ਚੰਡੀਗੜ੍ਹ ਮੋਰਚੇ ਦੀਆਂ ਤਿਆਰੀਆਂ ਮੁਕੰਮਲ : ਚਾਹਲ ਤੇ ਟਾਂਡਾ ਚੰਡੀਗੜ੍ਹ ਮੋਰਚੇ ਦੀਆਂ ਤਿਆਰੀਆਂ ਮੁਕੰਮਲ : ਚਾਹਲ ਤੇ ਟਾਂਡਾ
Publish Date: Thu, 27 Aug 2026 05:25 PM (IST)
Updated Date: Thu, 27 Aug 2026 05:28 PM (IST)
ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੀ ਮੀਟਿੰਗ ਨੂੰ ਸੂਬਾ ਆਗੂ ਚਾਹਲ ਤੇ ਟਾਂਡਾ ਨੇ ਕੀਤਾ ਸੰਬੋਧਨ ਨਰਿੰਦਰ ਸਿੰਘ ਦੋਦੇ•, ਪੰਜਾਬੀ ਜਾਗਰਣ ਸਰਾਏ ਅਮਾਨਤ ਖਾਂ : ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੀ ਮੀਟਿੰਗ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਛੇਵੀਂ ਪਾਤਿਸ਼ਾਹੀ, ਪਿੰਡ ਢੰਡ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਸੂਬਾ ਆਗੂ ਨਿਰੰਜਨ ਸਿੰਘ ਚਾਹਲ ਅਤੇ ਰਤਨ ਸਿੰਘ ਢੰਡ ਨੇ ਕੀਤੀ। ਮੀਟਿੰਗ ਦਾ ਮੁੱਖ ਏਜੰਡਾ ਸੰਯੁਕਤ ਕਿਸਾਨ ਮੋਰਚੇ ਵੱਲੋਂ 1 ਤੋਂ 7 ਸਤੰਬਰ ਤਕ ਚੰਡੀਗੜ੍ਹ ਵਿਖੇ ਲਗਾਏ ਜਾ ਰਹੇ ਧਰਨੇ ਦੀਆਂ ਤਿਆਰੀਆਂ ਸਬੰਧੀ ਰਿਹਾ। ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚੇ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਟਾਂਡਾ ਨੇ ਮੋਰਚੇ ਦੀਆਂ ਤਿਆਰੀਆਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਮੋਰਚੇ ਵਿਚ ਵੱਡੀ ਗਿਣਤੀ ’ਚ ਕਿਸਾਨਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਪਿੰਡ ਪੱਧਰ ’ਤੇ ਲਾਮਬੰਦੀ ਕੀਤੀ ਜਾ ਰਹੀ ਹੈ। ਹਰਜਿੰਦਰ ਸਿੰਘ ਟਾਂਡਾ ਨੇ ਕਿਹਾ ਕਿ ਮੋਰਚੇ ਦੀਆਂ ਮੁੱਖ ਮੰਗਾਂ ਵਿਚ ਪੰਜਾਬ ਦੇ ਦਰਿਆਈ ਪਾਣੀਆਂ ਦੀ ਰਾਖੀ, ਧਾਰਾ 78, 79 ਅਤੇ 80 ਨੂੰ ਰੱਦ ਕਰਨਾ, ਭਾਖੜਾ ਬਿਆਸ ਪ੍ਰਬੰਧਕੀ ਬੋਰਡ ਵਿਚ ਪੰਜਾਬ ਦੀ ਮੈਂਬਰਸ਼ਿਪ ਬਹਾਲ ਕਰਨਾ, ਕਿਸਾਨਾਂ ਤੇ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕਰਨਾ ਅਤੇ ਫ਼ਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦ ਦੀ ਕਾਨੂੰਨੀ ਗਾਰੰਟੀ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਗੰਨੇ ਦਾ ਭਾਅ 500 ਰੁਪਏ ਪ੍ਰਤੀ ਕੁਇੰਟਲ ਕਰਨ, ਪੰਜਾਬ ਦੀਆਂ ਬੰਦ ਪਈਆਂ ਖੰਡ ਮਿੱਲਾਂ ਨੂੰ ਮੁੜ ਚਾਲੂ ਕਰਨ ਅਤੇ ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤੇ ਨੂੰ ਰੱਦ ਕਰਨ ਦੀਆਂ ਮੰਗਾਂ ਨੂੰ ਵੀ ਮੋਰਚੇ ਦੌਰਾਨ ਉਭਾਰਿਆ ਜਾਵੇਗਾ। ਟਾਂਡਾ ਨੇ ਪੰਜਾਬ ਦੇ ਸਮੂਹ ਵਰਗਾਂ ਨੂੰ ਅਪੀਲ ਕੀਤੀ ਕਿ ਦਿੱਲੀ ਕਿਸਾਨ ਮੋਰਚੇ ਵਾਂਗ ਚੰਡੀਗੜ੍ਹ ਮੋਰਚੇ ਨੂੰ ਵੀ ਆਪਣਾ ਭਰਪੂਰ ਸਮਰਥਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਧਰਤੀ ਹੇਠਲੇ ਪਾਣੀ ਦਾ ਪੱਧਰ ਅਤੇ ਗੁਣਵੱਤਾ ਚਿੰਤਾਜਨਕ ਬਣ ਚੁੱਕੀ ਹੈ। ਜੇਕਰ ਦਰਿਆਈ ਪਾਣੀਆਂ ਦੀ ਰਾਖੀ ਲਈ ਹੁਣ ਸੰਘਰਸ਼ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਪੰਜਾਬ ਦੀ ਧਰਤੀ ਬੰਜਰ ਹੋਣ ਦਾ ਖ਼ਤਰਾ ਵਧ ਜਾਵੇਗਾ। ਇਸ ਮੌਕੇ ਅਵਤਾਰ ਸਿੰਘ ਢੰਡ, ਰਣਜੀਤ ਸਿੰਘ ਢੰਡ, ਗੁਰਲਾਲ ਸਿੰਘ ਲਹੀਆਂ, ਗੁਰਵਿੰਦਰ ਸਿੰਘ, ਅਜੀਤ ਸਿੰਘ ਲਹੀਆਂ, ਸੁਖਦੇਵ ਸਿੰਘ ਚਾਹਲ, ਬਲਵਿੰਦਰ ਸਿੰਘ, ਕਰਮ ਸਿੰਘ ਚਾਹਲ, ਕਾਰਜ ਸਿੰਘ ਸਰਾਂ, ਅਮਰਜੀਤ ਸਿੰਘ ਕੋਟ ਸਿਵਿਆਂ ਦਾ, ਗੁਰਵਿੰਦਰ ਸਿੰਘ ਕੋਟ, ਹਰਪਾਲ ਸਿੰਘ ਠੱਠਗੜ੍ਹ, ਦਿਲਬਾਗ ਸਿੰਘ, ਗੁਰਦੇਵ ਸਿੰਘ, ਹਰਦੇਵ ਸਿੰਘ ਨੌਸ਼ਹਿਰਾ, ਪ੍ਰਿਤਪਾਲ ਸਿੰਘ, ਸਤਨਾਮ ਸਿੰਘ, ਰਜਿੰਦਰ ਸਿੰਘ ਨੌਸ਼ਹਿਰਾ, ਸਾਹਿਬ ਸਿੰਘ ਮੀਆਂਪੁਰ, ਬਾਊ ਸਿੰਘ ਬਗਿਆੜੀ, ਖਜ਼ਾਨ ਸਿੰਘ ਮਿੰਟੂ ਬਗਿਆੜੀ, ਜਸਵੰਤ ਸਿੰਘ ਬੀੜ ਬਾਬਾ ਬੁੱਢਾ ਸਾਹਿਬ, ਹਰਪਿੰਦਰ ਸਿੰਘ ਨੌਸ਼ਹਿਰਾ ਆਦਿ ਹਾਜ਼ਰ ਸਨ।