ਵਧੀਆ ਕੁਆਲਿਟੀ ਦੀ ਬਾਸਮਤੀ ਦੀ ਕਾਸ਼ਤ 'ਤੇ ਖੇਤ ਦਿਵਸ ਮਨਾਇਆ ਵਧੀਆ ਕੁਆਲਿਟੀ ਦੀ ਬਾਸਮਤੀ ਦੀ ਕਾਸ਼ਤ 'ਤੇ ਖੇਤ ਦਿਵਸ ਮਨਾਇਆ
Publish Date: Wed, 26 Aug 2026 09:17 PM (IST)
Updated Date: Thu, 27 Aug 2026 04:07 AM (IST)
ਕੈਪਸ਼ਨ : ਦਾਰਾਪੁਰ ਵਿਖੇ ਮਨਾਏ ਖੇਤ ਦਿਵਸ ਮੌਕੇ ਸੰਬੋਧਨ ਕਰਦੇ ਹੋਏ ਮਾਹਿਰ। ਕੈਪਸ਼ਨ: ਵਧੀਆ ਕੁਆਲਿਟੀ ਦੀ ਬਾਸਮਤੀ ਦੇ ਖੇਤ ਵਿਚ ਜਾਣਕਾਰੀ ਦਿੰਦੇ ਹੋਏ ਖੇਤੀਬਾੜੀ ਵਿਭਾਗ ਦੇ ਅਧਿਕਾਰੀ। ਕੁਲਦੀਪ ਸਿੰਘ ਮਾਨ•, ਪੰਜਾਬੀ ਜਾਗਰਣ ਖਡੂਰ ਸਾਹਿਬ : ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨਤਾਰਨ ਵੱਲੋਂ ਪਿੰਡ ਦਾਰਾਪੁਰ, ਖਡੂਰ ਸਾਹਿਬ ਵਿਖੇ ਵਧੀਆ ਕੁਆਲਿਟੀ ਦੀ ਬਾਸਮਤੀ ਦੀ ਕਾਸ਼ਤ ਤੇ ਖੇਤ ਦਿਵਸ ਮਨਾਇਆ ਗਿਆ। ਖੇਤ ਦਿਵਸ ਦਾ ਮੁੱਖ ਉਦੇਸ਼ ਵਧੀਆ ਗੁਣਵੱਤਾ ਵਾਲੀ ਬਾਸਮਤੀ ਪੈਦਾ ਕਰਨ ਬਾਰੇ ਜਾਗਰੂਕ ਕਰਨਾ ਸੀ। ਇਸ ਪ੍ਰੋਗਰਾਮ ਵਿਚ 70 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ। ਡਾ. ਪਰਮਿੰਦਰ ਕੌਰ ਸਹਿਜਪਾਲ, ਪ੍ਰਮੁੱਖ ਪ੍ਰਸਾਰ ਮਾਹਿਰ (ਪੌਦਾ ਰੋਗ) ਨੇ ਭਾਗ ਲੈਣ ਵਾਲਿਆਂ ਕਿਸਾਨਾਂ ਦਾ ਸਵਾਗਤ ਕੀਤਾ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰ ਦੀਆਂ ਗਤੀਵਿਧੀਆਂ ਬਾਰੇ ਦੱਸਿਆ। ਉਨ੍ਹਾਂ ਨੇ ਕਿਸਾਨਾਂ ਨੂੰ ਝੋਨੇ ਅਤੇ ਬਾਸਮਤੀ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਅਪਣਾਉਣ ਦਾ ਸੁਝਾਅ ਦਿੱਤਾ, ਜੋ ਕੀੜੇ-ਮਕੌੜੇ ਅਤੇ ਬਿਮਾਰੀਆਂ ਦਾ ਟਾਕਰਾ ਕਰਦੀਆਂ ਹਨ। ਉਨ੍ਹਾਂ ਬਾਸਮਤੀ ਵਿੱਚ ਕੀੜੇ-ਮਕੌੜੇ ਅਤੇ ਬਿਮਾਰੀਆਂ ਦੀ ਪਛਾਣ ਅਤੇ ਉਨ੍ਹਾਂ ਦੀ ਰੋਕਥਾਮ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਅਤੇ ਚੰਗੀ ਕੁਆਲਿਟੀ ਦੀ ਬਾਸਮਤੀ ਦੀ ਕਾਸ਼ਤ ਲਈ ਬੇਲੋੜੇ ਰਸਾਇਣਾ ਦੇ ਛਿੜਕਾਅ ਨਾਂ ਕਰਨ ਦੀ ਅਪੀਲ ਕੀਤੀ। ਡਾ. ਪਰਮਿੰਦਰ ਸਿੰਘ ਸੰਧੂ, ਜ਼ਿਲ੍ਹਾ ਪ੍ਰਸਾਰ ਮਾਹਿਰ ਫ਼ਸਲ ਵਿਗਿਆਨ ਨੇ ਕਿਸਾਨਾਂ ਨੂੰ ਬਾਸਮਤੀ ਵਿਚ ਨਦੀਨਾਂ ਦੀ ਸੁਚੱਜੀ ਰੋਕਥਾਮ ਬਾਰੇ ਦੱਸਿਆ ਅਤੇ ਵੱਖ-ਵੱਖ ਫਸਲਾਂ ਵਿਚ ਪਾਣੀ ਦੀ ਬੱਚਤ ਕਰਨ ਵਾਲੀਆਂ ਤਕਨੀਕਾਂ ’ਤੇ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਨੇ ਵਧੀਆ ਕੁਆਲਿਟੀ ਦੀ ਬਾਸਮਤੀ ਪੈਦਾ ਕਰਨ ਲਈ ਕਿਸਾਨਾਂ ਨੂੰ ਪੋਟਾਸ਼ੀਅਮ ਨਾਈਟ੍ਰੇਟ ਦਾ ਛਿੜਕਾਅ ਕਰਨ ਦੀ ਸਲਾਹ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਸਾਨਾਂ ਨੂੰ ਫ਼ਸਲਾਂ ਵਿਚ ਖ਼ਾਦਾਂ ਦੀ ਸੁਚੱਜੀ ਅਤੇ ਸੰਤੁਲਿਤ ਵਰਤੋਂ ਕਰਨ ਤੇ ਜ਼ੋਰ ਦਿੱਤਾ। ਇਸ ਮੌਕੇ ਪੀਏਯੂ ਸਾਹਿਤ, ਸਰਦੀਆਂ ਦੀਆਂ ਸਬਜ਼ੀਆਂ ਦੇ ਬੀਜਾਂ ਦੀਆਂ ਕਿੱਟਾਂ ਅਤੇ ਤੋਰੀਏ ਦਾ ਬੀਜ ਵੀ ਉਪਲਬੱਧ ਕਰਵਾਇਆ ਗਿਆ। ਅਗਾਂਹਵਧੂ ਕਿਸਾਨ ਮੱਖਣ ਸਿੰਘ ਨੇ ਖੇਤ ਦਿਵਸ ਵਿਚ ਹਾਜ਼ਰ ਸਾਰੇ ਕਿਸਾਨਾਂ ਦਾ ਧੰਨਵਾਦ ਕੀਤਾ।