ਜਲ ਸਪਲਾਈ ਕੰਟਰੈਕਟ ਵਰਕਰ ਯੂਨੀਅਨ ਨੇ ਸੌਂਪਿਆ ਮੰਗ ਪੱਤਰ ਜਲ ਸਪਲਾਈ ਕੰਟਰੈਕਟ ਵਰਕਰ ਯੂਨੀਅਨ ਨੇ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ
Publish Date: Tue, 01 Sep 2026 06:02 PM (IST)
Updated Date: Tue, 01 Sep 2026 06:04 PM (IST)
ਮੰਗਾਂ ਨਾ ਮੰਨੀਆਂ ਤਾਂ 8 ਸਤੰਬਰ ਤੋਂ ਸਾਹਨੇਵਾਲ ’ਚ ਲੱਗੇਗਾ ਪੱਕਾ ਮੋਰਚਾ : ਆਗੂ ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ ਸ੍ਰੀ ਗੋਇੰਦਵਾਲ ਸਾਹਿਬ : ਜਲ ਸਪਲਾਈ ਕੰਟਰੈਕਟ ਵਰਕਰ ਯੂਨੀਅਨ ਰਜਿਸਟਰ ਨੰਬਰ 31 ਪੰਜਾਬ ਦੇ ਸੂਬਾ ਪੱਧਰੀ ਫੈਸਲੇ ਤਹਿਤ ਜ਼ਿਲ੍ਹਾ ਤਰਨਤਾਰਨ ਇਕਾਈ ਵੱਲੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਡਵੀਜ਼ਨ ਨੰਬਰ-1 ਰਾਹੀਂ ਮੁੱਖ ਮੰਤਰੀ, ਕੈਬਨਿਟ ਸਬ-ਕਮੇਟੀ ਦੇ ਚੇਅਰਮੈਨ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੂੰ ਮੰਗ ਪੱਤਰ ਭੇਜਿਆ ਗਿਆ। ਇਸ ਮੌਕੇ ਸੂਬਾ ਆਗੂ ਗੁਰਵਿੰਦਰ ਸਿੰਘ ਬਾਠ, ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਦਬੁਰਜ਼ੀ, ਜ਼ਿਲ੍ਹਾ ਆਗੂ ਸੁਖਬੀਰ ਸਿੰਘ, ਦਿਲਬਾਗ ਸਿੰਘ ਕੰਗ, ਹਰਨੰਦ ਸਿੰਘ, ਗੁਰਵਿੰਦਰ ਸਿੰਘ, ਦੇਸ਼ਰਾਜ ਰੰਧਾਵਾ, ਬਲਾਕ ਪ੍ਰਧਾਨ ਪਰਮਜੀਤ ਸਿੰਘ ਅਤੇ ਬਲਾਕ ਜਨਰਲ ਸਕੱਤਰ ਪੰਜਾਬ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ 17 ਅਗਸਤ ਨੂੰ ਕਮੇਟੀ ਗਠਿਤ ਕਰਕੇ ਇਨਲਿਸਟਮੈਂਟ ਵਰਕਰਾਂ ਦਾ ਰਿਕਾਰਡ ਮੰਗਣ ਅਤੇ ਪੰਜਾਬ ਰਾਜ ਆਊਟਸੋਰਸ ਪਰਸੋਨਲ ਕੰਟਰੈਕਚੁਅਲ ਇੰਗੇਜਮੈਂਟ ਵਿਚ ਤਬਦੀਲੀ ਬਿੱਲ-2026 ਨੂੰ ਇਨਲਿਸਟਮੈਂਟ/ਆਊਟਸੋਰਸ ਵਰਕਰਾਂ ’ਤੇ ਤੁਰੰਤ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਸੀ। ਆਗੂਆਂ ਨੇ ਕਿਹਾ ਕਿ ਅਜੇ ਤਕ ਇਨਲਿਸਟਮੈਂਟ ਵਰਕਰਾਂ ਦੇ ਰਿਕਾਰਡ ਦੀ ਵੈਰੀਫਿਕੇਸ਼ਨ ਲਈ ਹੇਠਲੇ ਪੱਧਰ ’ਤੇ ਰਿਕਾਰਡ ਨਹੀਂ ਮੰਗਿਆ ਗਿਆ, ਜਿਸ ਕਾਰਨ ਵਰਕਰਾਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਇਕ ਸਤੰਬਰ ਤਕ ਮੁੱਖ ਮੰਤਰੀ, ਵਿੱਤ ਮੰਤਰੀ ਅਤੇ ਵਿਭਾਗੀ ਕੈਬਨਿਟ ਮੰਤਰੀ ਨੂੰ ਮੰਗ ਪੱਤਰ ਭੇਜੇ ਜਾਣਗੇ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੰਗ ਪੱਤਰ ਵਿਚ ਦਰਜ ਮੰਗਾਂ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਪੰਜਾਬ ਸਰਕਾਰ, ਵਿਭਾਗ ਦੇ ਕੈਬਨਿਟ ਮੰਤਰੀ ਅਤੇ ਮੈਨੇਜਮੈਂਟ ਵਿਰੁੱਧ 8 ਸਤੰਬਰ ਨੂੰ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਹਲਕੇ ਸਾਹਨੇਵਾਲ ਵਿਖੇ ਪਰਿਵਾਰਾਂ ਤੇ ਬੱਚਿਆਂ ਸਮੇਤ ਲਗਾਤਾਰ ਮੋਰਚਾ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਮੰਗਾਂ ਦਾ ਹੱਲ ਹੋਣ ਤਕ ਜਾਰੀ ਰਹੇਗਾ।