ਆਸ਼ਾ ਵਰਕਰਾਂ ਤੇ ਸੁਪਰਵਾਈਜ਼ਰਾਂ ਦੇ ਸੋਮਵਾਰ ਤਕ ਪੈਸੇ ਨਾ ਪਏ ਤਾਂ ਲੱਗੇਗਾ ਪੱਕਾ ਮੋਰਚਾ ਆਸ਼ਾ ਵਰਕਰਾਂ ਤੇ ਸੁਪਰਵਾਈਜ਼ਰਾਂ ਦੇ ਸੋਮਵਾਰ ਤਕ ਪੈਸੇ ਨਾ ਪਏ ਤਾਂ ਲੱਗੇਗਾ ਪੱਕਾ ਮੋਰਚਾ
Publish Date: Thu, 03 Sep 2026 06:31 PM (IST)
Updated Date: Thu, 03 Sep 2026 06:34 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਪੱਟੀ ਮੋੜ : ਆਸ਼ਾ ਵਰਕਰ ਫੈਸੀਲੀਟੇਟਰਜ਼, ਸੁਪਰਵਾਈਜ਼ਰਾਂ ਵੱਲੋ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਮੀਟਿੰਗ ਗੁਰਦੁਆਰਾ ਬਾਬਾ ਬੀਰ ਸਿੰਘ ਪੱਟੀ ਮੋੜ ਵਿਖੇ ਹੋਈ। ਮਨਜਿੰਦਰ ਕੌਰ ਹਰੀਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਵੱਲੋਂ ਸੱਤਾ ਸੰਭਾਲਣ ਸਮੇਂ ਉਨ੍ਹਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਗਏ ਪਰ ਸੱਤਾ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਨਾਲ ਕੀਤੇ ਸਾਰੇ ਵਾਅਦੇ ਵਫ਼ਾ ਨਹੀ ਹੋਏ। ਮਨਜਿੰਦਰ ਕੌਰ ਨੇ ਸਰਕਾਰ ਨੂੰ ਕਰੜੇ ਹੱਥੀਂ ਲੈਦਿਆਂ ਆਖਿਆ ਕਿ ਸੂਬੇ ਦੇ ਮੁੱਖ ਮੰਤਰੀ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਸਟੇਜਾਂ ’ਤੇ ਲੰਮੀਆਂ-ਲੰਮੀਆਂ ਬਾਹਾਂ ਕਰਕੇ ਕਹਿੰਦੇ ਨਜ਼ਰ ਆਉਂਦੇ ਹਨ ਕਿ ਉਨ੍ਹਾਂ ਨੂੰ ਸੂਬੇ ਦੀਆਂ ਮਾਵਾਂ, ਭੈਣਾਂ ਨੂੰ ਸਤਿਕਾਰ ਦੇ ਕੇ ਮਨ ਨੂੰ ਖੁਸ਼ੀ ਮਿਲਦੀ ਹੈ। ਕੀ ਆਸ਼ਾ ਵਰਕਰ ਫੈਸੀਲੀਟੇਟਰਜ਼, ਸੁਪਰਵਾਈਜ਼ਰਾਂ ਉਨ੍ਹਾਂ ਦੀਆਂ ਮਾਵਾਂ-ਭੈਣਾਂ ਦੀ ਗਿਣਤੀ ’ਚ ਨਹੀ ਆਉਂਦੀਆਂ। ਬੀਤੇ ਚਾਰ ਮਹੀਨਿਆਂ ਤੋਂ ਨਾ ਤਾਂ ਉਨ੍ਹਾਂ ਨੂੰ ਫਿਕਸ ਭੱਤਾ ਅਤੇ ਨਾ ਹੀ ਕੰਮ ਦੇ ਪੈਸੇ ਮਿਲੇ। ਉਨ੍ਹਾਂ ਦੱਸਿਆ ਕਿ ਅਨੇਕਾਂ ਵਾਰ ਸਿਵਲ ਸਰਜਨ ਤਰਨਤਾਰਨ ਤੇ ਐੱਸਐੱਮਓ ਘਰਿਆਲਾ ਨੂੰ ਅਪੀਲ ਕਰ ਚੁੱਕੇ ਹਨ ਕਿ ਉਨ੍ਹਾਂ ਨੂੰ ਬਣਦੇ ਭੱਤੇ ਸਮੇਤ ਮਿਹਨਤਾਨਾ ਦਿੱਤਾ ਜਾਵੇ, ਪਰ ਸਰਕਾਰ ਤੇ ਮਹਿਕਮੇ ਦੇ ਸਿਰ ’ਤੇ ਜੂੰ ਤਕ ਨਹੀ ਸਰਕਦੀ। ਮਨਜਿੰਦਰ ਕੌਰ ਨੇ ਸਰਕਾਰ ਤੇ ਸਿਹਤ ਵਿਭਾਗ ਨੂੰ ਚਿਤਾਵਨੀ ਦਿੱਤੀ ਕਿ ਜੇਕਰ 7 ਸਤੰਬਰ ਤਕ ਉਨ੍ਹਾਂ ਦੇ ਕੰਮ ਦੇ ਬਣੇ ਪੈਸੇ ਤਿੰਨ ਮਹੀਨਿਆਂ ਦਾ ਮਿਹਨਤਾਨਾ ਨਾ ਦਿੱਤਾ ਗਿਆ ਤਾਂ ਮੰਗਲਵਾਰ ਨੂੰ ਸਿਵਲ ਹਸਪਤਾਲ ਘਰਿਆਲਾ ਵਿਖੇ ਦਿਨ-ਰਾਤ ਦਾ ਪੱਕਾ ਮੋਰਚਾ ਲਗਾਇਆ ਜਾਵੇਗਾ, ਕਿਉਂਕਿ ਸਿਹਤ ਵਿਭਾਗ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਜਾਣਬੁਝ ਕੇ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਜੇਕਰ ਰੋਸ ਧਰਨੇ ਦੌਰਾਨ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਸਰਕਾਰ ਤੇ ਸਿਹਤ ਵਿਭਾਗ ਦੀ ਹੋਵੇਗੀ। ਇਸ ਮੌਕੇ ਚੇਅਰਮੈਨ ਰਾਜਬੀਰ ਕੌਰ ਹਰੀਕੇ, ਮੀਤ ਪ੍ਰਧਾਨ ਸਰਬਜੀਤ ਕੌਰ, ਜ਼ਿਲ੍ਹਾ ਸੈਕਟਰੀ ਵੀਰਪਾਲ ਕੌਰ ਭੱਗੂਪੁਰ, ਗੁਰਵਿੰਦਰ ਕੌਰ, ਗੁਰਪ੍ਰੀਤ ਕੌਰ, ਗੁਰਜਿੰਦਰ ਕੌਰ, ਹਰਜੀਤ ਕੌਰ, ਕੁਲਜੀਤ ਕੌਰ, ਦਲਜੀਤ ਕੌਰ, ਹਰਜਿੰਦਰ ਕੌਰ, ਦੁਪਿੰਦਰ ਕੌਰ, ਕਰਮ ਕੌਰ, ਗੁਰਪ੍ਰੀਤ ਕੌਰ, ਦਵਿੰਦਰ ਕੌਰ, ਹਰਦੀਪ ਕੌਰ, ਮਮਤਾ ਰਾਣੀ, ਊਸ਼ਾ ਰਾਣੀ, ਸਿਮਰਜੀਤ ਕੌਰ, ਬਲਜੀਤ ਕੌਰ, ਹਰਜਿੰਦਰ ਕੌਰ, ਸੁਰਜੀਤ ਕੌਰ, ਕੁਲਜੀਤ ਕੌਰ ਆਦਿ ਹਾਜ਼ਰ ਸਨ।