ਸ਼ੇਰੋਂ ਖੰਡ ਮਿੱਲ ਮੋਰਚਾ 105ਵੇਂ ਦਿਨ ’ਚ ਦਾਖ਼ਲ ਸ਼ੇਰੋਂ ਖੰਡ ਮਿੱਲ ਮੋਰਚਾ 105ਵੇਂ ਦਿਨ ‘ਚ ਦਾਖਲ
Publish Date: Wed, 02 Sep 2026 05:48 PM (IST)
Updated Date: Wed, 02 Sep 2026 05:49 PM (IST)
ਪੰਜਾਬ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਦੀ ਕੀਤੀ ਜ਼ੋਰਦਾਰ ਨਿੰਦਾ ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਸ਼ੇਰੋਂ ਖੰਡ ਮਿੱਲ ਮੋਰਚੇ ਦੇ 105ਵੇਂ ਦਿਨ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਪੰਜਾਬ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਦੀ ਜ਼ੋਰਦਾਰ ਨਿੰਦਾ ਕਰਦੇ ਹੋਏ ਝੂਠੇ ਹਾਕਮਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਡਾ. ਇੰਦਰਜੀਤ ਸਿੰਘ ਮਰਹਾਣਾ, ਤਰਸੇਮ ਸਿੰਘ ਲੁਹਾਰ, ਪ੍ਰਿੰਸੀਪਲ ਦਲਬੀਰ ਸਿੰਘ ਦਿਉਲ, ਜੱਸਾ ਸਿੰਘ ਕੱਦਗਿੱਲ, ਮਨਜੀਤ ਸਿੰਘ ਬੱਗੂ, ਜਸਬੀਰ ਸਿੰਘ ਨਿੱਝਰ ਆਦਿ ਨੇ ਅਫਸੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਸ਼ੇਰੋਂ ਖੰਡ ਮਿੱਲ ਦੀ ਜ਼ਮੀਨ ਵੇਚਣ ਅਤੇ ਕੀਤੇ ਵਾਅਦੇ ਮੁਤਾਬਿਕ ਖੰਡ ਮਿੱਲ ਮੁੜ ਚਾਲੂ ਕਰਨ ਦੇ ਮਾਮਲੇ ’ਤੇ ਆਮ ਆਦਮੀ ਪਾਰਟੀ ਦੇ ਸਥਾਨਕ ਜ਼ਿਲ੍ਹੇ ਨਾਲ ਸਬੰਧਤ ਸਾਰੇ ਵਿਧਾਇਕਾਂ ਦੀ ਪਿਛਲੇ ਇਕ ਸਾਲ ਤੋਂ ਧਾਰਨ ਕੀਤੀ ਖਾਮੋਸ਼ੀ ਇਲਾਕੇ ਨੂੰ ਚੁੱਭ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸਹਿਕਾਰੀ ਅਦਾਰੇ ਦੀ ਇਹ ਬੰਦ ਪਈ ਖੰਡ ਮਿੱਲ ਚਾਲੂ ਕਰਨੀ ਬਦਲਵੀਂ ਖੇਤੀ ਲਈ ਬਹੁਤ ਜ਼ਰੂਰੀ ਹੈ। ਪਰ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਨੀਤੀ ਦੋ ਮੂੰਹੀ ਸਾਬਿਤ ਹੋਈ ਹੈ, ਕਿਉਂਕਿ ਭਗਵੰਤ ਮਾਨ ਨੇ ਸੂਬੇ ਦਾ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਖੰਡ ਮਿੱਲ ਦੀ ਜ਼ਮੀਨ ਵਿਚ ਆਮ ਆਦਮੀ ਪਾਰਟੀ ਦੀ ਹੋਈ ਰੈਲੀ ਸਮੇਂ ਸੱਤਾ ਵਿਚ ਆਉਣ ’ਤੇ ਖੰਡ ਮਿੱਲ ਚਾਲੂ ਕਰਨ ਦਾ ਇਲਾਕੇ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ। ਪਰ ਹੁਣ ਸਾਢੇ ਚਾਰ ਸਾਲ ਤੋਂ ਚੁੱਪ ਵੱਟੀ ਹੈ, ਜੋ ਨਿੰਦਣਯੋਗ ਹੈ। ਆਗੂਆਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਦੇ ਕਿਸਾਨ ਮਸਲਿਆਂ ਪ੍ਰਤੀ ਧਾਰਨ ਕੀਤੇ ਅੱਖੜ ਰਵੱਈਏ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਵਲੋਂ ਪਹਿਲੀ ਸਤੰਬਰ ਤੋਂ ਚੰਡੀਗੜ੍ਹ ਵਿਚ ਲਗਾਏ ਪੱਕੇ ਮੋਰਚੇ ਨੂੰ ਕਾਮਯਾਬ ਕਰਨ ਲਈ ਕਿਰਤੀ ਲੋਕਾਂ ਨੂੰ ਚੰਡੀਗੜ੍ਹ ਵਹੀਰਾਂ ਘੱਤ ਕੇ ਪਹੁੰਚਣ ਦਾ ਸੱਦਾ ਦਿੱਤਾ। ਇਸ ਮੌਕੇ ਕਿਸਾਨ ਆਗੂਆਂ ਗੁਰਪ੍ਰੀਤ ਸਿੰਘ ਗੰਡੀਵਿੰਡ, ਕਰਮ ਸਿੰਘ ਲਾਲਪੁਰਾ, ਸੁਖਬਾਜ ਸਿੰਘ ਸਿੱਧੂ, ਗੁਰਚਰਨ ਸਿੰਘ ਸਭਰਾ, ਅਗਰੇਜ਼ ਸਿੰਘ ਗੋਰਖਾ, ਗੁਰਚਰਨ ਸਿੰਘ ਵੈਰੋਵਾਲ, ਬਲਵਿੰਦਰ ਸਿੰਘ ਮੁੰਡਾਪਿੰਡ, ਮੁਖਤਾਰ ਸਿੰਘ ਜੋਹਲ ਢਾਏਵਾਲਾ ਨੇ ਕਿਸਾਨੀ ਹਿੱਤਾਂ ਲਈ ਵੱਡੀ ਲਾਮਬੰਦੀ ਕਰਨ ’ਤੇ ਜ਼ੋਰ ਦਿੱਤਾ।