ਚੋਣ ਸੇਵਾਵਾਂ ਸਬੰਧੀ ਜ਼ਿਲ੍ਹੇ ਦੇ ਸਮੂਹ ਪੋਲਿੰਗ ਬੂਥਾਂ ’ਤੇ ਐਤਵਾਰ ਨੂੰ ਲੱਗਣਗੇ ਵਿਸ਼ੇਸ਼ ਕੈਂਪ ਚੋਣ ਸੇਵਾਵਾਂ ਸਬੰਧੀ ਜ਼ਿਲ੍ਹੇ ਦੇ ਸਮੂਹ ਪੋਲਿੰਗ ਬੂਥਾਂ 'ਤੇ ਐਤਵਾਰ ਨੂੰ ਲੱਗਣਗੇ ਵਿਸ਼ੇਸ਼ ਕੈਂਪ
Publish Date: Sat, 05 Sep 2026 05:25 PM (IST)
Updated Date: Sat, 05 Sep 2026 05:28 PM (IST)
ਬੀਐੱਲਓਜ਼ ਸਵੇਰੇ 10 ਤੋਂ ਸ਼ਾਮ 4 ਵਜੇ ਤਕ ਆਪਣੇ ਪੋਲਿੰਗ ਬੂਥਾਂ ’ਤੇ ਰਹਿਣਗੇ ਮੌਜੂਦ ਵੋਟਰਾਂ ਨੂੰ ਨੋਟਿਸ ਫਾਰਮ ਤੇ ਦਾਅਵੇ-ਇਤਰਾਜ਼ ਭਰਨ ਸਬੰਧੀ ਲੋੜੀਂਦੀ ਜਾਣਕਾਰੀ ਵੀ ਕਰਵਾਉਣਗੇ ਮੁਹੱਈਆ ਜ਼ਿਲ੍ਹਾ ਚੋਣ ਅਫ਼ਸਰ ਨੇ ਨਾਗਰਿਕਾਂ ਨੂੰ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਕੀਤੀ ਅਪੀਲ ਸਟਾਫ ਰਿਪੋਰਟਰ•, ਪੰਜਾਬੀ ਜਾਗਰਣ, ਤਰਨਤਾਰਨ : ਜ਼ਿਲ੍ਹਾ ਚੋਣ ਅਫ਼ਸਰ ਤਰਨਤਾਰਨ ਰਾਹੁਲ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਵਿਚ ਵੋਟਰ ਸੂਚੀ ਦੀ ਵਿਸ਼ੇਸ਼ ਗਹਿਰੀ ਸੁਧਾਈ (ਐੱਸਆਈਆਰ)-2026 ਦਾ ਕੰਮ ਚੱਲ ਰਿਹਾ ਹੈ। ਇਸ ਸਬੰਧੀ ਜਾਰੀ ਸ਼ਡਿਊਲ ਅਨੁਸਾਰ 13 ਅਗਸਤ ਨੂੰ ਫੋਟੋ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਕੀਤੀ ਗਈ ਸੀ। 13 ਅਗਸਤ ਤੋਂ 12 ਸਤੰਬਰ ਤਕ ਵੋਟਰਾਂ ਵੱਲੋਂ ਦਾਅਵੇ ਅਤੇ ਇਤਰਾਜ਼ ਸਬੰਧੀ ਫਾਰਮ ਨੰਬਰ 6, 6-ਏ, 7 ਅਤੇ 8 ਆਨਲਾਈਨ ਤੇ ਆਫਲਾਈਨ ਭਰੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸੇ ਤਹਿਤ 6 ਸਤੰਬਰ ਨੂੰ ਜ਼ਿਲ੍ਹੇ ਦੇ ਸਮੂਹ ਪੋਲਿੰਗ ਬੂਥਾਂ ’ਤੇ ਸਵੇਰੇ 10 ਤੋਂ ਸ਼ਾਮ 4 ਵਜੇ ਤਕ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਦੌਰਾਨ ਸਮੂਹ ਬੀਐੱਲਓਜ਼ ਆਪਣੇ ਪੋਲਿੰਗ ਬੂਥਾਂ ’ਤੇ ਹਾਜ਼ਰ ਰਹਿਣਗੇ ਅਤੇ ਵੋਟਰਾਂ ਨੂੰ ਚੋਣ ਸਬੰਧੀ ਸੇਵਾਵਾਂ ਦਾ ਲਾਭ ਮੁਹੱਈਆ ਕਰਵਾਉਣਗੇ। ਉਨ੍ਹਾਂ ਦੱਸਿਆ ਕਿ ਕੈਂਪਾਂ ਦੌਰਾਨ ਨਵੀਂ ਵੋਟ ਬਣਾਉਣ ਲਈ ਫਾਰਮ ਨੰਬਰ 6, ਐੱਨਆਰਆਈ ਵੋਟਰ ਵਜੋਂ ਦਰਜ ਹੋਣ ਲਈ ਫਾਰਮ ਨੰਬਰ 6-ਏ, ਪਤਾ ਬਦਲਣ ਜਾਂ ਵੇਰਵਿਆਂ ਵਿਚ ਸੁਧਾਰ ਲਈ ਫਾਰਮ ਨੰਬਰ 8 ਭਰ ਕੇ ਮੌਕੇ ’ਤੇ ਬੂਥ ਲੈਵਲ ਅਫ਼ਸਰ ਨੂੰ ਜਮ੍ਹਾਂ ਕਰਵਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਬੂਥ ਲੈਵਲ ਅਫਸਰ, ਵੋਟਰਾਂ ਨੂੰ ਨੋਟਿਸ ਫਾਰਮ ਅਤੇ ਦਾਅਵੇ-ਇਤਰਾਜ਼ ਭਰਨ ਸਬੰਧੀ ਲੋੜੀਂਦੀ ਜਾਣਕਾਰੀ ਵੀ ਮੁਹੱਈਆ ਕਰਵਾਉਣਗੇ। ਜ਼ਿਲ੍ਹਾ ਚੋਣ ਅਫਸਰ ਨੇ ਇਹ ਵੀ ਦੱਸਿਆ ਕਿ ਸਪੈਸ਼ਲ ਕੈਂਪਾਂ ਦੌਰਾਨ ਜ਼ਿਲ੍ਹੇ ਦੀਆਂ ਸਮੂਹ ਮਾਨਤਾ ਪ੍ਰਾਪਤ ਰਾਜਨੀਤਕ ਪਾਰਟੀਆਂ ਵੱਲੋਂ ਨਿਯੁਕਤ ਕੀਤੇ ਗਏ ਬੂਥ ਲੈਵਲ ਏਜੰਟ ਦਾਅਵੇ ਅਤੇ ਇਤਰਾਜ਼ਾਂ ਦੇ ਕੰਮ ਸਬੰਧੀ ਬੀਐੱਲਓਜ਼ ਨੂੰ ਸਹਿਯੋਗ ਦੇਣਗੇ ਤੇ ਆਪਣੇ ਪਾਰਟੀ ਵਰਕਰਾਂ ਰਾਹੀਂ ਵੱਧ ਤੋਂ ਵੱਧ ਵੋਟਰ ਰਜਿਸਟ੍ਰੇਸ਼ਨ ਕਰਵਾਉਣਾ ਯਕੀਨੀ ਬਣਾਉਣਗੇ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਯੋਗਤਾ ਇਕ ਅਕਤੂਬਰ ਦੇ ਆਧਾਰ ’ਤੇ ਜਿਸ ਨਾਗਰਿਕ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੈ, ਉਹ ਆਪਣਾ ਨਾਮ ਵੋਟਰ ਸੂਚੀ ਵਿਚ ਸ਼ਾਮਲ ਕਰਨ ਅਤੇ ਵੋਟਰ ਕਾਰਡ ਵਿਚ ਦਰਜ ਵੇਰਵਿਆਂ ’ਚ ਦਰੁਸਤੀ ਕਰਵਾਉਣ ਲਈ ਇਨ੍ਹਾਂ ਕੈਂਪਾਂ ਦਾ ਲਾਭ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਵੋਟਰ ਹੈਲਪ ਲਾਈਨ ਨੰਬਰ 1950 ਟੋਲ ਫ੍ਰੀ ’ਤੇ ਸੰਪਰਕ ਕੀਤਾ ਜਾ ਸਕਦਾ ਹੈ।