ਬਿਜਲੀ ਦੇ ਲੰਮੇ ਕੱਟਾਂ ਤੋਂ ਦੁਖੀ ਕਿਸਾਨਾਂ ਨੇ ਕੀਤੀ ਬਿੱਲ ਲਾਉਣ ਦੀ ਮੰਗ ਬਿਜਲੀ ਦੇ ਲੰਮੇ ਕੱਟਾਂ ਤੋਂ ਦੁਖੀ ਕਿਸਾਨਾਂ ਨੇ ਕੀਤੀ ਬਿੱਲ ਲਾਉਣ ਦੀ ਮੰਗ
Publish Date: Thu, 27 Aug 2026 05:32 PM (IST)
Updated Date: Thu, 27 Aug 2026 05:34 PM (IST)
ਬਿਜਲੀ ਨਾ ਮਿਲਣ ਕਾਰਨ ਝੋਨੇ ਦੀ ਫ਼ਸਲ ਸੁੱਕਣ ਕੰਢੇ ਨਰਿੰਦਰ ਸਿੰਘ ਦੋਦੇ•, ਪੰਜਾਬੀ ਜਾਗਰਣ ਸਰਾਏ ਅਮਾਨਤ ਖਾਂ : ਸਰਕਾਰ ਵੱਲੋਂ ਕਿਸਾਨਾਂ ਨੂੰ 24 ਘੰਟੇ ਬਿਜਲੀ ਸਪਲਾਈ ਦੇਣ ਦੇ ਕੀਤੇ ਜਾ ਰਹੇ ਦਾਅਵਿਆਂ ਦੇ ਉਲਟ ਖੇਤਾਂ ਵਿਚ ਬਿਜਲੀ ਦੇ ਲੰਮੇ ਕੱਟਾਂ ਕਾਰਨ ਕਿਸਾਨ ਪਰੇਸ਼ਾਨ ਹਨ। ਬਿਜਲੀ ਦੀ ਉਡੀਕ ਵਿਚ ਕਿਸਾਨਾਂ ਨੂੰ ਅੱਤ ਦੀ ਗਰਮੀ ਦੌਰਾਨ ਸਾਰੀ-ਸਾਰੀ ਰਾਤ ਖੇਤਾਂ ਵਿਚ ਗੁਜ਼ਾਰਨੀ ਪੈ ਰਹੀ ਹੈ। ਬਿਜਲੀ ਦੀ ਨਾਕਾਫ਼ੀ ਸਪਲਾਈ ਕਾਰਨ ਝੋਨੇ ਦੀ ਫ਼ਸਲ ਵੀ ਪਾਣੀ ਦੀ ਘਾਟ ਕਾਰਨ ਸੁੱਕਣ ਕੰਢੇ ਪਹੁੰਚ ਗਈ ਹੈ। ਇਸ ਸਬੰਧੀ ਬਘਿਆੜੀ, ਕੋਟ, ਦੋਦੇ ਅਤੇ ਛਾਪਾ ਇਲਾਕੇ ਦੇ ਵੱਡੀ ਗਿਣਤੀ ਕਿਸਾਨ ਕੈਪਟਨ ਸਿੰਘ ਬਘਿਆੜੀ, ਪ੍ਰਧਾਨ ਗੁਰਦਰਸ਼ਨ ਸਿੰਘ ਬਘਿਆੜੀ ਅਤੇ ਮਲਕੀਅਤ ਸਿੰਘ ਛਾਪਾ ਦੀ ਅਗਵਾਈ ਹੇਠ ਇਕੱਠੇ ਹੋਏ। ਕਿਸਾਨਾਂ ਨੇ ਕਿਹਾ ਕਿ ਸਰਕਾਰ ਦੇ ਦਾਅਵਿਆਂ ਦੇ ਉਲਟ ਉਨ੍ਹਾਂ ਨੂੰ ਲੋੜ ਅਨੁਸਾਰ ਬਿਜਲੀ ਨਹੀਂ ਮਿਲ ਰਹੀ, ਜਿਸ ਕਾਰਨ ਝੋਨੇ ਦੀ ਫ਼ਸਲ ਪਾਣੀ ਤੋਂ ਬਿਨ੍ਹਾਂ ਸੁੱਕਣ ਕਿਨਾਰੇ ਆ ਗਈ ਹੈ। ਕਿਸਾਨਾਂ ਨੇ ਦੱਸਿਆ ਕਿ ਬਘਿਆੜੀ ਅਤੇ ਕੋਟ ਫੀਡਰਾਂ ’ਤੇ ਕਰੀਬ ਸਾਢੇ ਤਿੰਨ ਘੰਟੇ ਹੀ ਬਿਜਲੀ ਸਪਲਾਈ ਮਿਲ ਰਹੀ ਹੈ ਅਤੇ ਉਹ ਵੀ ਕਿਸ਼ਤਾਂ ਵਿਚ। ਉਨ੍ਹਾਂ ਕਿਹਾ ਕਿ ਇੰਨੇ ਥੋੜ੍ਹੇ ਸਮੇਂ ਦੀ ਸਪਲਾਈ ਨਾਲ ਝੋਨੇ ਦੀ ਫ਼ਸਲ ਨੂੰ ਪਾਣੀ ਦੇਣਾ ਮੁਸ਼ਕਿਲ ਹੋ ਰਿਹਾ ਹੈ। ਜੇਕਰ ਬਿਜਲੀ ਦੀ ਸਪਲਾਈ ਇਸੇ ਤਰ੍ਹਾਂ ਪ੍ਰਭਾਵਿਤ ਰਹੀ ਤਾਂ ਹਰੇਕ ਕਿਸਾਨ ਨੂੰ ਘੱਟੋ-ਘੱਟ 50-50 ਹਜ਼ਾਰ ਰੁਪਏ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੇ ਮਹਿੰਗੇ ਭਾਅ ਦੀਆਂ ਖਾਦਾਂ, ਦਵਾਈਆਂ ਅਤੇ ਬੀਜ ਖਰੀਦ ਕੇ ਅਤੇ ਮਹਿੰਗੇ ਠੇਕਿਆਂ ’ਤੇ ਜ਼ਮੀਨਾਂ ਲੈ ਕੇ ਝੋਨੇ ਦੀ ਫ਼ਸਲ ਬੀਜੀ ਹੈ। ਜੇਕਰ ਸਮੇਂ ਸਿਰ ਬਿਜਲੀ ਨਾ ਮਿਲੀ ਤਾਂ ਉਨ੍ਹਾਂ ਦੀ ਸਾਰੀ ਮਿਹਨਤ ਅਤੇ ਪੂੰਜੀ ਬਰਬਾਦ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਨਿਰਵਿਘਨ ਅਤੇ ਪੂਰੀ ਬਿਜਲੀ ਸਪਲਾਈ ਦਿੱਤੀ ਜਾਵੇ। ਕਿਸਾਨਾਂ ਨੇ ਕਿਹਾ ਕਿ ਜੇਕਰ ਸਰਕਾਰ ਬਿਜਲੀ ਦੇ ਬਿੱਲ ਲਗਾਉਣਾ ਚਾਹੁੰਦੀ ਹੈ ਤਾਂ ਉਹ ਵੀ ਮਨਜ਼ੂਰ ਹੈ, ਪਰ ਬਦਲੇ ਵਿਚ ਉਨ੍ਹਾਂ ਨੂੰ ਲੋੜ ਅਨੁਸਾਰ ਨਿਰੰਤਰ ਬਿਜਲੀ ਮੁਹੱਈਆ ਕਰਵਾਈ ਜਾਵੇ, ਤਾਂ ਜੋ ਉਹ ਆਪਣੀਆਂ ਫ਼ਸਲਾਂ ਨੂੰ ਬਚਾ ਸਕਣ। ਇਸ ਮੌਕੇ ਅਜਮੇਰ ਸਿੰਘ ਕੋਟ, ਦਰਸ਼ਨ ਸਿੰਘ ਕੋਟ, ਨਿਸ਼ਾਨ ਸਿੰਘ ਛਾਪਾ, ਮਾਨਬੀਰ ਸਿੰਘ ਛਾਪਾ, ਸੁਖਵੰਤ ਸਿੰਘ ਛਾਪਾ, ਮਹਿਲ ਸਿੰਘ ਛਾਪਾ, ਬਲਦੇਵ ਸਿੰਘ ਸਰਪੰਚ ਛਾਪਾ, ਇਕਬਾਲ ਸਿੰਘ ਗਿੱਲ ਛਾਪਾ, ਪਰਮਜੀਤ ਸਿੰਘ ਬਘਿਆੜੀ, ਗੁਰਵਿੰਦਰ ਸਿੰਘ ਕੋਟ, ਸਵਰਨ ਸਿੰਘ ਕੋਟ, ਰਸ਼ਪਾਲ ਸਿੰਘ ਕੋਟ, ਹਰਪ੍ਰੀਤ ਸਿੰਘ ਹੈਪੀ ਦੋਦੇ, ਅੰਗਰੇਜ਼ ਸਿੰਘ ਦੋਦੇ, ਤੇਜਬੀਰ ਸਿੰਘ ਦੋਦੇ, ਸਾਬਕਾ ਸਰਪੰਚ ਮੁਖਤਾਰ ਸਿੰਘ ਦੋਦੇ, ਲੱਖਾ ਸਿੰਘ ਦੋਦੇ, ਮਨਜਿੰਦਰ ਸਿੰਘ ਛਾਪਾ ਆਦਿ ਹਾਜ਼ਰ ਸਨ।