ਤਿੰਨ ਮਹੀਨਿਆਂ ਤੋਂ ਪੁੱਟੀ ਪੱਟੀ-ਸਰਹਾਲੀ ਸੜਕ ਲੋਕਾਂ ਲਈ ਬਣੀ ਮੁਸੀਬਤ ਤਿੰਨ ਮਹੀਨਿਆਂ ਤੋਂ ਪੁੱਟੀ ਪਈ ਪੱਟੀ-ਸਰਹਾਲੀ ਸੜਕ, ਲੋਕਾਂ ਲਈ ਬਣੀ ਵੱਡੀ ਮੁਸੀਬਤ
Publish Date: Thu, 27 Aug 2026 05:13 PM (IST)
Updated Date: Thu, 27 Aug 2026 05:16 PM (IST)
ਸੜਕ ’ਤੇ ਖਿੱਲਰੇ ਪੱਥਰ ਬਣ ਰਹੇ ਨੇ ਹਾਦਸਿਆਂ ਦਾ ਕਾਰਨ, ਮੀਂਹ ਪੈਣ ’ਤੇ ਹਾਲਾਤ ਹੋਰ ਵੀ ਬਦਤਰ ਕੇਪੀ ਗਿੱਲ•, ਪੰਜਾਬੀ ਜਾਗਰਣ ਕੈਰੋਂ : ਪੱਟੀ ਸ਼ਹਿਰ ਤੋਂ ਸਰਹਾਲੀ ਕਲਾਂ ਵੱਲ ਜਾਣ ਵਾਲੀ ਮੁੱਖ ਸੜਕ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਪੁੱਟੀ ਹੋਣ ਦੇ ਬਾਵਜੂਦ ਹਾਲੇ ਤਕ ਮੁਕੰਮਲ ਨਾ ਹੋਣ ਕਾਰਨ ਰਾਹਗੀਰਾਂ, ਵਾਹਨ ਚਾਲਕਾਂ, ਵਿਦਿਆਰਥੀਆਂ ਅਤੇ ਆਸ-ਪਾਸ ਦੇ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ਦੀ ਮੁਰੰਮਤ ਜਾਂ ਨਿਰਮਾਣ ਦਾ ਕੰਮ ਅਧੂਰਾ ਪਿਆ ਹੋਣ ਕਾਰਨ ਰਸਤੇ ਵਿਚ ਖਿੱਲਰੇ ਪੱਥਰ ਤੇ ਉਖੜੀ ਹੋਈ ਸੜਕ ਆਵਾਜਾਈ ਲਈ ਖ਼ਤਰਾ ਬਣ ਰਹੇ ਹਨ। ਇਹ ਸੜਕ ਪੱਟੀ ਸ਼ਹਿਰ ਦੇ ਇਕ ਅਹਿਮ ਇਲਾਕੇ ਨੂੰ ਜੋੜਦੀ ਹੈ ਅਤੇ ਇਸ ਰਸਤੇ ਰਾਹੀਂ ਰੋਜ਼ਾਨਾ ਵੱਡੀ ਗਿਣਤੀ ਵਿਚ ਲੋਕ ਆਉਣ-ਜਾਣ ਕਰਦੇ ਹਨ। ਇਸੇ ਰਸਤੇ ’ਤੇ ਦੋ ਵੱਡੇ ਨਿੱਜੀ ਹਸਪਤਾਲਾਂ ਤੋਂ ਇਲਾਵਾ ਸਿਵਲ ਹਸਪਤਾਲ ਵੀ ਸਥਿਤ ਹੈ। ਇਸ ਕਰਕੇ ਮਰੀਜ਼ਾਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਐਂਬੂਲੈਂਸਾਂ ਦੀ ਆਵਾਜਾਈ ਵੀ ਲਗਾਤਾਰ ਰਹਿੰਦੀ ਹੈ। ਇਸ ਤੋਂ ਇਲਾਵਾ ਗੌਰਮਿੰਟ ਆਈਟੀਆਈ ਪੱਟੀ, ਸਬਜ਼ੀ ਮੰਡੀ, ਖੇਤੀਬਾੜੀ ਵਿਭਾਗ ਦਾ ਦਫ਼ਤਰ, ਪੰਜਾਬ ਹੋਮ ਗਾਰਡ ਦਾ ਦਫ਼ਤਰ, ਦਾਣਾ ਮੰਡੀ ਪੱਟੀ, ਪੰਜਾਬ ਰੋਡਵੇਜ਼ ਦੀ ਵਰਕਸ਼ਾਪ ਅਤੇ ਯੂਨੀਵਰਸਿਟੀ ਕਾਲਜ ਪੱਟੀ ਵੱਲ ਜਾਣ ਵਾਲੇ ਲੋਕ ਵੀ ਇਸੇ ਰਸਤੇ ਦੀ ਵਰਤੋਂ ਕਰਦੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੜਕ ਪੁੱਟੇ ਜਾਣ ਤੋਂ ਬਾਅਦ ਇਸ ਨੂੰ ਸਮੇਂ ਸਿਰ ਮੁਕੰਮਲ ਨਾ ਕੀਤੇ ਜਾਣ ਕਾਰਨ ਆਵਾਜਾਈ ਦੀ ਸਮੱਸਿਆ ਲਗਾਤਾਰ ਵਧਦੀ ਜਾ ਰਹੀ ਹੈ। ਸੜਕ ’ਤੇ ਥਾਂ-ਥਾਂ ਪੱਥਰ ਅਤੇ ਗਟਕਾ ਪਿਆ ਹੋਣ ਕਾਰਨ ਖ਼ਾਸ ਕਰਕੇ ਦੋ ਪਹੀਆ ਵਾਹਨ ਚਾਲਕਾਂ ਲਈ ਸਫ਼ਰ ਕਰਨਾ ਮੁਸ਼ਕਿਲ ਹੋ ਗਿਆ ਹੈ। ਜਦੋਂ ਕੋਈ ਵੱਡਾ ਵਾਹਨ ਜਾਂ ਕਾਰ ਦੋ ਪਹੀਆ ਵਾਹਨ ਨੂੰ ਪਾਸ ਕਰਦੀ ਹੈ, ਤਾਂ ਟਾਇਰਾਂ ਹੇਠ ਆਉਣ ਵਾਲੇ ਪੱਥਰ ਉਛਲ ਕੇ ਦੂਜੇ ਵਾਹਨਾਂ ਜਾਂ ਰਾਹਗੀਰਾਂ ਨੂੰ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਬੀਤੇ ਕੱਲ੍ਹ ਵੀ ਇਸੇ ਤਰ੍ਹਾਂ ਦਾ ਇਕ ਹਾਦਸਾ ਵਾਪਰਨ ਦੀ ਗੱਲ ਸਾਹਮਣੇ ਆਈ ਹੈ। ਇਕ ਮੋਟਰਸਾਈਕਲ ਸਵਾਰ ਜੋੜਾ ਇਸ ਸੜਕ ਤੋਂ ਲੰਘ ਰਿਹਾ ਸੀ। ਇਸ ਦੌਰਾਨ ਜਦੋਂ ਉਹ ਇਕ ਗੱਡੀ ਨੂੰ ਪਾਸ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਗੱਡੀ ਦੇ ਟਾਇਰ ਹੇਠੋਂ ਪੱਥਰ ਉਛਲ ਕੇ ਮੋਟਰਸਾਈਕਲ ਸਵਾਰ ਜੋੜੇ ਦੇ ਨਾਲ ਜਾ ਰਹੇ ਬੱਚੇ ਦੇ ਸਿਰ ਵਿਚ ਜਾ ਵੱਜਿਆ, ਜਿਸ ਕਾਰਨ ਬੱਚਾ ਜ਼ਖ਼ਮੀ ਹੋ ਗਿਆ। ਇਸ ਘਟਨਾ ਨੇ ਸੜਕ ਦੀ ਮੌਜੂਦਾ ਹਾਲਤ ਕਾਰਨ ਪੈਦਾ ਹੋ ਰਹੇ ਖ਼ਤਰੇ ਨੂੰ ਹੋਰ ਉਜਾਗਰ ਕਰ ਦਿੱਤਾ ਹੈ। ਲੋਕਾਂ ਮੁਤਾਬਕ ਇਹ ਪਹਿਲੀ ਘਟਨਾ ਨਹੀਂ ਹੈ। ਕਈ ਵਾਰ ਸੜਕ ’ਤੇ ਪਏ ਪੱਥਰ ਵਾਹਨਾਂ ਦੇ ਟਾਇਰਾਂ ਹੇਠ ਆ ਕੇ ਤੇਜ਼ੀ ਨਾਲ ਉਛਲਦੇ ਹਨ ਅਤੇ ਸਾਹਮਣੇ ਜਾਂ ਨਾਲੋਂ ਲੰਘ ਰਹੀਆਂ ਗੱਡੀਆਂ ਦੇ ਸ਼ੀਸ਼ਿਆਂ ਨਾਲ ਟਕਰਾ ਜਾਂਦੇ ਹਨ। ਇਸ ਕਾਰਨ ਕਈ ਵਾਰ ਵਾਹਨਾਂ ਦੇ ਸ਼ੀਸ਼ੇ ਟੁੱਟਣ ਅਤੇ ਵਾਹਨਾਂ ਨੂੰ ਨੁਕਸਾਨ ਪਹੁੰਚਣ ਦੀਆਂ ਘਟਨਾਵਾਂ ਵੀ ਵਾਪਰ ਚੁੱਕੀਆਂ ਹਨ। ਦੋਪਹੀਆ ਵਾਹਨ ਚਾਲਕਾਂ ਲਈ ਤਾਂ ਇਹ ਸਥਿਤੀ ਹੋਰ ਵੀ ਗੰਭੀਰ ਹੈ, ਕਿਉਂਕਿ ਪੱਥਰਾਂ ਜਾਂ ਅਸਮਤਲ ਸੜਕ ਕਾਰਨ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਨਾਲ ਵੱਡਾ ਹਾਦਸਾ ਵਾਪਰ ਸਕਦਾ ਹੈ। ਸਭ ਤੋਂ ਵੱਧ ਚਿੰਤਾ ਦੀ ਗੱਲ ਇਹ ਹੈ ਕਿ ਇਸ ਰਸਤੇ ਰਾਹੀਂ ਵੱਡੀ ਗਿਣਤੀ ਵਿਚ ਵਿਦਿਆਰਥੀ ਵੀ ਰੋਜ਼ਾਨਾ ਆਉਂਦੇ-ਜਾਂਦੇ ਹਨ। ਯੂਨੀਵਰਸਿਟੀ ਕਾਲਜ ਅਤੇ ਗੌਰਮਿੰਟ ਆਈਟੀਆਈ ਵੱਲ ਜਾਣ ਵਾਲੇ ਵਿਦਿਆਰਥੀਆਂ ਤੋਂ ਇਲਾਵਾ ਸਬਜ਼ੀ ਮੰਡੀ, ਦਾਣਾ ਮੰਡੀ ਅਤੇ ਵੱਖ-ਵੱਖ ਸਰਕਾਰੀ ਦਫ਼ਤਰਾਂ ਵਿਚ ਕੰਮ ਲਈ ਆਉਣ ਵਾਲੇ ਲੋਕਾਂ ਨੂੰ ਵੀ ਇਸੇ ਰਸਤੇ ਤੋਂ ਲੰਘਣਾ ਪੈਂਦਾ ਹੈ। ਸਵੇਰੇ ਅਤੇ ਸ਼ਾਮ ਦੇ ਸਮੇਂ ਜਦੋਂ ਆਵਾਜਾਈ ਵੱਧ ਜਾਂਦੀ ਹੈ, ਤਾਂ ਸੜਕ ਦੀ ਖ਼ਰਾਬ ਹਾਲਤ ਕਾਰਨ ਸਮੱਸਿਆ ਹੋਰ ਵਧ ਜਾਂਦੀ ਹੈ। ਮੀਂਹ ਪੈਣ ਵਾਲੇ ਦਿਨਾਂ ਵਿਚ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ। ਸੜਕ ਪੁੱਟੀ ਹੋਣ ਕਾਰਨ ਮੀਂਹ ਦਾ ਪਾਣੀ ਪੱਥਰਾਂ ਅਤੇ ਮਿੱਟੀ ਨਾਲ ਮਿਲ ਕੇ ਰਸਤੇ ਨੂੰ ਚਿੱਕੜ ਅਤੇ ਫਿਸਲਣ ਵਾਲਾ ਬਣਾ ਦਿੰਦਾ ਹੈ। ਇਸ ਨਾਲ ਦੋ ਪਹੀਆ ਵਾਹਨ ਚਾਲਕਾਂ ਲਈ ਹਾਦਸੇ ਦਾ ਖ਼ਤਰਾ ਵਧ ਜਾਂਦਾ ਹੈ, ਜਦਕਿ ਵੱਡੇ ਵਾਹਨਾਂ ਦੀ ਆਵਾਜਾਈ ਕਾਰਨ ਸੜਕ ਦੀ ਹਾਲਤ ਹੋਰ ਖ਼ਰਾਬ ਹੋਣ ਦਾ ਵੀ ਡਰ ਬਣਿਆ ਰਹਿੰਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸੜਕ ਨੂੰ ਪੁੱਟਣ ਤੋਂ ਬਾਅਦ ਜੇਕਰ ਕੰਮ ਜਲਦੀ ਮੁਕੰਮਲ ਕਰ ਦਿੱਤਾ ਜਾਂਦਾ ਤਾਂ ਆਮ ਲੋਕਾਂ ਨੂੰ ਇੰਨੀ ਲੰਮੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪੈਂਦਾ। ਹੁਣ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਸੜਕ ਅਧੂਰੀ ਪਈ ਹੋਣ ਕਾਰਨ ਲੋਕਾਂ ਵਿਚ ਰੋਸ ਵਧਦਾ ਜਾ ਰਿਹਾ ਹੈ। ਲੋਕਾਂ ਨੇ ਸਬੰਧਤ ਵਿਭਾਗ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕ ਦੇ ਕੰਮ ਨੂੰ ਹੋਰ ਲਟਕਾਉਣ ਦੀ ਬਜਾਏ ਤੁਰੰਤ ਮੁਕੰਮਲ ਕਰਵਾਇਆ ਜਾਵੇ ਅਤੇ ਜਦੋਂ ਤਕ ਕੰਮ ਪੂਰਾ ਨਹੀਂ ਹੁੰਦਾ, ਉਦੋਂ ਤਕ ਸੜਕ ’ਤੇ ਖਿੱਲਰੇ ਪੱਥਰਾਂ ਨੂੰ ਹਟਾ ਕੇ ਆਵਾਜਾਈ ਲਈ ਸੁਰੱਖਿਅਤ ਪ੍ਰਬੰਧ ਕੀਤੇ ਜਾਣ। ਸਥਾਨਕ ਵਸਨੀਕਾਂ ਨੇ ਕਿਹਾ ਕਿ ਇਹ ਸਿਰਫ਼ ਸੜਕ ਦੀ ਮੁਰੰਮਤ ਦਾ ਮਾਮਲਾ ਨਹੀਂ, ਸਗੋਂ ਲੋਕਾਂ ਦੀ ਸੁਰੱਖਿਆ ਨਾਲ ਸਿੱਧਾ ਜੁੜਿਆ ਹੋਇਆ ਮਸਲਾ ਹੈ। ਹਸਪਤਾਲਾਂ, ਵਿੱਦਿਅਕ ਅਦਾਰਿਆਂ ਅਤੇ ਸਰਕਾਰੀ ਦਫ਼ਤਰਾਂ ਨੂੰ ਜਾਣ ਵਾਲੇ ਹਜ਼ਾਰਾਂ ਲੋਕਾਂ ਲਈ ਇਹ ਰਸਤਾ ਬੇਹੱਦ ਮਹੱਤਵਪੂਰਨ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਵੱਲੋਂ ਮੌਕੇ ਦਾ ਜਾਇਜ਼ਾ ਲੈ ਕੇ ਸਬੰਧਤ ਠੇਕੇਦਾਰ ਜਾਂ ਵਿਭਾਗ ਨੂੰ ਕੰਮ ਵਿਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ ਦਿੱਤੀਆਂ ਜਾਣ ਤਾਂ ਜੋ ਕਿਸੇ ਵੱਡੇ ਹਾਦਸੇ ਦੀ ਉਡੀਕ ਨਾ ਕਰਨੀ ਪਵੇ।