੰਚਾਰਜ ਹਰਜੀਤ ਸਿੰਘ ਸੰਧੂ ਨੇ ਆਪਣੇ ਸਾਥੀਆਂ ਜ਼ਿਲ੍ਹਾ ਜਨਰਲ ਸਕੱਤਰ ਸੁਰਜੀਤ ਸਿੰਘ ਸਾਗਰ, ਯੂਥ ਮੋਰਚਾ ਪ੍ਰਧਾਨ ਦਿਨੇਸ਼ ਜੋਸ਼ੀ, ਓਬੀਸੀ ਮੋਰਚਾ ਪ੍ਰਧਾਨ ਨਿਸ਼ਾਨ ਸਿੰਘ, ਸਰਕਲ ਪ੍ਰਧਾਨ ਰੋਹਿਤ ਸ਼ਰਮਾ, ਯੂਥ ਵਿੰਗ ਜਨਰਲ ਸਕੱਤਰ ਅਮਨ ਅਰੋੜਾ, ਐੱਸਸੀ ਮੋਰਚਾ ਪ੍ਰਧਾਨ ਅਵਤਾਰ ਸਿੰਘ, ਬਲਦੇਵ ਸਿੰਘ, ਰਮੇਸ਼ ਕਲਸੀ, ਪਰਮਜੀਤ ਸਿੰਘ, ਅਮਨ ਸ਼ਰਮਾ, ਜਸਵਿੰਦਰ ਸਿੰਘ, ਜੱਬਰ ਸਿੰਘ, ਮੇਜਰ ਸਿੰਘ, ਕਾਬਲ ਸਿੰਘ, ਬਲਧੀਰ ਸਿੰਘ ਸਮੇਤ ਵੱਖ-ਵੱਖ ਮੰਦਰਾਂ ਵਿਚ ਹਾਜ਼ਰੀ ਭਰੀ। ਜਦੋਂਕਿ ਮਾਰਕੀਟ ਕਮੇਟੀ ਤਰਨਤਾਰਨ ਦੇ ਚੇਅਰਪਰਸਨ ਰੁਪਿੰਦਰ ਕੌਰ ਸੰਧੂ ਨੇ ਵੀ ਮੰਦਰਾਂ ਵਿਚ ਹਾਜ਼ਰੀ ਲਗਾ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ।