ਵਰਨਾ ਕਾਰ ਦੀ ਸਟੱਪਣੀ ਵਾਲੀ ਜਗ੍ਹਾ ’ਤੇ ਲੁਕੋਈ 14 ਕਿੱਲੋ ਅਫੀਮ ਬਰਾਮਦ ਵਰਨਾ ਕਾਰ ਦੀ ਸਟੱਪਣੀ ਵਾਲੀ ਜਗ੍ਹਾ ’ਤੇ ਲੁਕੋਈ 14 ਕਿਲੋ ਅਫੀਮ ਬਰਾਮਦ
Publish Date: Wed, 02 Sep 2026 08:16 PM (IST)
Updated Date: Wed, 02 Sep 2026 08:19 PM (IST)
ਪੁਲਿਸ ਨੇ ਕੀਤਾ ਇਕ ਵਿਅਕਤੀ ਨੂੰ ਗ੍ਰਿਫ਼ਤਾਰ, ਕੇਸ ਦਰਜ ਜਸਪਾਲ ਸਿੰਘ ਜੱਸੀ, •ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਦੇ ਥਾਣਾ ਵਲਟੋਹਾ ਦੀ ਪੁਲਿਸ ਨੇ ਨਾਕੇਬੰਦੀ ਦੌਰਾਨ ਵਰਨਾ ਕਾਰ ਵਿੱਚੋਂ 14 ਕਿੱਲੋ ਤੋਂ ਵੱਧ ਅਫੀਮ ਬਰਾਮਦ ਕਰ ਕੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਅਫੀਮ ਕਾਰ ਦੀ ਸਟੱਪਣੀ ਵਾਲੀ ਜਗ੍ਹਾ ’ਚ ਲੁਕੋ ਕੇ ਰੱਖੀ ਹੋਈ ਸੀ। ਕਾਬੂ ਕੀਤੇ ਵਿਅਕਤੀ ਵਿਰੁੱਧ ਪੁਲਿਸ ਨੇ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਥਾਣਾ ਵਲਟੋਹਾ ਦੇ ਸਬ-ਇੰਸਪੈਕਟਰ ਬਲਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਪਿੰਡ ਦਾਸੂਵਾਲ ਕੋਲ ਨਾਕੇਬੰਦੀ ਕਰ ਕੇ ਵਾਹਨਾਂ ਦੀ ਚੈਕਿੰਗ ਕਰ ਰਹੇ ਸੀ। ਇਸੇ ਦੌਰਾਨ ਪੱਟੀ ਵਲੋਂ ਆਈ ਵਰਨਾ ਕਾਰ ਨੰਬਰ ਯੂਕੇ17-0309 ਨੂੰ ਰੋਕਿਆ। ਕਾਰ ਦੀ ਚੈਕਿੰਗ ਦੌਰਾਨ ਸਟੱਪਣੀ ਵਾਲੀ ਜਗ੍ਹਾ ’ਚ ਰੱਖੇ ਤੋੜੇ ਨੂੰ ਕੱਢ ਕੇ ਜਦੋਂ ਜਾਂਚ ਕੀਤੀ ਤਾਂ ਉਸ ਵਿੱਚੋਂ 14 ਕਿੱਲੋ 110 ਗ੍ਰਾਮ ਅਫੀਮ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਕਾਰ ਵਿਚ ਸਵਾਰ ਵਿਅਕਤੀ ਜਿਸ ਦੀ ਪਛਾਣ ਗੁਰਮੀਤ ਸਿੰਘ ਗੀਤੂ ਪੁੱਤਰ ਅਮਰੀਕ ਸਿੰਘ ਵਾਸੀ ਮਰਗਿੰਦਪੁਰਾ ਵਜੋਂ ਹੋਈ, ਨੂੰ ਤੁਰੰਤ ਗ੍ਰਿਫਤਾਰ ਕਰਕੇ ਤਲਾਸ਼ੀ ਲਈ ਤਾਂ ਇਕ ਹਜ਼ਾਰ ਰੁਪਏ ਦੀ ਡਰੱਗ ਮਨੀ ਵੀ ਮਿਲੀ। ਉਨ੍ਹਾਂ ਦੱਸਿਆ ਕਿ ਗੁਰਮੀਤ ਸਿੰਘ ਗੀਤੂ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਕਤ ਮੁਲਜ਼ਮ ਵੱਖ-ਵੱਖ ਸਮੱਗਲਰਾਂ ਕੋਲੋਂ ਅਫੀਮ ਦੀ ਤਸਕਰੀ ਕਰਕੇ ਆਸ-ਪਾਸ ਦੇ ਇਲਾਕਿਆਂ ਵਿਚ ਸਪਲਾਈ ਕਰਦਾ ਸੀ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਖਿਲਾਫ ਪਹਿਲਾਂ ਵੀ ਦੋ ਮੁੱਕਦਮੇ ਦਰਜ ਹਨ। ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰਿਮਾਂਡ ’ਤੇ ਲਿਆ ਜਾਵੇਗਾ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਹ ਅਫੀਮ ਕਿੱਥੋਂ ਲਿਆਇਆ ਸੀ ਤੇ ਕਿੱਥੇ ਲੈ ਕੇ ਜਾਣੀ ਸੀ।