ਬਿਜਲੀ ਦੇ ਲੰਬੇ ਕੱਟਾਂ ਤੋਂ ਪਰੇਸ਼ਾਨ ਗੋਹਲਵੜ ਦੇ ਕਿਸਾਨਾਂ ਨੇ ਦੇਰ ਰਾਤ ਲਾਇਆ ਧਰਨਾ ਬਿਜਲੀ ਦੇ ਲੰਬੇ ਕੱਟਾਂ ਤੋਂ ਪ੍ਰੇਸ਼ਾਨ ਗੋਹਲਵੜ ਦੇ ਕਿਸਾਨਾਂ ਨੇ ਦੇਰ ਰਾਤ ਲਾਇਆ ਧਰਨਾ
Publish Date: Fri, 28 Aug 2026 07:15 PM (IST)
Updated Date: Fri, 28 Aug 2026 07:16 PM (IST)
ਐੱਸਡੀਓ ਦੇ ਭਰੋਸੇ ਤੋਂ ਬਾਅਦ ਖ਼ਤਮ ਕੀਤਾ ਧਰਨਾ ਅੱਜ ਤੋਂ ਨਿਰਵਿਘਨ ਬਿਜਲੀ ਸਪਲਾਈ ਦਾ ਦਿੱਤਾ ਭਰੋਸਾ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਤੋਂ ਪਰੇਸ਼ਾਨ ਪਿੰਡ ਗੋਹਲਵੜ ਦੇ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਬਾਬਾ ਦੀਪ ਸਿੰਘ ਦੀ ਅਗਵਾਈ ਹੇਠ ਦੇਰ ਰਾਤ ਧਰਨਾ ਲਾਇਆ ਗਿਆ। ਇਸ ਦੌਰਾਨ ਗੋਹਲਵੜ ਫੀਡਰ ਦੀਆਂ ਪੁਰਾਣੀਆਂ ਤੇ ਖਸਤਾ ਹਾਲਤ ਤਾਰਾਂ ਨੂੰ ਬਦਲਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਅੰਮ੍ਰਿਤਸਰ-ਗੰਗਾਨਗਰ ਮੁੱਖ ਸੜਕ ’ਤੇ ਆਵਾਜਾਈ ਵੀ ਰੋਕ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਮਨਜਿੰਦਰ ਸਿੰਘ ਗੋਹਲਵੜ ਨੇ ਦੱਸਿਆ ਕਿ ਪਿੰਡ ਗੋਹਲਵੜ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਬਿਜਲੀ ਸਪਲਾਈ ਦੀ ਸਮੱਸਿਆ ਬਣੀ ਹੋਈ ਹੈ। ਗੋਹਲਵੜ ਫੀਡਰ ਦੀਆਂ ਤਾਰਾਂ ਕਾਫ਼ੀ ਪੁਰਾਣੀਆਂ ਹੋਣ ਕਾਰਨ ਖਾਸ ਕਰਕੇ ਰਾਤ ਸਮੇਂ ਬਿਜਲੀ ਸਪਲਾਈ ਬੰਦ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਪੰਜ ਦਿਨਾਂ ਤੋਂ ਰਾਤ ਸਮੇਂ ਬਿਜਲੀ ਨਾ ਆਉਣ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਕਿਸਾਨ ਆਗੂ ਨੇ ਦੱਸਿਆ ਕਿ ਸਮੱਸਿਆ ਸਬੰਧੀ ਵਾਰ-ਵਾਰ ਜਾਣੂੰ ਕਰਵਾਉਣ ਦੇ ਬਾਵਜੂਦ ਜਦੋਂ ਕੋਈ ਠੋਸ ਹੱਲ ਨਾ ਹੋਇਆ ਤਾਂ ਕਿਸਾਨਾਂ ਨੂੰ ਧਰਨਾ ਲਗਾਉਣ ਲਈ ਮਜਬੂਰ ਹੋਣਾ ਪਿਆ। ਧਰਨੇ ਦੌਰਾਨ ਸਬ-ਡਵੀਜ਼ਨ ਗੋਹਲਵੜ ਦੇ ਐੱਸਡੀਓ, ਜੇਈ ਅਤੇ ਹੋਰ ਬਿਜਲੀ ਮੁਲਾਜ਼ਮਾਂ ਤੋਂ ਇਲਾਵਾ ਸਿਟੀ ਥਾਣਾ ਤਰਨਤਾਰਨ ਦੇ ਇੰਚਾਰਜ ਪਰਮਜੀਤ ਸਿੰਘ ਵਿਰਦੀ ਵੀ ਮੌਕੇ ’ਤੇ ਪਹੁੰਚੇ। ਕਿਸਾਨ ਆਗੂਆਂ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਅਤੇ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ। ਅਧਿਕਾਰੀਆਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਰਾਤ ਸਮੇਂ ਬਿਜਲੀ ਸਪਲਾਈ ਚਾਲੂ ਕਰ ਦਿੱਤੀ ਜਾਵੇਗੀ ਅਤੇ ਅਗਲੇ ਦਿਨ ਤੋਂ ਫੀਡਰ ਰਾਹੀਂ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇਗੀ। ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਧਰਨਾ ਖ਼ਤਮ ਕਰ ਦਿੱਤਾ। ਇਸ ਮੌਕੇ ਪ੍ਰਧਾਨ ਸਤਵਿੰਦਰ ਸਿੰਘ ਗੋਰਾ ਖਾਰਾ, ਨਵਜੀਤ ਸਿੰਘ ਗੋਹਲਵੜ, ਜ਼ੋਨ ਆਗੂ ਅੰਗਰੇਜ਼ ਸਿੰਘ ਦਬੁਰਜ਼ੀ, ਪ੍ਰਧਾਨ ਪਾਲਾ ਸਿੰਘ ਠੱਠੀ, ਪ੍ਰਧਾਨ ਮਲਕੀਤ ਸਿੰਘ ਬਿੱਟੂ ਪੰਡੋਰੀ ਤਖ਼ਤ ਮੱਲ ਤੋਂ ਇਲਾਵਾ ਵੱਡੀ ਗਿਣਤੀ ’ਚ ਗੋਹਲਵੜ ਦੇ ਕਿਸਾਨ ਤੇ ਮਜ਼ਦੂਰ ਹਾਜ਼ਰ ਸਨ।