ਨੋਟਿਸ ਪ੍ਰਾਪਤ ਵੋਟਰਾਂ ਦੇ ਦਸਤਾਵੇਜ਼ਾਂ ਦੀ ਹੋਈ ਜਾਂਚ, ਆਨਲਾਈਨ ਕੀਤੀ ਰਜਿਸਟ੍ਰੇਸ਼ਨ ਨੋਟਿਸ ਪ੍ਰਾਪਤ ਵੋਟਰਾਂ ਦੇ ਦਸਤਾਵੇਜ਼ਾਂ ਦੀ ਹੋਈ ਜਾਂਚ, ਆਨਲਾਈਨ ਕੀਤੀ ਰਜਿਸਟ੍ਰੇਸ਼ਨ
Publish Date: Thu, 27 Aug 2026 05:54 PM (IST)
Updated Date: Thu, 27 Aug 2026 05:55 PM (IST)
ਗੁਰਬਰਿੰਦਰ ਸਿੰਘ, •ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਭਾਰਤੀ ਚੋਣ ਕਮਿਸ਼ਨ ਵੱਲੋਂ ਐੱਸਆਈਆਰ-2026 ਤਹਿਤ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਮੁਹਿੰਮ ਜਾਰੀ ਹੈ। ਇਸੇ ਤਹਿਤ ਵੋਟਰ ਸੂਚੀ ਵਿਚ ਦਰਜ ਹੋਣ ਤੋਂ ਰਹਿ ਗਏ ਅਤੇ ਘਰ-ਘਰ ਸਰਵੇਖਣ ਦੌਰਾਨ ਜਿਨ੍ਹਾਂ ਵੋਟਰਾਂ ਸਬੰਧੀ ਮੈਪਿੰਗ ਨਾ ਹੋਣ ਜਾਂ ਕਿਸੇ ਤਰ੍ਹਾਂ ਦੀ ਲਾਜੀਕਲ ਡਿਸਕਰੈਪੈਂਸੀ ਸਾਹਮਣੇ ਆਉਣ ’ਤੇ ਨੋਟਿਸ ਜਾਰੀ ਕੀਤੇ ਗਏ ਸਨ, ਅਜਿਹੇ ਵੋਟਰਾਂ ਨੂੰ ਵਿਸ਼ੇਸ਼ ਮੌਕਾ ਦੇ ਕੇ ਦਸਤਾਵੇਜ਼ਾਂ ਦੀ ਜਾਂਚ-ਪੜਤਾਲ ਕੀਤੀ ਗਈ। ਸਹਾਇਕ ਚੋਣਕਾਰ ਅਧਿਕਾਰੀ ਬੀਡੀਪੀਓ ਖਡੂਰ ਸਾਹਿਬ ਨਰਿੰਦਰ ਸਿੰਘ ਦੀ ਅਗਵਾਈ ਹੇਠ ਟੀਮ ਵੱਲੋਂ ਫਤਿਆਬਾਦ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਸ਼ੇਸ਼ ਕਾਰਵਾਈ ਅਧੀਨ ਸਬੰਧਤ ਵੋਟਰਾਂ ਵੱਲੋਂ ਪੇਸ਼ ਕੀਤੇ ਗਏ ਦਸਤਾਵੇਜ਼ਾਂ ਦੀ ਬਾਰੀਕੀ ਨਾਲ ਪੜਤਾਲ ਕੀਤੀ ਗਈ। ਯੋਗ ਪਾਏ ਗਏ ਵੋਟਰਾਂ ਦੀ ਲੋੜੀਂਦੀ ਕਾਰਵਾਈ ਮੁਕੰਮਲ ਕਰਦਿਆਂ ਆਨਲਾਈਨ ਰਜਿਸਟ੍ਰੇਸ਼ਨ ਵੀ ਕੀਤੀ ਗਈ। ਏਈਆਰਓ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਐੱਸਆਈਆਰ–2026 ਤਹਿਤ ਵੋਟਰ ਸੂਚੀਆਂ ਨੂੰ ਸਹੀ ਅਤੇ ਤਰੁੱਟੀ ਰਹਿਤ ਬਣਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਬੀਐੱਲਓਜ਼ ਵੱਲੋਂ ਘਰ-ਘਰ ਸਰਵੇਖਣ ਮੁਕੰਮਲ ਕੀਤਾ ਜਾ ਚੁੱਕਾ ਹੈ ਅਤੇ ਮੁੱਢਲੀ ਵੋਟਰ ਸੂਚੀ 13 ਅਗਸਤ ਨੂੰ ਪ੍ਰਕਾਸ਼ਿਤ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਆਮ ਲੋਕ ਅਤੇ ਵੋਟਰ 13 ਅਗਸਤ ਤੋਂ 12 ਸਤੰਬਰ ਤਕ ਆਪਣੇ ਦਾਅਵੇ ਅਤੇ ਇਤਰਾਜ਼ ਦਾਖਲ ਕਰ ਸਕਦੇ ਹਨ। ਨਵਾਂ ਵੋਟਰ ਬਣਨ ਲਈ ਫਾਰਮ ਨੰਬਰ 6, ਨਾਮ ਕਟਵਾਉਣ ਜਾਂ ਇਤਰਾਜ਼ ਲਈ ਫਾਰਮ ਨੰਬਰ 7 ਅਤੇ ਵੋਟਰ ਸੂਚੀ ਵਿਚ ਵੇਰਵਿਆਂ ਦੀ ਸੋਧ ਜਾਂ ਪਤਾ ਬਦਲਣ ਲਈ ਫਾਰਮ ਨੰਬਰ 8 ਭਰਿਆ ਜਾ ਸਕਦਾ ਹੈ। ਜਿਹੜੇ ਨਾਗਰਿਕ ਇਕ ਅਕਤੂਬਰ ਨੂੰ 18 ਸਾਲ ਦੀ ਉਮਰ ਪੂਰੀ ਕਰਦੇ ਹਨ, ਉਹ ਵੀ ਵੋਟਰ ਵਜੋਂ ਰਜਿਸਟ੍ਰੇਸ਼ਨ ਲਈ ਯੋਗ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵੋਟਰਾਂ ਨੂੰ ਨੋਟਿਸ ਜਾਰੀ ਹੋਏ ਹਨ, ਉਹ ਨੋਟਿਸ ਵਿਚ ਦਰਸਾਈਆਂ ਹਦਾਇਤਾਂ ਅਨੁਸਾਰ ਲੋੜੀਂਦੇ ਦਸਤਾਵੇਜ਼ ਸਮੇਂ ਸਿਰ ਜਮ੍ਹਾਂ ਕਰਵਾਉਣ, ਤਾਂ ਜੋ ਉਨ੍ਹਾਂ ਦੇ ਦਾਅਵਿਆਂ ਦੀ ਜਾਂਚ ਕਰਕੇ ਯੋਗਤਾ ਅਨੁਸਾਰ ਵੋਟਰ ਸੂਚੀ ਵਿਚ ਨਾਮ ਦਰਜ ਕੀਤਾ ਜਾ ਸਕੇ। ਏਈਆਰਓ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਆਪਣਾ ਨਾਮ ਅਤੇ ਵੋਟਰ ਸੂਚੀ ਵਿਚ ਦਰਜ ਵੇਰਵੇ ਜ਼ਰੂਰ ਚੈੱਕ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਗਲਤੀ ਜਾਂ ਨਾਮ ਦਰਜ ਨਾ ਹੋਣ ਦੀ ਸੂਰਤ ਵਿਚ ਨਿਰਧਾਰਤ ਸਮੇਂ ਅੰਦਰ ਸਬੰਧਤ ਫਾਰਮ ਜਮ੍ਹਾਂ ਕਰਵਾਉਣ। ਸਾਰੀਆਂ ਸੁਣਵਾਈਆਂ ਅਤੇ ਦਾਅਵਿਆਂ-ਇਤਰਾਜ਼ਾਂ ਦੇ ਨਿਪਟਾਰੇ ਤੋਂ ਬਾਅਦ 12 ਅਕਤੂਬਰ ਨੂੰ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਜਾਵੇਗੀ। ਇਸ ਮੌਕੇ ਸੈਕਟਰ ਅਫ਼ਸਰ ਪਰਮਿੰਦਰ ਸਿੰਘ, ਦਿਲਬਾਗ ਸਿੰਘ ਬੀਪੀਈਓ, ਹਰਵਿੰਦਰ ਸਿੰਘ, ਗੁਰਵਿੰਦਰ ਸਿੰਘ ਅਤੇ ਬੀਐੱਲਓ ਹਰਪ੍ਰੀਤ ਕੌਰ, ਰਣਦੀਪ ਕੌਰ, ਸਤਿੰਦਰ ਸਿੰਘ, ਮਨਿੰਦਰ ਸਿੰਘ ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।