ਬਿਨਾਂ ਬਿੱਲ ਦੇ ਮਿਲੀਆਂ ਨਸ਼ੇ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ, ਮੈਡੀਕਲ ਸਟੋਰ ਸੀਲ ਬਿਨ੍ਹਾਂ ਬਿੱਲ ਦੇ ਮਿਲੀਆਂ ਨਸ਼ੇ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ, ਮੈਡੀਕਲ ਸਟੋਰ ਸੀਲ
Publish Date: Thu, 27 Aug 2026 06:00 PM (IST)
Updated Date: Thu, 27 Aug 2026 06:01 PM (IST)
ਡਰੱਗ ਇੰਸਪੈਕਟਰ ਨੇ ਟੀਮ ਸਣੇ ਕੀਤੀ ਸੀ ਚੈਕਿੰਗ, ਲਾਇਸੈਂਸ ਰੱਦ ਕਰਨ ਦੀ ਸਿਫਾਰਿਸ਼ ਸਟਾਫ ਰਿਪੋਰਟਰ•, ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੇ ਸਰਹੱਦੀ ਕਸਬਾ ਅਲਗੋਂ ਕੋਠੀ ਵਿਖੇ ਸਥਿਤ ਇਕ ਮੈਡੀਕਲ ਸਟੋਰ ਦੀ ਅਚਨਚੇਤ ਕੀਤੀ ਗਈ ਚੈਕਿੰਗ ਦੌਰਾਨ ਡਰੱਗ ਇੰਸਪੈਕਟਰ ਦੀ ਟੀਮ ਨੇ ਨਸ਼ੇ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮੈਡੀਕਲ ਸਟੋਰ ਦਾ ਸੰਚਾਲਕ ਉਕਤ ਦਵਾਈਆਂ ਸਬੰਧੀ ਨਾ ਤਾਂ ਕੋਈ ਖਰੀਦ ਬਿੱਲ ਦਿਖਾ ਸਕਿਆ ਤੇ ਨਾ ਹੀ ਹੋਈ ਵਿਕਰੀ ਬਿੱਲ। ਇਸ ਦੇ ਚੱਲਦਿਆਂ ਸਿਹਤ ਵਿਭਾਗ ਦੀ ਟੀਮ ਨੇ ਮੌਕੇ ’ਤੇ ਪੁਲਿਸ ਨੂੰ ਬੁਲਾ ਕੇ ਮੈਡੀਕਲ ਸਟੋਰ ਸੀਲ ਕਰ ਦਿੱਤਾ। ਜਦੋਂਕਿ ਉਸ ਦਾ ਲਾਇਸੈਂਸ ਰੱਦ ਕਰਨ ਦੀ ਸਿਫਾਰਿਸ਼ ਕਰਨ ਦੀ ਗੱਲ ਵੀ ਕਹੀ ਹੈ। ਡਰੱਗ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਟੀਮ ਸਮੇਤ ਸਰਹੱਦੀ ਇਲਾਕੇ ਵਿਚ ਚੈਕਿੰਗ ’ਤੇ ਸਨ। ਇਸੇ ਦੌਰਾਨ ਉਹ ਅਲਗੋਂ ਕੋਠੀ ਦੇ ਸੰਧੂ ਮੈਡੀਕੋਜ਼ ਨਾਂ ਦੇ ਮੈਡੀਕਲ ਸਟੋਰ ’ਤੇ ਪੁੱਜੇ ਅਤੇ ਦਵਾਈਆਂ ਦੀ ਚੈਕਿੰਗ ਕੀਤੀ। ਸਟੋਰ ਵਿੱਚੋਂ ਪਰੈਗਾਬਲਿਨ ਸਾਲਟ ਵਾਲੇ 250 ਕੈਪਸੂਲ ਬਰਾਮਦ ਹੋਏ, ਜਿਨ੍ਹਾਂ ਦੀ ਵਰਤੋਂ ਨੌਜਵਾਨ ਨਸ਼ੇ ਲਈ ਕਰਦੇ ਹਨ ਜਦੋਂਕਿ ਪੇਟ ਦਰਦ ਦੀਆਂ 300 ਸਪਾਸਮੋਵਿਨ ਗੋਲੀਆਂ ਵੀ ਮਿਲੀਆਂ। ਉਨ੍ਹਾਂ ਦੱਸਿਆ ਕਿ ਦੁਕਾਨ ਸੰਚਾਲਕ ਸਰਬਜੀਤ ਸਿੰਘ ਉਕਤ ਦਵਾਈਆਂ ਸਬੰਧੀ ਕੋਈ ਖਰੀਦ ਜਾਂ ਵਿਕਰੀ ਬਿੱਲ ਨਹੀਂ ਦਿਖਾ ਸਕਿਆ। ਇਸ ਕਾਰਨ ਉਨ੍ਹਾਂ ਨੇ ਤੁਰੰਤ ਅਲਗੋਂ ਕੋਠੀ ਦੀ ਪੁਲਿਸ ਚੌਕੀ ਨੂੰ ਸੂਚਿਤ ਕੀਤਾ ਅਤੇ ਚੌਕੀ ਇੰਚਾਰਜ ਸੁਨੀਲ ਦੱਤ ਮੌਕੇ ’ਤੇ ਪੁੱਜੇ। ਡਰੱਗ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਬਰਾਮਦ ਹੋਈਆਂ ਦਵਾਈਆਂ ਨੂੰ ਕਬਜ਼ੇ ਵਿਚ ਲੈ ਕੇ ਜਿਥੇ ਮੈਡੀਕਲ ਸਟੋਰ ਨੂੰ ਸੀਲ ਕਰ ਦਿੱਤਾ ਗਿਆ ਹੈ। ਉੱਥੇ ਹੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਉਕਤ ਸਟੋਰ ਦੇ ਲਾਇਸੈਂਸ ਨੂੰ ਰੱਦ ਕਰਨ ਦੀ ਸਿਫਾਰਿਸ਼ ਵੀ ਕੀਤੀ ਜਾਵੇਗੀ। ਡਰੱਗ ਇੰਸਪੈਕਟਰ ਨੇ ਸਪੱਸ਼ਟ ਕੀਤਾ ਕਿ ਮੈਡੀਕਲ ਸਟੋਰ ਦੀ ਆੜ ਵਿਚ ਨਸ਼ੇ ਲਈ ਵਰਤੀ ਜਾਣ ਵਾਲੀ ਦਵਾਈ ਦੀ ਵਿਕਰੀ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਹੋਵੇਗੀ ਅਤੇ ਜਿਸ ਸਟੋਰ ਤੋਂ ਅਜਿਹੀ ਕੋਈ ਦਵਾਈ ਬਰਾਮਦ ਹੁੰਦੀ ਹੈ ਤਾਂ ਉਸ ਖਿਲਾਫ਼ ਨਿਯਮਾਂ ਮੁਤਾਬਿਕ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।