ਕਿਸਾਨਾਂ ਦੇ ਸਵਾਲਾਂ ਤੋਂ ਮੁੱਖ ਮੰਤਰੀ ਭੱਜੇ : ਸੰਘਰਸ਼ ਕਮੇਟੀ ਕਿਸਾਨਾਂ ਦੇ ਸਵਾਲਾਂ ਤੋਂ ਮੁੱਖ ਮੰਤਰੀ ਭੱਜੇ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ
Publish Date: Wed, 26 Aug 2026 09:11 PM (IST)
Updated Date: Thu, 27 Aug 2026 04:05 AM (IST)
ਕੈਪਸ਼ਨ - ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਸਾਨੀ ਮਸਲਿਆਂ ਸਬੰਧੀ ਸਵਾਲ ਪੁੱਛਣ ਲਈ ਗੋਇੰਦਵਾਲ ਸਾਹਿਬ ਵਿਖੇ ਇਕੱਤਰ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨ ਟਾਂਡਾ ਦੇ ਆਗੂ। * ਕਿਸਾਨਾਂ ਵੱਲੋਂ ਮੁੱਖ ਮੰਤਰੀ ਨੂੰ ਸਵਾਲ ਪੁੱਛਣ ਦੀ ਕੀਤੀ ਸੀ ਤਿਆਰੀ ਗੁਰਬਰਿੰਦਰ ਸਿੰਘ•ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨਤਾਰਨ ਦੇ ਜ਼ੋਨ ਟਾਂਡਾ ਵੱਲੋਂ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪਹੁੰਚ ਰਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਸਬੰਧਤ ਮਸਲਿਆਂ ’ਤੇ ਸਵਾਲ ਕਰਨ ਲਈ ਪੂਰੀ ਤਿਆਰੀ ਕੀਤੀ ਗਈ ਸੀ। ਪ੍ਰੰਤੂ ਕਿਸਾਨਾਂ ਦੇ ਸਵਾਲਾਂ ਤੋਂ ਜਵਾਬ ਦੇਣ ਦੀ ਬਜਾਏ ਗੋਇੰਦਵਾਲ ਸਾਹਿਬ ਫੇਰੀ ਰੱਦ ਕਰਕੇ ਬੁਜ਼ਦਿਲੀ ਵਿਖਾਈ ਹੈ। ਜ਼ੋਨ ਪ੍ਰਧਾਨ ਕੁਲਵੰਤ ਸਿੰਘ ਭੈਲ ਦੀ ਅਗਵਾਈ ਹੇਠ ਕਿਸਾਨ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਕਿਸਾਨਾਂ ਨੂੰ ਆਪਣੇ ਸਵਾਲ ਰੱਖਣ ਦਾ ਸਮਾਂ ਨਾ ਦੇਣਾ ਲੋਕਤੰਤਰਿਕ ਹੱਕਾਂ ਦੀ ਅਣਦੇਖੀ ਹੈ। ਪ੍ਰੈੱਸ ਦੇ ਨਾਮ ਜਾਰੀ ਬਿਆਨ ਵਿਚ ਮੀਡੀਆ ਇੰਚਾਰਜ ਜੋਗਿੰਦਰ ਸਿੰਘ ਨੇ ਕਿਹਾ ਕਿ ਲੰਮੇ ਸਮੇਂ ਤੋਂ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਲਟਕ ਰਹੀਆਂ ਹਨ। ਜਦੋਂ ਵੀ ਮੁੱਖ ਮੰਤਰੀ ਕਿਸੇ ਇਲਾਕੇ ਵਿਚ ਸਮਾਗਮ ਜਾਂ ਕਾਨਫਰੰਸ ਲਈ ਪਹੁੰਚਦੇ ਹਨ, ਕਿਸਾਨ ਸਿਰਫ਼ ਉਨ੍ਹਾਂ ਨੂੰ ਮਿਲ ਕੇ ਆਪਣੀਆਂ ਮੰਗਾਂ ਅਤੇ ਸਮੱਸਿਆਵਾਂ ਦੱਸਣਾ ਚਾਹੁੰਦੇ ਹਨ, ਪਰ ਹਰ ਵਾਰ ਪੁਲਿਸ ਦੀ ਭਾਰੀ ਤਾਇਨਾਤੀ ਕਰਕੇ ਕਿਸਾਨਾਂ ਨੂੰ ਮੁੱਖ ਮੰਤਰੀ ਤਕ ਪਹੁੰਚਣ ਤੋਂ ਰੋਕਿਆ ਜਾਂਦਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ 26 ਅਗਸਤ ਨੂੰ ਮੁੱਖ ਮੰਤਰੀ ਵੱਲੋਂ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਔਰਤਾਂ ਦੇ ਖਾਤਿਆਂ ਵਿਚ ਰਾਸ਼ੀ ਪਾਉਣ ਸਬੰਧੀ ਸਮਾਗਮ ਲਈ ਆਉਣਾ ਸੀ। ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਮੁੱਖ ਮੰਤਰੀ ਕੋਲੋਂ ਆਪਣੇ ਸਵਾਲਾਂ ਦੇ ਜਵਾਬ ਲੈਣ ਲਈ ਸਮਾਂ ਮੰਗਿਆ ਗਿਆ ਸੀ, ਪਰ ਸਮਾਂ ਨਾ ਮਿਲਣ ਕਾਰਨ ਜਥੇਬੰਦੀ ਨੇ ਆਪਣੇ ਪੱਧਰ ’ਤੇ ਇਕੱਠ ਕਰਕੇ ਸਵਾਲ ਉਠਾਉਣ ਦਾ ਫੈਸਲਾ ਕੀਤਾ। ਕਿਸਾਨ ਆਗੂਆਂ ਨੇ ਕਿਹਾ ਕਿ ਗੋਇੰਦਵਾਲ ਸਾਹਿਬ ਵਿਚ ਰੈੱਡ ਕੈਟਾਗਰੀ ਦੀ ਕੈਂਪਾ ਕੋਲਾ ਫੈਕਟਰੀ ਲੱਗਣ ਦੇ ਮਾਮਲੇ ’ਤੇ ਵੀ ਮੁੱਖ ਮੰਤਰੀ ਤੋਂ ਜਵਾਬ ਮੰਗਿਆ ਜਾਣਾ ਸੀ ਕਿ ਇਸ ਇਲਾਕੇ ਵਿਚ ਰੈੱਡ ਕੈਟਾਗਰੀ ਦੀਆਂ ਫੈਕਟਰੀਆਂ ਹੀ ਕਿਉਂ ਲਗਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸ਼ੰਭੂ ਬਾਰਡਰ ’ਤੇ ਕਿਸਾਨਾਂ ਦੀਆਂ ਟਰਾਲੀਆਂ, ਟਰੈਕਟਰ, ਏਸੀ ਅਤੇ ਹੋਰ ਸਾਮਾਨ ਚੋਰੀ ਹੋਣ ਦੇ ਮਾਮਲੇ ਵਿਚ ਵੀ ਸਰਕਾਰ ਤੋਂ ਜਵਾਬ ਮੰਗਿਆ ਜਾਣਾ ਸੀ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਭਾਵੇਂ ਕਿਨ੍ਹਾਂ ਵੀ ਸਮਾਂ ਕਿਸਾਨਾਂ ਦੇ ਸਵਾਲਾਂ ਤੋਂ ਟਾਲਾ ਵੱਟੇ, ਆਖ਼ਰਕਾਰ ਮੁੱਖ ਮੰਤਰੀ ਨੂੰ ਪਿੰਡਾਂ ਵਿਚ ਵੋਟਾਂ ਮੰਗਣ ਲਈ ਲੋਕਾਂ ਕੋਲ ਜਾਣਾ ਹੀ ਪਵੇਗਾ ਅਤੇ ਉਸ ਸਮੇਂ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵੀ ਦੇਣੇ ਪੈਣਗੇ। ਇਸ ਮੌਕੇ ਜ਼ੋਨ ਟਾਂਡਾ ਨਾਲ ਸਬੰਧਤ ਵੱਡੀ ਗਿਣਤੀ ਵਿਚ ਕਿਸਾਨ-ਮਜ਼ਦੂਰ ਆਗੂ ਅਤੇ ਵਰਕਰ ਹਾਜ਼ਰ ਸਨ।