
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਹਿਕਾਰੀ ਖੰਡ ਮਿਲ ਸ਼ੇਰੋਂ ਵਿਚ ਪੱਕਾ ਮੋਰਚਾ 99ਵੇਂ ਦਿਨ ’ਚ ਸ਼ਾਮਿਲ : ਸੰਯੁਕਤ ਕਿਸਾਨ ਮੋਰਚਾ

ਪਹਿਲੀ ਸਤੰਬਰ ਤੋਂ ਚੰਡੀਗੜ੍ਹ ’ਚ ਲੱਗ ਰਹੇ ਮੋਰਚੇ ਦੀਆਂ ਤਿਆਰੀਆਂ ਮੁਕੰਮਲ : ਕਿਸਾਨ ਆਗੂ
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨਤਾਰਨ ਵਿਚ ਕੰਮ ਕਰਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸਹਿਕਾਰੀ ਖੰਡ ਮਿੱਲ ਸ਼ੇਰੋਂ ਦੀ ਮਾਲਕੀ ਬਦਲਣ ਵਿਰੁੱਧ ਲੱਗਿਆ ਪੱਕਾ ਮੋਰਚਾ ਵੀਰਵਾਰ ਨੂੰ 99ਵੇਂ ਦਿਨ ਵੀ ਜਾਰੀ ਰਿਹਾ। ਅੱਜ ਕਿਸਾਨ ਆਗੂਆਂ ਰਤਨ ਸਿੰਘ ਢੰਡ, ਦਲਜੀਤ ਸਿੰਘ ਦਿਆਲਪੁਰ, ਗੁਰਪ੍ਰੀਤ ਸਿੰਘ ਗੰਡੀਵਿੰਡ, ਨਛੱਤਰ ਸਿੰਘ ਪੰਨੂ, ਤਰਸੇਮ ਸਿੰਘ ਲੁਹਾਰ, ਮਨਜੀਤ ਸਿੰਘ ਬੱਗੂ, ਇੰਦਰਜੀਤ ਸਿੰਘ ਮਰਹਾਣਾ ਨੇ ਬੋਲਦਿਆਂ ਕਿਹਾ ਕਿ ਸਹਿਕਾਰੀ ਖੰਡ ਮਿੱਲ ਸ਼ੇਰੋਂ ਵਿਚ ਕਿਸਾਨਾਂ ਦੇ 60 ਫੀਸਦੀ ਸ਼ੇਅਰ ਹਨ। ਇਸ ਲਈ ਨਵੰਬਰ 2025 ਵਿਚ ਪੰਜਾਬ ਸਰਕਾਰ ਵੱਲੋਂ ਜੋ ਮਾਲਕੀ ਤਬਦੀਲ ਕਰਨ ਦਾ ਨੋਟੀਫਿਕੇਸ਼ਨ ਕੀਤਾ ਗਿਆ ਸੀ, ਉਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ ਅਤੇ ਇਹ ਸਹਿਕਾਰੀ ਖੰਡ ਮਿੱਲ ਮੁੜ ਤੋਂ ਚਾਲੂ ਕੀਤੀ ਜਾਣੀ ਚਾਹੀਦੀ ਹੈ।
ਇਸ ਮੌਕੇ ਬੋਲਦਿਆਂ ਕਿਸਾਨ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹ ਸਰਕਾਰੀ ਖੰਡ ਮਿੱਲ ਸ਼ੇਰੋਂ ਦੇ ਹਦੂਦ ਵਿਚ ਹੋ ਰਹੀ ਨਾਜਾਇਜ਼ ਉਸਾਰੀ ’ਤੇ ਤੁਰੰਤ ਪਾਬੰਦੀ ਲਗਾਵੇ। ਇਹ ਸਹਿਕਾਰੀ ਖੰਡ ਮਿੱਲ ਸ਼ੇਰੋਂ ਨੂੰ ਸਰਕਾਰ ਕਿਸੇ ਕੀਮਤ ’ਤੇ ਵੀ ਕਿਸਾਨਾਂ ਤੋਂ ਖੋਹ ਨਹੀਂ ਸਕਦੀ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਪਹਿਲੀ ਸਤੰਬਰ ਤੋਂ ਚੰਡੀਗੜ੍ਹ ਲੱਗ ਰਹੇ ਮੋਰਚੇ ਸਬੰਧੀ ਦੱਸਿਆ ਕਿ ਸਭ ਜਥੇਬੰਦੀਆਂ ਨੇ ਪਿੰਡ ਪੱਧਰ ’ਤੇ ਜ਼ੋਰਦਾਰ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਕਿਸਾਨ ਹਜ਼ਾਰਾਂ ਟ੍ਰੈਕਟਰ ਟਰਾਲੀਆਂ ਰਾਹੀਂ ਚੰਡੀਗੜ੍ਹ ਪਹੁੰਚਣਗੇ।
ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਵੱਲੋਂ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਵਿਖੇ ਇਕ ਹਫ਼ਤੇ ਦੇ ਮੋਰਚੇ ਜਿਸ ਵਿਚ ਪੰਜਾਬ ਦੇ ਪਾਣੀਆਂ ਦਾ ਮਸਲਾ, ਹਰੇਕ ਖੇਤ ਨੂੰ ਨਹਿਰੀ ਪਾਣੀ, ਹਰ ਘਰ ਨੂੰ ਪੀਣਯੋਗ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਉਣ ਅਤੇ ਭਾਰਤ ਸਰਕਾਰ ਵੱਲੋਂ ਅਮਰੀਕਾ ਨਾਲ ਕੀਤੇ ਜਾ ਰਹੇ ਫਰੀ ਟਰੇਡ ਐਗਰੀਮੈਂਟ ਰੱਦ ਕਰਵਾਉਣ, ਕਿਸਾਨੀ ਸਿਰ ਚੜ੍ਹੇ ਕਰਜ਼ੇ 'ਤੇ ਲੀਕ ਫੇਰਨ, ਪੰਜਾਬ ਸਰਕਾਰ ਤੋਂ 6 ਫਸਲਾਂ 'ਤੇ ਐੱਮਐੱਸਪੀ ’ਤੇ ਖਰੀਦ ਦੀ ਗਾਰੰਟੀ ਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਵਿਖੇ ਲਗਾਏ ਜਾ ਰਹੇ ਸੱਤ ਦਿਨਾਂ ਧਰਨੇ ਵਿਚ ਲਾਮਬੰਦੀ ਕਰਨ ਸਬੰਧੀ ਮੋਰਚੇ ਵੱਲੋਂ ਤਰਨਤਾਰਨ ਦੇ ਪਿੰਡਾਂ ਵਿਚ ਕੈਂਪੇਨ ਚਲਾਈ ਗਈ ਹੈ, ਤਾਂ ਜੋ ਤਿਆਰੀ ਕਰ ਕੇ ਵੱਡੀ ਗਿਣਤੀ ਵਿਚ ਟਰੈਕਟਰ ਟਰਾਲੀਆਂ ਲੈ ਕੇ ਇਸ ਮੋਰਚੇ ਵਿਚ ਕਿਸਾਨਾਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ।
ਕਿਸਾਨਾਂ ਅਤੇ ਮਜ਼ਦੂਰਾਂ ਦੀ ਕਰਜ਼ਾ ਮੁਆਫ਼ੀ ਅਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੋਂ ਪੰਜਾਬ ਦੀ ਮੈਂਬਰਸ਼ਿਪ ਰੱਦ ਕਰਨ ਦਾ ਵਿਰੋਧ ਕੀਤਾ ਜਾਵੇਗਾ। 6 ਫਸਲਾਂ ਉੱਪਰ ਪੰਜਾਬ ਸਰਕਾਰ ਨੂੰ ਐੱਮਐੱਸਪੀ ਤੇ ਕਨੂੰਨੀ ਗਰੰਟੀ ਕਨੂੰਨ ਬਣਾਉਣ ਲਈ ਦਬਾਅ ਪਾਇਆ ਜਾਵੇਗਾ। ਕੇਂਦਰ ਸਰਕਾਰ ਵੱਲੋਂ ਅਮਰੀਕਾ ਨਾਲ ਮੁਕਤ ਵਪਾਰ ਸਮਝੌਤੇ ਦਾ ਵਿਰੋਧ ਕੀਤਾ ਜਾਵੇਗਾ, ਕਿਉਂਕਿ ਇਸ ਨਾਲ ਕਿਸਾਨ ਅਤੇ ਕਿਸਾਨੀ ਅਧਾਰਿਤ ਕਾਰੋਬਾਰ ਪੂਰੀ ਤਰ੍ਹਾਂ ਤਬਾਹ ਹੋ ਜਾਣਗੇ। ਅੱਜ ਹੋਰਨਾਂ ਤੋਂ ਇਲਾਵਾ ਦਲਬੀਰ ਸਿੰਘ ਦਿਓਲ, ਜਸਬੀਰ ਸਿੰਘ ਨਿੱਝਰਪੁਰ, ਕੇਵਲ ਸਿੰਘ ਮਾੜੀ, ਬਲਵਿੰਦਰ ਸਿੰਘ ਮੁੰਡਾ ਪਿੰਡ, ਰੇਸ਼ਮ ਸਿੰਘ ਫੈਲੋਕੇ, ਜੱਸਾ ਸਿੰਘ ਕੱਦਗਿਲ, ਸੁਖਬਾਜ ਸਿੰਘ ਸਿੱਧੂ, ਕਸ਼ਮੀਰ ਸਿੰਘ ਸਿੰਘ ਸ਼ੇਰੋਂ, ਅਮਰੀਕ ਸਿੰਘ ਫੌਜੀ ਸ਼ੇਰੋਂ, ਬਲਦੇਵ ਸਿੰਘ ਸ਼ੇਰੋਂ ਆਦਿ ਹਾਜ਼ਰ ਸਨ।