ਸਬ ਜੇਲ੍ਹ ਪੱਟੀ ‘ਚ ਬੰਦੀ ਭਰਾਵਾਂ ਨੂੰ ਰੱਖੜੀ ਬੰਨ੍ਹਣ ਪੁੱਜੀਆਂ ਭੈਣਾਂ, ਮਾਹੌਲ ਹੋਇਆ ਭਾਵੁਕ
ਸਬ ਜੇਲ੍ਹ ਪੱਟੀ ‘ਚ ਬੰਦੀ ਭਰਾਵਾਂ ਨੂੰ ਰੱਖੜੀ ਬੰਨ੍ਹਣ ਪੁੱਜੀਆਂ ਭੈਣਾਂ, ਮਾਹੌਲ ਹੋਇਆ ਭਾਵੁਕ
Publish Date: Fri, 28 Aug 2026 07:37 PM (IST)
Updated Date: Fri, 28 Aug 2026 07:40 PM (IST)
ਬੱਲੂ ਮਹਿਤਾ, •ਪੰਜਾਬੀ ਜਾਗਰਣ ਪੱਟੀ : ਸਬ ਜੇਲ੍ਹ ਪੱਟੀ ਵਿਖੇ ਰੱਖੜੀ ਦਾ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਜੇਲ੍ਹ ਅੰਦਰ ਬੰਦ ਬੰਦੀ ਵੀਰਾਂ ਨੂੰ ਉਨ੍ਹਾਂ ਦੀਆਂ ਭੈਣਾਂ ਵੱਲੋਂ ਰੱਖੜੀਆਂ ਬੰਨ੍ਹੀਆਂ ਗਈਆਂ ਅਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ। ਭੈਣਾਂ ਤੋਂ ਗੁੱਟ ’ਤੇ ਰੱਖੜੀ ਬੰਨ੍ਹਵਾਉਣ ਦੌਰਾਨ ਕਈ ਬੰਦੀ ਵੀਰ ਅਤੇ ਭੈਣਾਂ ਭਾਵੁਕ ਵੀ ਹੋ ਗਏ। ਇਸ ਦੌਰਾਨ ਜੇਲ੍ਹ ਅੰਦਰ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ ਅਤੇ ਜੇਲ੍ਹ ਪ੍ਰਸ਼ਾਸਨ ਦੁਆਰਾ ਜੇਲ੍ਹ ਕੰਪਲੈਕਸ ਅਤੇ ਡਿਓੜੀ ਅੰਦਰ ਬੈਠਣ ਲਈ ਕੁਰਸੀਆਂ, ਪੱਖੇ ਅਤੇ ਪੀਣ ਦੇ ਪਾਣੀ ਆਦਿ ਦਾ ਪੂਰਾ ਪ੍ਰਬੰਧ ਕੀਤਾ ਗਿਆ ਸੀ ਤਾਂ ਜੋ ਮੁਲਾਕਾਤੀਆਂ ਨੂੰ ਰੱਖੜੀ ਬੰਨ੍ਹਣ ਤੇ ਮੁਲਾਕਾਤ ਕਰਨ ਵਿਚ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਵੇ। ਇਸ ਦੌਰਾਨ ਜੇਲ੍ਹ ਸੁਪਰਡੈਂਟ ਇੰਦਰਪ੍ਰੀਤ ਸਿੰਘ, ਪੀਪੀਐੱਸ ਨੇ ਬੰਦੀ ਵੀਰਾਂ ਨੂੰ ਜੁਰਮ ਦੀ ਦੁਨੀਆ ਦਾ ਰਸਤਾ ਤਿਆਗ ਕੇ ਜੇਲ੍ਹ ਤੋਂ ਬਾਅਦ ਦੀ ਆਪਣੀ ਬਾਕੀ ਜ਼ਿੰਦਗੀ ਮਿਹਨਤ ਅਤੇ ਇਮਾਨਦਾਰੀ ਨਾਲ ਬਤੀਤ ਕਰਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਸਹਾਇਕ ਸੁਪਰਡੈਂਟ ਸਤਨਾਮ ਸਿੰਘ, ਸਟੋਰ ਕੀਪਰ ਜਤਿੰਦਰ, ਭਲਾਈ ਅਫ਼ਸਰ, ਗੁਰਜੀਤ ਸਿੰਘ ਅਤੇ ਜੇਲ੍ਹ ਦੇ ਬਾਕੀ ਸਟਾਫ ਮੈਂਬਰ ਵੀ ਹਾਜ਼ਰ ਸਨ।