ਪਿੰਡ ਗਹਿਰੀ ’ਚ ਹੋਈ ਚੋਰੀ ਦਾ ਮਾਮਲਾ, ਪਰਿਵਾਰ ਨੇ ਧਰਨਾ ਲਗਾਉਣ ਦੀ ਦਿੱਤੀ ਚਿਤਾਵਨੀ ਪਿੰਡ ਗਹਿਰੀ ’ਚ ਹੋਈ ਚੋਰੀ ਦਾ ਮਾਮਲਾ, ਪਰਿਵਾਰ ਨੇ ਧਰਨਾ ਲਗਾਉਣ ਦੀ ਦਿੱਤੀ ਚੇਤਾਵਨੀ
Publish Date: Wed, 02 Sep 2026 08:31 PM (IST)
Updated Date: Wed, 02 Sep 2026 08:34 PM (IST)
ਨਰਿੰਦਰ ਸਿੰਘ ਦੋਦੇ•, ਪੰਜਾਬੀ ਜਾਗਰਣ ਸਰਾਏ ਅਮਾਨਤ ਖਾਂ : ਸਥਾਨਕ ਪਿੰਡ ਗਹਿਰੀ ਦੀ ਬਹਿਕ ’ਤੇ ਦਰਜਨ ਤੋਂ ਵੱਧ ਅਣਪਛਾਤੇ ਚੋਰਾਂ ਵੱਲੋਂ ਰਾਤ ਦੇ ਹਨੇਰੇ ਵਿਚ ਹਜ਼ਾਰਾਂ ਦੀ ਨਕਦੀ ਚੋਰੀ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਾ ਕੀਤੇ ਜਾਣ ’ਤੇ ਪਰਿਵਾਰ ਵਿਚ ਰੋਸ ਤੇ ਗੁੱਸਾ ਪਾਇਆ ਜਾ ਰਿਹਾ ਹੈ। ਇਸ ਕਾਰਨ ਪਰਿਵਾਰ ਨੇ ਕਾਰਵਾਈ ਵਾਸਤੇ ਥਾਣੇ ਦਾ ਘਿਰਾਓ ਕਰਨ ਦੀ ਚਿਤਾਵਨੀ ਵੀ ਦੇ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਤਾਪ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਗਹਿਰੀ ਨੇ ਦੱਸਿਆ ਕਿ 30 ਅਗਸਤ ਦੀ ਰਾਤ ਨੂੰ ਸਬ ਸਟੇਸ਼ਨ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਸਾਰੇ ਪਿੰਡਾਂ ਦੀ ਬਿਜਲੀ ਬੰਦ ਹੋਣ ਕਾਰਨ ਉਹ ਆਪਣੀ ਪਤਨੀ ਗੁਰਪ੍ਰੀਤ ਕੌਰ, ਲੜਕੇ ਨਿਸ਼ਾਨ ਸਿੰਘ ਤੇ ਅਭੀਨੂਰ ਸਿੰਘ ਨਾਲ ਘਰ ਦੀ ਛੱਤ ’ਤੇ ਸੁੱਤਾ ਸੀ। ਅਚਾਨਕ ਰਾਤ 2 ਵਜੇ ਦੇ ਕਰੀਬ ਘਰ ਦੀ ਖਿੜਕੀ ਨੂੰ ਲੰਗਾ ਵੱਡਾ ਸ਼ੀਸ਼ਾ ਟੁੱਟਣ ਦੀ ਆਵਾਜ਼ ਆਈ। ਉਨ੍ਹਾਂ ਉਠ ਕੇ ਦੇਖਿਆ ਤਾਂ ਘਰ ਦੇ ਵਿਹੜੇ ਵਿਚ ਕੁਝ ਅਣਪਛਾਤੇ ਵਿਅਕਤੀ ਖੜ੍ਹੇ ਸਨ ਅਤੇ ਕੁਝ ਵਿਅਕਤੀ ਘਰ ਦੇ ਅੰਦਰ ਸਮਾਨ ਦੀ ਫਰੋਲਾ ਫਰਾਲੀ ਕਰ ਰਹੇ ਸਨ। ਜਦੋਂ ਉਨ੍ਹਾਂ ਛੱਤ ਦੇ ਉਪਰੋਂ ਰੌਲਾ ਪਾਇਆ ਤਾਂ 15 ਦੇ ਕਰੀਬ ਅਣਪਛਾਤੇ ਵਿਅਕਤੀਆਂ ਕੰਧਾਂ ਟੱਪ ਕੇ ਦੌੜ ਗਏ। ਉਨ੍ਹਾਂ ਤੁਰੰਤ 100 ਨੰਬਰ ’ਤੇ ਕਾਲ ਕੀਤੀ ਤਾਂ ਤਕਰੀਬਨ ਇਕ ਘੰਟੇ ਬਾਅਦ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਪਾਰਟੀ ਤੇ ਪਿੰਡ ਦੇ ਮੋਹਤਬਰ ਵਿਅਕਤੀ ਉਨ੍ਹਾਂ ਦੇ ਘਰ ਪੁਹੰਚੇ। ਉਨ੍ਹਾਂ ਘਰ ਦੇ ਵਿਹੜੇ ਵਿਚ ਵੇਖਿਆ ਕਿ ਅਣਪਛਾਤੇ ਵਿਅਕਤੀ ਆਪਣੀਆਂ ਚੱਪਲਾਂ, ਕਿਰਪਾਨਾਂ, ਦਾਤਰ ਤੇ ਕਿਰਚਾਂ ਆਦਿ ਛੱਡ ਕੇ ਦੌੜੇ ਸਨ। ਪਰਿਵਾਰ ਨੇ ਦੱਸਿਆ ਕਿ ਚਾਰ ਦਿਨ ਬੀਤ ਜਾਣ ’ਤੇ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਜੇਕਰ ਐਤਵਾਰ ਤਕ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਥਾਣੇ ਅੱਗੇ ਧਰਨਾ ਲਗਾਉਣਗੇ। ਇਸ ਸਬੰਧੀ ਜਦੋਂ ਥਾਣਾ ਮੁਖੀ ਸਬ ਇੰਸਪੈਕਟਰ ਰਾਜ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਇਸ ਘਟਨਾ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਚੋਰਾਂ ਦਾ ਜਲਦ ਪਤਾ ਲਗਾ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।