ਐੱਨਐੱਚਐੱਮ ਯੂਨੀਅਨ ਨੇ ਸਿਵਲ ਸਰਜਨ ਦਫ਼ਤਰ ਅੱਗੇ ਦਿੱਤਾ ਰੋਸ ਧਰਨਾ ਐੱਨਐੱਚਐੱਮ ਯੂਨੀਅਨ ਨੇ ਸਿਵਲ ਸਰਜਨ ਦਫ਼ਤਰ ਤਰਨਤਾਰਨ ਅੱਗੇ ਦਿੱਤਾ ਰੋਸ ਧਰਨਾ
Publish Date: Tue, 01 Sep 2026 05:34 PM (IST)
Updated Date: Tue, 01 Sep 2026 05:37 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਲੰਮੇ ਸਮੇਂ ਤੋਂ ਨਿਗੂਣੀਆਂ ਤਨਖ਼ਾਹਾਂ ’ਤੇ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੇ ਐੱਨਐੱਚਐੱਮ ਕਰਮਚਾਰੀ ਰੈਗੂਲਰ ਹੋਣ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ। ਇਸੇ ਤਹਿਤ ਪੂਰੇ ਪੰਜਾਬ ਵਿਚ ਰੋਸ ਮੁਜ਼ਾਹਰੇ ਅਤੇ ਧਰਨੇ ਦੇ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐੱਨਐੱਚਐੱਮ ਯੂਨੀਅਨ ਤਰਨਤਾਰਨ ਦੇ ਜ਼ਿਲ੍ਹਾ ਜਨਰਲ ਸਕੱਤਰ ਮਨਦੀਪ ਸਿੰਘ ਨੇ ਸਿਵਲ ਸਰਜਨ ਦਫ਼ਤਰ ਤਰਨਤਾਰਨ ਵਿਖੇ ਲਗਾਏ ਗਏ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਪਿਛਲੀਆਂ ਸਰਕਾਰਾਂ ਵਾਂਗ ਲਾਅਰੇ ਲਗਾ ਕੇ ਡੰਗ ਟਪਾ ਰਹੀ ਹੈ। ਉਨ੍ਹਾਂ ਕਿਹਾ ਕਿ ਐੱਨਐੱਚਐੱਮ ਕਰਮਚਾਰੀ ਬਹੁਤ ਘੱਟ ਤਨਖ਼ਾਹਾਂ ’ਤੇ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਦੇ ਆ ਰਹੇ ਹਨ ਅਤੇ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਤੋਂ ਲੈ ਕੇ ਹੁਣ ਤਕ ਰੈਗੂਲਰ ਹੋਣ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਨ੍ਹਾਂ ਨੂੰ ਪੂਰਾ ਭਰੋਸਾ ਦਿੱਤਾ ਗਿਆ ਸੀ ਕਿ ਸਰਕਾਰ ਬਣਨ ’ਤੇ ਸਾਰੇ ਮੁਲਾਜ਼ਮਾਂ ਨੂੰ ਰੈਗੂਲਰ ਕਰ ਦਿੱਤਾ ਜਾਵੇਗਾ, ਪਰ ਅਫ਼ਸੋਸ ਦੀ ਗੱਲ ਹੈ ਕਿ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਨ੍ਹਾਂ ਨੂੰ ਰੈਗੂਲਰ ਕਰਨ ਵਿਚ ਟਾਲ-ਮਟੋਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤਕ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਲਗਭਗ 35 ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ, ਪਰ ਲਾਰਿਆਂ ਤੋਂ ਇਲਾਵਾ ਕੁਝ ਵੀ ਨਹੀਂ ਮਿਲਿਆ। ਹਰ ਮੀਟਿੰਗ ਵਿਚ ਇਹੋ ਕਿਹਾ ਜਾਂਦਾ ਰਿਹਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਸਬੰਧੀ ਪ੍ਰਪੋਜ਼ਲ ਤਿਆਰ ਕਰਕੇ ਸਰਕਾਰ ਨੂੰ ਭੇਜ ਦਿੱਤੀ ਗਈ ਹੈ, ਪਰ ਅਮਲ ਵਿਚ ਕੁਝ ਨਹੀਂ ਹੋ ਰਿਹਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹੈੱਡਕੁਆਰਟਰ ਵੱਲੋਂ ਅੱਜ 2 ਸਤੰਬਰ ਨੂੰ ਮੰਗਾਂ ਦੇ ਹੱਲ ਲਈ ਮੀਟਿੰਗ ਰੱਖੀ ਗਈ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਕਤ ਮੀਟਿੰਗ ਵਿਚ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਮੁਲਾਜ਼ਮਾਂ ਵੱਲੋਂ ਸੂਬਾ ਪੱਧਰੀ ਧਰਨੇ ਦਾ ਐਲਾਨ ਕੀਤਾ ਜਾਵੇਗਾ ਅਤੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਐੱਨਐੱਚਐੱਮ ਡੀਐੱਮਈਓ ਰੋਹਿਤ ਠਾਕੁਰ, ਹੋਮਿਓਪੈਥੀ ਮੈਡੀਕਲ ਅਫ਼ਸਰ ਡਾ. ਦਿਲਬਾਗ ਸਿੰਘ, ਸੀਐੱਚਓ ਰਵਿੰਦਰ ਕੌਰ ਬਾਗੜੀਆਂ, ਸੀਐੱਚਓ ਸੁਪਰੀਤ ਕੌਰ ਸਰਹਾਲੀ, ਸੀਐੱਚਓ ਜੀਵਨਜੋਤ ਸਿੰਘ, ਗੁਰਸ਼ਰਨ ਸਿੰਘ ਫਿਜ਼ਿਓਥੈਰਾਪਿਸਟ, ਰੁਪਿੰਦਰ ਕੌਰ ਫਿਜ਼ਿਓਥੈਰਾਪਿਸਟ, ਕੋਮਲ ਲੈਬ ਟੈਕਨੀਸ਼ੀਅਨ, ਕੰਵਲਜੀਤ ਕੌਰ ਟੀਬੀ ਬ੍ਰਾਂਚ, ਵਜਿੰਦਰ ਐੱਮਐੱਲਟੀ, ਵਿਸ਼ਾਲ ਕੁਮਾਰ ਬੀਐੱਸਏ ਸਰਹਾਲੀ ਕਲਾਂ, ਸੰਦੀਪ ਸਿੰਘ ਬੀਐੱਸਏ ਕੈਰੋਂ, ਸੰਦੀਪ ਸਿੰਘ ਆਈਏ, ਯੁਵਰਾਜ ਸਿੰਘ ਆਈਏ, ਤੇਜਿੰਦਰਪਾਲ ਸਿੰਘ ਆਈਏ, ਅਮਰਜੀਤ ਕੌਰ ਅਕਾਊਂਟੈਂਟ ਕੈਰੋਂ, ਵਿੱਦਿਆ ਖੇਮਕਰਨ, ਰਿਤੇਸ਼ ਵਾਲੀਆ, ਸੰਦੀਪ ਸਿੰਘ ਕੰਪਿਊਟਰ ਆਪਰੇਟਰ, ਰਜਿੰਦਰ ਸਿੰਘ ਕੰਪਿਊਟਰ ਆਪਰੇਟਰ ਆਦਿ ਹਾਜ਼ਰ ਸਨ।