ਰਿਤਿਕ ਅਰੋੜਾ ਨੇ ਗਊਸ਼ਾਲਾ ’ਚ ਗਊ ਧੰਨ ਦੇ ਰੱਖ-ਰਖਾਅ ਨੂੰ ਲੈ ਕੇ ਚੁੱਕੇ ਸਵਾਲ ਰਿਤਿਕ ਅਰੋੜਾ ਨੇ ਗਊਸ਼ਾਲਾ ’ਚ ਗਊ ਧੰਨ ਦੇ ਰੱਖ ਰਖਾਅ ਨੂੰ ਲੈ ਕੇ ਚੁੱਕੇ ਸਵਾਲ
Publish Date: Tue, 01 Sep 2026 04:53 PM (IST)
Updated Date: Tue, 01 Sep 2026 04:55 PM (IST)
ਦੁਧਾਰੂ ਤੇ ਬਿਨਾਂ ਦੁੱਧ ਵਾਲੀਆਂ ਗਊਆਂ ’ਚ ਭੇਦਭਾਵ ਕਰਨ ਦੇ ਲਗਾਏ ਦੋਸ਼ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਦਿਖਾਈਆਂ ਪ੍ਰਬੰਧਾਂ ਦੀਆਂ ਤਸਵੀਰਾਂ ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਸ਼ਹਿਰ ਦੀ ਗੋਪਾਲ ਗਊਸ਼ਾਲਾ ਵਿਚ ਗਊਆਂ ਦੀ ਦੇਖਭਾਲ ਅਤੇ ਪ੍ਰਬੰਧਾਂ ’ਚ ਕਥਿਤ ਕਮੀਆਂ, ਗਊਆਂ, ਵੱਛੇ-ਵੱਛੀਆਂ ਨੂੰ ਚਾਰੇ-ਪਾਣੀ ਅਤੇ ਸਫ਼ਾਈ ਦੀਆਂ ਸਹੂਲਤਾਂ ਸਬੰਧੀ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਲੈ ਕੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਅਤੇ ਗਊ ਪ੍ਰੇਮੀ ਰਿਤਿਕ ਅਰੋੜਾ ਨੇ ਗੰਭੀਰ ਸਵਾਲ ਖੜ੍ਹੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਗਊਸ਼ਾਲਾ ਵਿਚ ਦੁੱਧ ਦੇਣ ਵਾਲੀਆਂ ਗਊਆਂ ਦੀ ਦੇਖਭਾਲ ਵੱਲ ਵਧੇਰੇ ਤਵੱਜੋ ਦਿੱਤੀ ਜਾ ਰਹੀ ਹੈ, ਜਦੋਂਕਿ ਜਿਹੜੀਆਂ ਗਊਆਂ ਦੁੱਧ ਨਹੀਂ ਦਿੰਦੀਆਂ ਜਾਂ ਵੱਛੇ-ਵੱਛੀਆਂ ਹਨ, ਉਨ੍ਹਾਂ ਨੂੰ ਕਥਿਤ ਤੌਰ ’ਤੇ ਚਾਰੇ ਅਤੇ ਪਾਣੀ ਦੀ ਉਸ ਤਰ੍ਹਾਂ ਸਹੂਲਤ ਨਹੀਂ ਮਿਲ ਰਹੀ, ਜਿਸ ਤਰ੍ਹਾਂ ਮਿਲਣੀ ਚਾਹੀਦੀ ਹੈ। ਰਿਤਿਕ ਨੇ ਸ਼ੋਸ਼ਲ ਮੀਡੀਆ ’ਤੇ ਇਸ ਸਬੰਧੀ ਵੱਖ-ਵੱਖ ਵੀਡੀਓ ਵੀ ਜਾਰੀ ਕੀਤੀਆਂ ਹਨ। ਉਨ੍ਹਾਂ ਮੁਤਾਬਿਕ ਉਹ ਪਿਛਲੇ ਕਰੀਬ ਪੰਜ ਮਹੀਨਿਆਂ ਤੋਂ ਲਗਾਤਾਰ ਗਊਸ਼ਾਲਾ ਦੇ ਪ੍ਰਬੰਧਕਾਂ ਨੂੰ ਮਿਲ ਕੇ ਸੁਧਾਰ ਕਰਨ ਦੀ ਅਪੀਲ ਕਰਦੇ ਆ ਰਹੇ ਹਨ। ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਪ੍ਰਬੰਧਾਂ ਵਿਚ ਲੋੜੀਂਦਾ ਸੁਧਾਰ ਨਜ਼ਰ ਨਹੀਂ ਆ ਰਿਹਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਗਊਆਂ ਦੇ ਬੈਠਣ ਵਾਲੀਆਂ ਥਾਵਾਂ ’ਤੇ ਕਈ-ਕਈ ਦਿਨ ਤਕ ਸਫ਼ਾਈ ਨਾ ਹੋਣ ਕਾਰਨ ਗੋਹਾ ਖਿੱਲਰਿਆ ਰਹਿੰਦਾ ਹੈ। ਜਿਸ ਕਾਰਨ ਗਊਆਂ ਲਈ ਇਸ ਥਾਂ ’ਤੇ ਬੈਠਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਰਿਤਿਕ ਅਰੋੜਾ ਨੇ ਕਿਹਾ ਕਿ ਗਊਸ਼ਾਲਾ ਦਾ ਮਕਸਦ ਸਿਰਫ਼ ਗਊਆਂ ਨੂੰ ਰੱਖਣਾ ਨਹੀਂ, ਸਗੋਂ ਉਨ੍ਹਾਂ ਦੀ ਚੰਗੇ ਤਰੀਕੇ ਨਾਲ ਸੇਵਾ-ਸੰਭਾਲ, ਚਾਰਾ, ਪਾਣੀ, ਇਲਾਜ ਅਤੇ ਸਾਫ਼-ਸੁਥਰਾ ਵਾਤਾਵਰਨ ਮੁਹੱਈਆ ਕਰਵਾਉਣਾ ਵੀ ਹੈ। ਜੇਕਰ ਕੋਈ ਗਊ ਬੁੱਢੀ ਹੈ, ਬਿਮਾਰ ਹੈ ਜਾਂ ਦੁੱਧ ਨਹੀਂ ਦਿੰਦੀ ਤਾਂ ਉਸ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਗਊਆਂ ਦੁੱਧ ਨਹੀਂ ਦਿੰਦੀਆਂ, ਉਹ ਵੀ ਉਨ੍ਹੀਂ ਹੀ ਮਹੱਤਵਪੂਰਨ ਹਨ ਅਤੇ ਉਨ੍ਹਾਂ ਦੀ ਸੇਵਾ-ਸੰਭਾਲ ਵਿਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ। ਰਿਤਿਕ ਅਰੋੜਾ ਨੇ ਕਿਹਾ ਕਿ ਉਹ ਕਿਸੇ ਵਿਅਕਤੀ ਵਿਸ਼ੇਸ਼ ਦੇ ਵਿਰੋਧ ਵਿਚ ਇਹ ਮੁੱਦਾ ਨਹੀਂ ਚੁੱਕ ਰਹੇ, ਸਗੋਂ ਗਊਆਂ ਦੀ ਸੇਵਾ ਅਤੇ ਉਨ੍ਹਾਂ ਦੇ ਹੱਕ ਵਿਚ ਆਵਾਜ਼ ਉਠਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਗਊਸ਼ਾਲਾ ਵਿਚ ਕਿਸੇ ਕਿਸਮ ਦੀ ਕਮੀ ਹੈ ਤਾਂ ਉਸ ਨੂੰ ਦੂਰ ਕਰਨ ਲਈ ਸਾਰੀਆਂ ਧਿਰਾਂ ਨੂੰ ਮਿਲ ਕੇ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਸ਼ਹਿਰ ਵਾਸੀਆਂ, ਗਊ ਪ੍ਰੇਮੀਆਂ ਅਤੇ ਹਿੰਦੂ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮੁੱਦੇ ’ਤੇ ਅੱਗੇ ਆਉਣ ਅਤੇ ਗਊਸ਼ਾਲਾ ਵਿਚ ਸੁਧਾਰ ਲਈ ਆਪਣਾ ਸਹਿਯੋਗ ਦੇਣ। ਕੇਂਦਰੀ ਤੇ ਸੂਬਾਈ ਕਮਿਸ਼ਨ ਨੂੰ ਭੇਜੀ ਸ਼ਿਕਾਇਤ ਰਿਤਿਕ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਨੇ ਕੇਂਦਰੀ ਕਮਿਸ਼ਨ ਦੇ ਨਾਲ ਸੂਬੇ ਦੇ ਗਊ ਸੇਵਾ ਬੋਰਡ, ਵਿਭਾਗ ਦੇ ਡਾਇਰੈਕਟਰ ਅਤੇ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਨੂੰ ਈਮੇਲ ਰਾਹੀਂ ਸ਼ਿਕਾਇਤ ਵੀ ਭੇਜੀ ਹੈ। ਉਨ੍ਹਾਂ ਦੱਸਿਆ ਕਿ ਕੇਂਦਰੀ ਕਮਿਸ਼ਨ ਨੇ ਵੀ ਉਨ੍ਹਾਂ ਦੀ ਸ਼ਿਕਾਇਤ ਨੂੰ ਦਰਜ ਕਰ ਲਿਆ ਹੈ। ਉਹ ਗਊ ਧੰਨ ਦੀ ਸੇਵਾ ਸੰਭਾਲ ’ਚ ਆ ਰਹੀਆਂ ਕਮੀਆਂ ਦੂਰ ਕਰਵਾਉਣ ਲਈ ਹਰ ਵੇਲੇ ਯਤਨਸ਼ੀਲ ਰਹਿਣਗੇ। ਅੱਜ ਪਹੁੰਚ ਰਹੇ ਹਨ ਗਊ ਸੇਵਾ ਬੋਰਡ ਪੰਜਾਬ ਦੇ ਚੇਅਰਮੈਨ ਉੱਧਰ ਪ੍ਰਬੰਧਕਾਂ ਦੀ ਮੰਨੀਏ ਤਾਂ ਗਊਸ਼ਾਲਾ ਸਮਾਜ ਦੀ ਸਾਂਝੀ ਹੈ, ਜਿੱਥੇ ਹਰ ਰੋਜ਼ ਕਈ ਸ਼ਹਿਰ ਵਾਸੀ ਸੇਵਾ ਲਈ ਜਾਂਦੇ ਹਨ। 200 ਤੋਂ ਵੱਧ ਗਊਆਂ ਵਾਲੇ ਇਸ ਸਥਾਨ ’ਤੇ ਜੇਕਰ ਕੋਈ ਕਮੀ ਹੈ ਤਾਂ, ਉਸ ਨੂੰ ਮਿਲ ਕੇ ਠੀਕ ਕਰਨ ਦੀ ਲੋੜ ਹੈ। ਅਜਿਹੀਆਂ ਸੰਸਥਾਵਾਂ ਨਿਸ਼ਕਾਮ ਸੇਵਾ ਭਾਵਨਾ ਨਾਲ ਹੀ ਚੱਲ ਸਕਦੀਆਂ ਹਨ। ਪ੍ਰਬੰਧਕਾਂ ਮੁਤਾਬਿਕ ਹਰ ਰੋਜ਼ ਗਊਆਂ ਦੀ ਸਿਹਤ ਦੀ ਜਾਂਚ ਵੀ ਹੁੰਦੀ ਹੈ ਤੇ ਮਾਹਿਰਾਂ ਦੀ ਰਾਏ ਮੁਤਾਬਿਕ ਪੀਣ ਵਾਲੇ ਪਾਣੇ ਤੇ ਚਾਰੇ ਪ੍ਰਤੀ ਨਿਯਮ ਅਪਣਾਏ ਜਾਂਦੇ ਹਨ। ਪ੍ਰਬੰਧਕਾਂ ਇਹ ਵੀ ਦੱਸਿਆ ਕਿ ਬੁੱਧਵਾਰ ਨੂੰ ਪੰਜਾਬ ਸਰਕਾਰ ਦੇ ਗਊ ਸੇਵਾ ਬੋਰਡ ਦੇ ਚੇਅਰਮੈਨ ਕੀਮਤੀ ਭਗਤ, ਡਿਪਟੀ ਕਮਿਸ਼ਨਰ ਤੇ ਹੋਰ ਅਧਿਕਾਰੀ ਗਊ ਸ਼ਾਲਾ ਪਹੁੰਚ ਰਹੇ ਹਨ ਅਤੇ ਇਥੇ ਵਿਸ਼ੇਸ਼ ਮੀਟਿੰਗ ਹੋਵੇਗੀ।