ਜੰਡਿਆਲਾ ਚੌਕ ਦੇ ਆਰਜ਼ੀ ਅੱਡੇ ’ਤੇ ਜਾਨ ਜੋਖਮ ’ਚ ਪਾ ਕੇ ਬੱਸਾਂ ’ਚ ਚੜ੍ਹਦੇ ਨੇ ਯਾਤਰੀ ਜੰਡਿਆਲਾ ਚੌਂਕ ਦੇ ਆਰਜੀ ਅੱਡੇ ’ਤੇ ਜਾਨ ਜੌਖਮ ’ਚ ਪਾ ਕੇ ਬੱਸਾਂ ’ਚ ਚੜ੍ਹਦੇ ਨੇ ਯਾਤਰੀ
Publish Date: Fri, 28 Aug 2026 06:25 PM (IST)
Updated Date: Fri, 28 Aug 2026 06:28 PM (IST)
ਅੱਡਾ ਹੋਣ ਦੇ ਬਾਵਜੂਦ ਨਹੀਂ ਜਾਂਦੀਆਂ ਬੱਸਾਂ ਅੰਦਰ ਔਰਤਾਂ, ਬਜ਼ੁਰਗ ਤੇ ਬੱਚੇ ਡਾਹਢੇ ਪਰੇਸ਼ਾਨ ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ ਤਰਨਤਾਰਨ : ਤਰਨਤਾਰਨ ਸ਼ਹਿਰ ਵਿਚ ਕਰੋੜਾਂ ਦੀ ਲਾਗਤ ਨਾਲ ਬਣਿਆ ਅੱਡਾ ਹੋਣ ਦੇ ਬਾਵਜੂਦ ਲੰਮੇ ਰੂਟ ਦੀਆਂ ਬੱਸਾਂ ਅੱਡੇ ’ਚ ਜਾਣ ਤੋਂ ਕੰਨੀ ਕਤਰਾਉਂਦੀਆਂ ਹਨ। ਇਹ ਸਿਲਸਿਲਾ ਨਵਾਂ ਨਹੀਂ ਸਗੋਂ ਮੁੱਢ ਤੋਂ ਹੀ ਚੱਲਦਾ ਆ ਰਿਹਾ ਹੈ। ਕਈ ਸਰਕਾਰਾਂ ਆਈਆਂ ਤੇ ਗਈਆਂ, ਪਰ ਕਿਸੇ ਰਾਜਨੀਤਕ ਆਗੂ ਜਾਂ ਅਧਿਕਾਰੀ ਨੇ ਬੱਸਾਂ ਨੂੰ ਅੱਡੇ ਤਕ ਪਹੁੰਚਾਉਣ ਦਾ ਹੀਲਾ ਨਹੀਂ ਕੀਤਾ। ਬੱਸਾਂ ਉੱਪਰ ਵੱਡੇ ਰਾਜਨੀਤਕ ਘਰਾਣਿਆਂ ਦਾ ਹੱਥ ਹੋਣਾ ਵੀ ਇਸ ਪਿੱਛੇ ਇਕ ਅੜਿੱਕਾ ਮੰਨਿਆ ਜਾਂਦਾ ਆ ਰਿਹਾ ਹੈ। ਜਦੋਂਕਿ ਸਰਕਾਰੀ ਬੱਸਾਂ ਤਕ ਵੀ ਅੱਡੇ ਅੰਦਰ ਦਾਖਲ ਹੋਣ ਤੋਂ ਕਿਨਾਰਾ ਕਰਦੀਆਂ ਹਨ ਜਿਸ ਦੇ ਚੱਲਦਿਆਂ ਅੱਡੇ ਦੇ ਨੇੜਲੇ ਜੰਡਿਆਲਾ ਚੌਕ ’ਚ ਤਿੰਨ ਪਾਸੇ ਆਰਜ਼ੀ ਅੱਡਿਆਂ ਤੋਂ ਸਵਾਰੀਆਂ ਨੂੰ ਜਾਨ ਜੋਖਮ ਵਿਚ ਪਾ ਕੇ ਬੱਸਾਂ ’ਤੇ ਚੜ੍ਹਨਾ ਤੇ ਉਤਰਨਾ ਪੈਂਦਾ ਹੈ। ਖੁੱਲ੍ਹੇ ਅਸਮਾਨ ਹੇਠ ਚੱਲਦੇ ਇਨ੍ਹਾਂ ਆਰਜ਼ੀ ਅੱਡਿਆਂ ’ਤੇ ਧੁੱਪ ਤੇ ਬਰਸਾਤ ਦੌਰਾਨ ਯਾਤਰੀਆਂ ਦੀ ਪਰੇਸ਼ਾਨੀ ਦਾ ਅੰਦਾਜ਼ਾ ਸਹਿਜ ਹੀ ਲਗਾਇਆ ਜਾ ਸਕਦਾ ਹੈ। ਤਰਨਤਾਰਨ ਸ਼ਹਿਰ ਦੇ ਜੰਡਿਆਲਾ ਰੋਡ ’ਤੇ 1992 ’ਚ ਬਣੀ ਕਾਂਗਰਸ ਸਰਕਾਰ ਵਲੋਂ ਆਧੁਨਿਕ ਬੱਸ ਅੱਡੇ ਦਾ ਉਦਘਾਟਨ ਕੀਤਾ ਗਿਆ ਸੀ। ਪਰ ਅੱਜ ਇਹ ਕਰੋੜਾਂ ਦੀ ਲਾਗਤ ਨਾਲ ਬਣਿਆ ਅੱਡਾ ਕੇਵਲ ਮਿੰਨੀ ਤੇ ਲੋਕਲ ਬੱਸਾਂ ਦਾ ਟਿਕਾਣਾ ਬਣ ਕੇ ਰਹਿ ਗਿਆ ਹੈ। ਲੰਮੇ ਰੂਟ ਦੀਆਂ ਬੱਸਾਂ ਬਾਈਪਾਸ ’ਤੇ ਜੰਡਿਆਲਾ ਚੌਕ ਉਪਰ ਬਣੇ ਆਰਜ਼ੀ ਅੱਡਿਆਂ ਤੋਂ ਹੀ ਸਵਾਰੀਆਂ ਲੈ ਕੇ ਤੇ ਉਤਾਰ ਕੇ ਚਲਦੀਆਂ ਬਣਦੀਆਂ ਹਨ। ਚੁਰਾਹੇ ਦੇ ਤਿੰਨ ਪਾਸੇ ਬਠਿੰਡਾ, ਅੰਮ੍ਰਿਤਸਰ ਤੇ ਜੰਡਿਆਲਾ ਜਾਣ ਲਈ ਤਿੰਨ ਵਾਸੇ ਆਰਜ਼ੀ ਅੱਡੇ ਬਣੇ ਹੋਏ ਹਨ। ਸਵਾਰੀਆਂ ਨੂੰ ਮਜਬੂਰੀ ’ਚ ਭਾਰੀ ਆਵਾਜਾਈ ਵਾਲੀਆਂ ਸੜਕਾਂ ਨੂੰ ਔਖਿਆਂ ਪਾਰ ਕਰਕੇ ਇਨ੍ਹਾਂ ਅੱਡਿਆਂ ਤਕ ਪਹੁੰਚਣਾ ਪੈਂਦਾ ਹੈ ਅਤੇ ਫਿਰ ਜਾਨ ਜੌਖਮ ਵਿਚ ਪਾ ਕੇ ਆਪਣੀ ਮੰਜ਼ਿਲ ਲਈ ਬੱਸ ਫੜ੍ਹਨੀ ਪੈਂਦੀ ਹੈ। ਬਿਨਾਂ ਛੱਤ ਵਾਲੇ ਇਨ੍ਹਾਂ ਆਰਜ਼ੀ ਅੱਡਿਆਂ ’ਤੇ 45 ਡਿਗਰੀ ਵਾਲੀ ਧੁੱਪ ਹੋਵੇ ਜਾਂ ਬਰਸਾਤ ਦੇ ਦਿਨ, ਸਵਾਰੀਆਂ ਨੂੰ ਆਪਣਾ ਬਚਾਅ ਆਪ ਹੀ ਕਰਨਾ ਪੈਂਦਾ ਹੈ। ਉੱਪਰੋਂ ਬਿਨਾਂ ਪਲੇਟਫਾਰਮ ਵਾਲੇ ਇਨ੍ਹਾਂ ਅੱਡਿਆਂ ’ਤੇ ਉਤਰਨ ਅਤੇ ਚੜ੍ਹਨ ਲਈ ਬਜ਼ੁਰਗ, ਔਰਤਾਂ ਤੇ ਬੱਚਿਆਂ ਨੂੰ ਕਿੰਨੀ ਮੁਸੀਬਤ ਝੱਲਣੀ ਪੈਂਦੀ ਹੋਵੇਗੀ, ਇਸ ਦਾ ਅੰਦਾਜ਼ਾ ਵੀ ਸਹਿਜ ਹੀ ਲਗਾਇਆ ਜਾ ਸਕਦਾ ਹੈ। ਬਰਸਾਤ ਦੇ ਦਿਨਾਂ ’ਚ ਮਾਲਵਾ, ਰਾਜਸਥਾਨ ਤੇ ਤਰਨਤਾਰਨ ਦੇ ਹੀ ਦਰਜਨਾਂ ਇਲਾਕਿਆਂ ਨੂੰ ਜਾਣ ਵਾਲੇ ਪਾਸੇ ਬਣੇ ਆਰਜ਼ੀ ਅੱਡੇ ’ਤੇ ਗੰਦੇ ਪਾਣੀ ਦਾ ਛੱਪੜ ਲੱਗ ਜਾਂਦਾ ਹੈ, ਜਿਸ ਵਿਚ ਪੈਦਾ ਹੋਏ ਮੱਛਰਾਂ ਦੇ ਕੋਲ ਖੜ੍ਹੇ ਰਹਿ ਕੇ ਸਵਾਰੀਆਂ ਨੂੰ ਬੱਸਾਂ ਦੀ ਉਡੀਕ ਕਰਨੀ ਪੈਂਦੀ ਹੈ। ਇਸ ਤੋਂ ਇਲਾਵਾ ਬੱਸਾਂ ਦੇ ਐਨ ਵਿਚਕਾਰ ਬੱਸਾਂ ਰੁਕਣ ਦੇ ਕਾਰਨ ਇਸ ਚੁਰਾਹੇ ਵਿਚ ਹਰ ਵੇਲੇ ਘੜਮਸ ਮਚਿਆ ਰਹਿੰਦਾ ਹੈ। ਸਕੂਲਾਂ ’ਚ ਛੁੱਟੀ ਸਮੇਂ ਵਿਦਿਆਰਥੀਆਂ ਨੂੰ ਇਸ ਚੁਰਾਹੇ ਵਿੱਚੋਂ ਲੰਘਣਾ ਔਖਾ ਹੋ ਜਾਂਦਾ ਹੈ। ਜਦੋਂਕਿ ਆਮ ਰਾਹਗੀਰਾਂ ਦੇ ਵਾਹਨਾਂ ਦੀਆਂ ਵੀ ਇਸ ਚੁਰਾਹੇ ’ਚ ਬ੍ਰੇਕਾਂ ਲੱਗ ਜਾਂਦੀਆਂ ਹਨ। ਟਰੈਫਿਕ ਸਿਗਨਲ ਲਾਈਟ ਹੋਣ ਦੇ ਬਾਵਜੂਦ ਆਰਜ਼ੀ ਅੱਡੇ ਹੋਣ ਕਰ ਕੇ ਇਨ੍ਹਾਂ ਲਾਈਟਾਂ ਦੀ ਉਲੰਘਣਾ ਵੀ ਹੁੰਦੀ ਆਮ ਵੇਖੀ ਜਾ ਸਕਦੀ ਹੈ। ਯਾਤਰੀਆਂ ਦੀ ਸੁਰੱਖਿਆ ਨੂੰ ਦਿੱਤੀ ਜਾਵੇ ਤਰਜੀਹ : ਸਾਹਿਲ ਐਂਟੀ ਕੁਰਪਸ਼ਨ ਸੁਸਾਇਟੀ ਦੇ ਪ੍ਰਧਾਨ ਬਿਕਰਮਜੀਤ ਸਿੰਘ ਸਾਹਿਲ ਨੇ ਕਿਹਾ ਕਿ ਸ਼ਹਿਰ ਵਿਚ ਜੰਡਿਆਲਾ ਚੌਕ ਹੀ ਨਹੀਂ ਬਲਕਿ ਹੋਰ ਕਈ ਥਾਵਾਂ ’ਤੇ ਆਰਜ਼ੀ ਅੱਡੇ ਚੱਲ ਰਹੇ ਹਨ ਜਿੱਥੋਂ ਸਵਾਰੀਆਂ ਆਪਣੀ ਮੰਜ਼ਿਲ ਵੱਲ ਜਾਣ ਲਈ ਬੱਸਾਂ ਫੜਦੀਆਂ ਹਨ। ਉਨ੍ਹਾਂ ਕਿਹਾ ਕਿ ਆਰਜ਼ੀ ਅੱਡਿਆਂ ’ਤੇ ਯਾਤਰੀਆਂ ਦੀ ਸੁਰੱਖਿਆ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੰਡਿਆਲਾ ਚੌਕ ਵਿਚ ਕਈ ਹਾਦਸੇ ਵਾਪਰ ਚੁੱਕੇ ਹਨ, ਜਿਨ੍ਹਾਂ ਵਿਚ ਲੋਕਾਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਹਨ। ਸਰਕਾਰ ਦੇ ਪ੍ਰਬੰਧ ਢਿੱਲੇ, ਲੋਕ ਹੋ ਰਹੇ ਨੇ ਪਰੇਸ਼ਾਨ : ਬੁਰਜ਼ ਕਾਂਗਰਸ ਦੇ ਤਰਨਤਾਰਨ ਹਲਕੇ ਤੋਂ ਇੰਚਾਰਜ ਕਰਨਬੀਰ ਸਿੰਘ ਬੁਰਜ਼ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਪ੍ਰਬੰਧ ਹਰ ਖੇਤਰ ਵਿਚ ਢਿੱਲੇ ਹਨ, ਜਿਸ ਕਰਕੇ ਆਮ ਲੋਕ ਪਰੇਸ਼ਾਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜਿਨ੍ਹਾਂ ਆਰਜ਼ੀ ਅੱਡਿਆਂ ’ਤੇ ਲੋਕਾਂ ਨੂੰ ਮਜਬੂਰੀਵੱਸ ਬੱਸਾਂ ’ਤੇ ਸਫ਼ਰ ਕਰਨਾ ਪੈਂਦਾ ਹੈ, ਉਨ੍ਹਾਂ ’ਤੇ ਸ਼ੈੱਡ ਆਦਿ ਬਣਾਏ ਜਾਣ ਜਾਂ ਫਿਰ ਲੰਮੇ ਰੂਟ ਦੀਆਂ ਬੱਸਾਂ ਦਾ ਅੱਡੇ ਵਿਚ ਆਉਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਜੰਡਿਆਲਾ ਚੌਕ ਦੇ ਹਾਲਾਤ ਹਾਦਸਿਆਂ ਨੂੰ ਸੱਦਾ ਦੇਣ ਵਾਲੇ ਹਨ ਅਤੇ ਇਸ ਵੱਲ ਪਹਿਲ ਦੇ ਆਧਾਰ ’ਤੇ ਧਿਆਨ ਦੇਣ ਦੀ ਲੋੜ ਹੈ।