ਇਤਿਹਾਸਕ ਪਿੰਡ ਸਰਹਾਲੀ ਕਲਾਂ ’ਚ ਵਿਕਾਸ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ ਇਤਿਹਾਸਕ ਪਿੰਡ ਸਰਹਾਲੀ ਕਲਾਂ ’ਚ ਵਿਕਾਸ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ
Publish Date: Tue, 01 Sep 2026 05:49 PM (IST)
Updated Date: Tue, 01 Sep 2026 05:52 PM (IST)
ਗਲੀਆਂ-ਸੜਕਾਂ ’ਤੇ ਵਹਿ ਰਿਹਾ ਗੰਦਾ ਪਾਣੀ, ਛੱਪੜ ਨੱਕੋ-ਨੱਕ ਭਰੇ ਘਰਾਂ ’ਚ ਦਾਖ਼ਲ ਹੋ ਰਿਹਾ ਪਾਣੀ, ਲੋਕਾਂ ਦਾ ਜਿਊਣਾ ਮੁਹਾਲ, ਬਿਮਾਰੀਆਂ ਫੈਲਣ ਦਾ ਖ਼ਤਰਾ ਲਵਦੀਪ ਦੇਵਗਨ/ਕੇਪੀ ਗਿੱਲ, •ਪੰਜਾਬੀ ਜਾਗਰਣ ਸਰਹਾਲੀ ਕਲਾਂ/ਕੈਰੋਂ : ਹਲਕਾ ਪੱਟੀ ਦਾ ਇਤਿਹਾਸਕ ਪਿੰਡ ਸਰਹਾਲੀ ਕਲਾਂ, ਜਿਸ ਦੀ ਧਰਤੀ ਨੇ ਸੂਰਬੀਰ ਯੋਧਿਆਂ, ਸੰਤਾਂ ਅਤੇ ਮਹਾਪੁਰਖਾਂ ਨੂੰ ਜਨਮ ਦਿੱਤਾ ਹੈ ਅਤੇ ਜਿਸ ਦਾ ਇਤਿਹਾਸ ਪੰਜਾਬ ਹੀ ਨਹੀਂ ਸਗੋਂ ਦੇਸ਼-ਵਿਦੇਸ਼ ਵਿਚ ਵੱਸਦੇ ਪੰਜਾਬੀਆਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ, ਅੱਜ ਵਿਕਾਸ ਪੱਖੋਂ ਬੇਹੱਦ ਨਿਰਾਸ਼ਾਜਨਕ ਹਾਲਾਤ ਦਾ ਸਾਹਮਣਾ ਕਰਦਾ ਨਜ਼ਰ ਆ ਰਿਹਾ ਹੈ। ਪਿੰਡ ਦੀ ਸਭ ਤੋਂ ਵੱਡੀ ਸਮੱਸਿਆ ਇਸ ਸਮੇਂ ਸੀਵਰੇਜ ਅਤੇ ਗੰਦੇ ਪਾਣੀ ਦੀ ਨਿਕਾਸੀ ਬਣੀ ਹੋਈ ਹੈ। ਹਾਲਾਤ ਇਹ ਹਨ ਕਿ ਪਿੰਡ ਦੇ ਕਈ ਹਿੱਸਿਆਂ ਵਿਚ ਛੱਪੜਾਂ ਦਾ ਗੰਦਾ ਪਾਣੀ ਓਵਰਫਲੋਅ ਹੋ ਕੇ ਗਲੀਆਂ, ਰਸਤਿਆਂ ਅਤੇ ਸੜਕਾਂ ’ਤੇ ਆ ਗਿਆ ਹੈ, ਜਦਕਿ ਕਈ ਲੋਕਾਂ ਦੇ ਘਰਾਂ ਵਿਚ ਵੀ ਗੰਦਾ ਪਾਣੀ ਦਾਖ਼ਲ ਹੋਣ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਗੰਦੇ ਪਾਣੀ ਦੀ ਨਿਕਾਸੀ ਦਾ ਢੁੱਕਵਾਂ ਪ੍ਰਬੰਧ ਨਾ ਹੋਣ ਕਾਰਨ ਰੋਜ਼ਾਨਾ ਦੀ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਕਈ ਗਲੀਆਂ ਵਿਚ ਪਾਣੀ ਇਨ੍ਹਾਂ ਇਕੱਠਾ ਹੋ ਚੁੱਕਾ ਹੈ ਕਿ ਲੋਕਾਂ ਲਈ ਆਪਣੇ ਘਰਾਂ ਤੋਂ ਬਾਹਰ ਨਿਕਲਣਾ ਅਤੇ ਇਕ ਥਾਂ ਤੋਂ ਦੂਜੀ ਥਾਂ ਜਾਣਾ ਵੀ ਮੁਸ਼ਕਿਲ ਹੋ ਗਿਆ ਹੈ। ਜਿੱਥੇ ਆਮ ਲੋਕਾਂ ਨੂੰ ਰੋਜ਼ਾਨਾ ਆਉਣ-ਜਾਣ ਵਿਚ ਪਰੇਸ਼ਾਨੀ ਹੋ ਰਹੀ ਹੈ, ਉੱਥੇ ਸਕੂਲ ਜਾਣ ਵਾਲੇ ਬੱਚਿਆਂ, ਬਜ਼ੁਰਗਾਂ ਅਤੇ ਮਰੀਜ਼ਾਂ ਲਈ ਸਥਿਤੀ ਹੋਰ ਵੀ ਚਿੰਤਾਜਨਕ ਬਣੀ ਹੋਈ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਗੰਦੇ ਪਾਣੀ ਦੀ ਸਮੱਸਿਆ ਕੋਈ ਅਚਾਨਕ ਪੈਦਾ ਹੋਈ ਸਮੱਸਿਆ ਨਹੀਂ ਹੈ, ਸਗੋਂ ਲੰਬੇ ਸਮੇਂ ਤੋਂ ਨਿਕਾਸੀ ਪ੍ਰਬੰਧ ਦੀ ਘਾਟ ਕਾਰਨ ਹਾਲਾਤ ਵਿਗੜਦੇ ਗਏ ਹਨ। ਜਦੋਂ ਮੀਂਹ ਪੈਂਦਾ ਹੈ ਤਾਂ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ ਅਤੇ ਪਹਿਲਾਂ ਹੀ ਭਰੇ ਛੱਪੜਾਂ ਦਾ ਪਾਣੀ ਗਲੀਆਂ ਵੱਲ ਆ ਜਾਂਦਾ ਹੈ। ਕਈ ਥਾਵਾਂ ’ਤੇ ਸੀਵਰੇਜ ਜਾਂ ਪਾਣੀ ਦੀ ਨਿਕਾਸੀ ਵਾਲੇ ਰਸਤੇ ਸਹੀ ਢੰਗ ਨਾਲ ਕੰਮ ਨਾ ਕਰਨ ਕਾਰਨ ਪਾਣੀ ਖੜ੍ਹਾ ਰਹਿੰਦਾ ਹੈ। ਲੋਕਾਂ ਨੇ ਕਿਹਾ ਕਿ ਪਿੰਡ ਦੀ ਆਬਾਦੀ ਅਤੇ ਲੋੜਾਂ ਦੇ ਮੁਕਾਬਲੇ ਬੁਨਿਆਦੀ ਢਾਂਚੇ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਗਿਆ। ਇਕ ਪਾਸੇ ਸਰਹਾਲੀ ਕਲਾਂ ਦੀ ਇਤਿਹਾਸਕ ਮਹੱਤਤਾ ਨੂੰ ਦੁਨੀਆ ਸਾਹਮਣੇ ਉਭਾਰਨ ਦੀ ਗੱਲ ਕੀਤੀ ਜਾਂਦੀ ਹੈ, ਦੂਜੇ ਪਾਸੇ ਪਿੰਡ ਦੇ ਵਸਨੀਕਾਂ ਨੂੰ ਸਾਫ਼-ਸੁਥਰੇ ਰਸਤੇ ਅਤੇ ਗੰਦੇ ਪਾਣੀ ਦੀ ਨਿਕਾਸੀ ਵਰਗੀ ਮੁੱਢਲੀ ਸਹੂਲਤ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ। ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਸਬੰਧਤ ਵਿਭਾਗ ਦੇ ਅਧਿਕਾਰੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣ। ਸਿਰਫ਼ ਆਰਜ਼ੀ ਤੌਰ ’ਤੇ ਪਾਣੀ ਕੱਢਣ ਦੀ ਬਜਾਏ ਪਿੰਡ ਵਿਚ ਗੰਦੇ ਪਾਣੀ ਦੀ ਨਿਕਾਸੀ ਲਈ ਪੱਕਾ ਅਤੇ ਵਿਗਿਆਨਕ ਹੱਲ ਤਿਆਰ ਕੀਤਾ ਜਾਵੇ। ਛੱਪੜਾਂ ਦੀ ਸਫ਼ਾਈ, ਪਾਣੀ ਦੀ ਨਿਕਾਸੀ, ਸੀਵਰੇਜ ਪ੍ਰਬੰਧ ਅਤੇ ਬੰਦ ਪਈਆਂ ਗਲੀਆਂ ਨੂੰ ਚਾਲੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ। ਪੀਰ ਬਾਬਾ ਤਖੀਏ ਵਾਲਾ ਵਾਲੀ ਗਲੀ ਦੇ ਹਾਲਾਤ ਵੀ ਗੰਭੀਰ ਪਿੰਡ ਦੇ ਲੋਕਾਂ ਮੁਤਾਬਿਕ ਸਭ ਤੋਂ ਗੰਭੀਰ ਹਾਲਾਤ ਪੀਰ ਬਾਬਾ ਤਖੀਏ ਵਾਲਾ ਵਾਲੀ ਗਲੀ ਵਿਚ ਬਣੇ ਹੋਏ ਹਨ, ਜਿੱਥੇ ਗੰਦੇ ਪਾਣੀ ਕਾਰਨ ਰਸਤਾ ਲਗਭਗ ਬੰਦ ਹੋ ਗਿਆ ਹੈ। ਇਸੇ ਤਰ੍ਹਾਂ ਸੂਵੇ ਵਾਲੇ ਵੇਹੜੇ ਦੀ ਗਲੀ, ਜੋ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਪੈਂਦੀ ਹੈ, ਵਿਚ ਵੀ ਗੰਦਾ ਪਾਣੀ ਇਕੱਠਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਧਾਰਮਿਕ ਸਥਾਨਾਂ ਵੱਲ ਜਾਣ ਵਾਲੇ ਰਸਤਿਆਂ ਦੀ ਇਹ ਹਾਲਤ ਪਿੰਡ ਦੇ ਪ੍ਰਬੰਧ ਅਤੇ ਸਫ਼ਾਈ ਵਿਵਸਥਾ ’ਤੇ ਵੀ ਸਵਾਲ ਖੜ੍ਹੇ ਕਰਦੀ ਹੈ। ਛੱਪੜ ਵਰਗਾ ਬਣਿਆ ਚੋਹਲਾ ਸਾਹਿਬ ਵਾਲਾ ਚੌਕ ਚੋਹਲਾ ਸਾਹਿਬ ਵਾਲਾ ਚੌਕ ਵੀ ਗੰਦੇ ਪਾਣੀ ਨਾਲ ਭਰੇ ਹੋਣ ਕਾਰਨ ਕਿਸੇ ਛੱਪੜ ਵਰਗਾ ਨਜ਼ਰ ਆਉਣ ਲੱਗਾ ਹੈ। ਇੱਥੋਂ ਲੰਘਣ ਵਾਲੇ ਵਾਹਨ ਚਾਲਕਾਂ ਅਤੇ ਪੈਦਲ ਰਾਹਗੀਰਾਂ ਨੂੰ ਪਾਣੀ ਵਿੱਚੋਂ ਲੰਘਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਪਾਣੀ ਦੀ ਡੂੰਘਾਈ ਦਾ ਅੰਦਾਜ਼ਾ ਨਾ ਹੋਣ ਕਾਰਨ ਦੋ ਪਹੀਆ ਵਾਹਨ ਚਾਲਕਾਂ ਲਈ ਹਾਦਸੇ ਦਾ ਖ਼ਤਰਾ ਵੀ ਬਣਿਆ ਹੋਇਆ ਹੈ। ਇਨ੍ਹਾਂ ਗਲੀਆਂ ’ਚ ਵੀ ਜਮ੍ਹਾਂ ਰਹਿੰਦਾ ਹੈ ਗੰਦਾ ਪਾਣੀ ਇਸੇ ਤਰ੍ਹਾਂ ਠੇਕੇਦਾਰ ਸੁਖਦੇਵ ਸਿੰਘ ਘੁੱਗੀ, ਮੌਜੂਦਾ ਮੈਂਬਰ ਪੰਚਾਇਤ, ਵਾਲੀ ਗਲੀ ਵਿਚ ਵੀ ਗੰਦਾ ਪਾਣੀ ਇਕੱਠਾ ਹੋਣ ਕਾਰਨ ਰਸਤਾ ਬੰਦ ਹੋਣ ਦੀ ਗੱਲ ਪਿੰਡ ਵਾਸੀਆਂ ਵੱਲੋਂ ਕਹੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪਿੰਡ ਦੀਆਂ ਮੁੱਖ ਗਲੀਆਂ ਅਤੇ ਰਸਤਿਆਂ ਦੀ ਹੀ ਇਹ ਹਾਲਤ ਰਹੇਗੀ, ਤਾਂ ਪਿੰਡ ਦੇ ਵਿਕਾਸ ਅਤੇ ਬੁਨਿਆਦੀ ਸਹੂਲਤਾਂ ਸਬੰਧੀ ਕੀਤੇ ਜਾ ਰਹੇ ਦਾਅਵਿਆਂ ’ਤੇ ਸਵਾਲ ਉੱਠਣਾ ਸੁਭਾਵਿਕ ਹੈ। ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਦਾ ਪਿੰਡ ਹੈ ਸਰਹਾਲੀ ਕਲਾਂ ਸਰਹਾਲੀ ਕਲਾਂ ਦੀ ਸਭ ਤੋਂ ਅਹਿਮ ਇਤਿਹਾਸਕ ਪਛਾਣ ਨਾਲ ਜੁੜੇ ਗਦਰੀ ਬਾਬੇ ਸ਼ਹੀਦ ਬਾਬਾ ਗੁਰਦਿੱਤ ਸਿੰਘ ਜੀ ਕਾਮਾਗਾਟਾਮਾਰੂ ਦੇ ਇਤਿਹਾਸਕ ਜਨਮ ਸਥਾਨ ਵਾਲੇ ਘਰ ਨੂੰ ਜਾਣ ਵਾਲੀ ਗਲੀ ਦੀ ਹਾਲਤ ਵੀ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਿਸ ਸਥਾਨ ਨਾਲ ਦੇਸ਼ ਦੇ ਆਜ਼ਾਦੀ ਸੰਘਰਸ਼ ਦਾ ਇਤਿਹਾਸ ਜੁੜਿਆ ਹੋਇਆ ਹੈ, ਉਸ ਵੱਲ ਜਾਣ ਵਾਲੇ ਰਸਤੇ ਦੀ ਮਾੜੀ ਹਾਲਤ ਪਿੰਡ ਦੀ ਇਤਿਹਾਸਕ ਵਿਰਾਸਤ ਦੀ ਸੰਭਾਲ ਪ੍ਰਤੀ ਵੀ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਪਿੰਡ ਦੇ ਵੱਖ-ਵੱਖ ਛੱਪੜਾਂ ਦੀ ਹਾਲਤ ਵੀ ਚਿੰਤਾਜਨਕ ਪਿੰਡ ਦੇ ਵੱਖ-ਵੱਖ ਛੱਪੜਾਂ ਦੀ ਹਾਲਤ ਵੀ ਚਿੰਤਾਜਨਕ ਦੱਸੀ ਜਾ ਰਹੀ ਹੈ। ਲੋਕਾਂ ਮੁਤਾਬਿਕ ਛੱਪੜ ਨੱਕੋ-ਨੱਕ ਭਰੇ ਹੋਏ ਹਨ ਅਤੇ ਕਈ ਥਾਵਾਂ ’ਤੇ ਪਾਣੀ ਛੱਪੜਾਂ ਦੀ ਹੱਦ ਤੋਂ ਬਾਹਰ ਨਿਕਲ ਕੇ ਗਲੀਆਂ ਅਤੇ ਸੜਕਾਂ ਉੱਪਰ ਵਹਿ ਰਿਹਾ ਹੈ। ਲਗਾਤਾਰ ਖੜ੍ਹੇ ਗੰਦੇ ਪਾਣੀ ਕਾਰਨ ਬਦਬੂ ਫੈਲਣ ਦੇ ਨਾਲ ਮੱਛਰਾਂ ਦੀ ਭਰਮਾਰ ਹੋਣ ਦਾ ਖ਼ਤਰਾ ਵੀ ਬਣਿਆ ਹੋਇਆ ਹੈ। ਲੋਕਾਂ ਨੂੰ ਡਰ ਹੈ ਕਿ ਜੇਕਰ ਇਸ ਪਾਣੀ ਦੀ ਨਿਕਾਸੀ ਦਾ ਤੁਰੰਤ ਪ੍ਰਬੰਧ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਡੇਂਗੂ, ਮਲੇਰੀਆ ਅਤੇ ਹੋਰ ਪਾਣੀ ਤੇ ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਦਾ ਖ਼ਤਰਾ ਵਧ ਸਕਦਾ ਹੈ। ਇਤਿਹਾਸਿਕ ਤੇ ਧਾਰਮਿਕ ਵਿਰਾਸਤ ਨਾਲ ਜੁੜਿਆ ਹੈ ਪਿੰਡ ਸਰਹਾਲੀ ਕਲਾਂ ਸਿਰਫ਼ ਇਕ ਆਮ ਪਿੰਡ ਨਹੀਂ, ਸਗੋਂ ਇਤਿਹਾਸਕ ਅਤੇ ਧਾਰਮਿਕ ਵਿਰਾਸਤ ਨਾਲ ਜੁੜਿਆ ਮਹੱਤਵਪੂਰਨ ਪਿੰਡ ਹੈ। ਅਜਿਹੇ ਪਿੰਡ ਵਿਚ ਬੁਨਿਆਦੀ ਸਹੂਲਤਾਂ ਦੀ ਮਾੜੀ ਹਾਲਤ ਨਾ ਸਿਰਫ਼ ਪਿੰਡ ਵਾਸੀਆਂ ਲਈ ਚਿੰਤਾ ਦਾ ਵਿਸ਼ਾ ਹੈ, ਸਗੋਂ ਇਥੇ ਆਉਣ ਵਾਲੇ ਸ਼ਰਧਾਲੂਆਂ ਅਤੇ ਇਤਿਹਾਸ ਪ੍ਰੇਮੀਆਂ ਲਈ ਵੀ ਮੁਸ਼ਕਿਲਾਂ ਪੈਦਾ ਕਰਦੀ ਹੈ। ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਰਹਾਲੀ ਕਲਾਂ ਦੀ ਇਤਿਹਾਸਕ ਮਹੱਤਤਾ ਨੂੰ ਧਿਆਨ ਵਿੱਚ ਰੱਖਦਿਆਂ ਪਿੰਡ ਦੇ ਵਿਕਾਸ ਲਈ ਵਿਸ਼ੇਸ਼ ਯੋਜਨਾ ਤਿਆਰ ਕੀਤੀ ਜਾਵੇ ਅਤੇ ਸਭ ਤੋਂ ਪਹਿਲਾਂ ਗੰਦੇ ਪਾਣੀ ਅਤੇ ਸੀਵਰੇਜ ਦੀ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇ। ਪਿੰਡ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ : ਸਰਪੰਚ ਪਿੰਡ ਸਰਹਾਲੀ ਦੇ ਸਰਪੰਚ ਬਲਕਾਰ ਸਿੰਘ ਲਾਡੀ ਨਾਲ ਜਦੋਂ ਇਸ ਸਬੰਧੀ ਰਾਬਤਾ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਪਿੰਡ ਦੇ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਉਨ੍ਹਾਂ ਕਿਹਾ ਕਿ ਜਿਸ ਜਗ੍ਹਾ ’ਤੇ ਕੋਈ ਕਮੀ ਹੈ, ਉਸ ਨੂੰ ਵੀ ਜਲਦ ਪੂਰਾ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਿਕਲ ਨਹੀਂ ਆਉਣ ਦਿੱਤੀ ਜਾਵੇਗੀ।