ਅੱਜ ਦੇ ਮਹਾਂਬੰਦ ਸਬੰਧੀ ਸਿਹਤ ਮੁਲਾਜ਼ਮਾਂ ਨੇ ਐੱਸਐੱਮਓ ਨੂੰ ਸੌਂਪਿਆ ਸਮੂਹਿਕ ਛੁੱਟੀ ਦਾ ਪੱਤਰ ਅੱਜ ਦੇ ਮਹਾਂਬੰਦ ਸਬੰਧੀ ਸਿਹਤ ਮੁਲਾਜ਼ਮਾਂ ਨੇ ਐੱਸਐੱਮਓ ਨੂੰ ਸੌਂਪਿਆ ਸਮੂਹਿਕ ਛੁੱਟੀ ਦਾ ਪੱਤਰ
Publish Date: Wed, 26 Aug 2026 07:59 PM (IST)
Updated Date: Thu, 27 Aug 2026 04:04 AM (IST)
ਕੈਪਸ਼ਨ- ਐੱਸਐੱਮਓ ਸਰਹਾਲੀ ਡਾ. ਜਤਿੰਦਰ ਸਿੰਘ ਗਿੱਲ ਨੂੰ ਛੁੱਟੀ ਪੱਤਰ ਸੌਂਪਦੇ ਹੋਏ ਸਿਹਤ ਕਰਮਚਾਰੀ। * ਸਿਵਲ ਸਰਜਨ ਦਫ਼ਤਰ ਤਰਨਤਾਰਨ ’ਚ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ : ਯੂਨੀਅਨ ਆਗੂ ਲਵਦੀਪ ਦੇਵਗਨ, •ਪੰਜਾਬੀ ਜਾਗਰਣ ਸਰਹਾਲੀ ਕਲਾਂ : ਸਾਂਝਾ ਮੁਲਾਜ਼ਮ ਮੰਚ ਅਤੇ ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਦੇ ਸੱਦੇ ’ਤੇ 27 ਅਗਸਤ ਨੂੰ ਪੰਜਾਬ ਭਰ ਵਿਚ ਕੀਤੇ ਜਾ ਰਹੇ ਮਹਾਂਬੰਦ ਦੇ ਸੱਦੇ ਤਹਿਤ ਪੈਰਾਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਅਤੇ ਐੱਨਐੱਚਐੱਮ ਯੂਨੀਅਨ ਜ਼ਿਲ੍ਹਾ ਤਰਨਤਾਰਨ ਵੱਲੋਂ ਸਿਵਲ ਸਰਜਨ ਦਫ਼ਤਰ ਤਰਨਤਾਰਨ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਹ ਜਾਣਕਾਰੀ ਪੈਰਾਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਨਰਿੰਦਰ ਸਿੰਘ ਔਲਖ ਅਤੇ ਐੱਨਐੱਚਐੱਮ ਯੂਨੀਅਨ ਦੇ ਜਨਰਲ ਸਕੱਤਰ ਮਨਦੀਪ ਸਿੰਘ ਚੌਹਾਨ ਨੇ ਸਾਂਝੇ ਤੌਰ ’ਤੇ ਦਿੱਤੀ। ਉਨ੍ਹਾਂ ਦੱਸਿਆ ਕਿ 27 ਅਗਸਤ ਦੇ ਮਹਾਂਬੰਦ ਵਿਚ ਸ਼ਮੂਲੀਅਤ ਕਰਨ ਲਈ ਅੱਜ ਡਾਕਟਰ ਜਤਿੰਦਰ ਸਿੰਘ ਗਿੱਲ, ਐੱਸਐੱਮਓ ਸਰਹਾਲੀ ਨੂੰ ਸਮੂਹਿਕ ਛੁੱਟੀ ਸਬੰਧੀ ਪੱਤਰ ਸੌਂਪਿਆ ਗਿਆ ਹੈ। ਯੂਨੀਅਨ ਆਗੂਆਂ ਨੇ ਦੱਸਿਆ ਕਿ ਸਿਵਲ ਸਰਜਨ ਦਫ਼ਤਰ ਤਰਨਤਾਰਨ ਵਿਖੇ ਹੋਣ ਵਾਲੇ ਰੋਸ ਪ੍ਰਦਰਸ਼ਨ ਵਿਚ ਸਿਹਤ ਵਿਭਾਗ ਦੀਆਂ ਸਮੂਹ ਸ਼੍ਰੇਣੀਆਂ ਦੇ ਮੁਲਾਜ਼ਮ ਸ਼ਮੂਲੀਅਤ ਕਰਨਗੇ। ਉਨ੍ਹਾਂ ਕਿਹਾ ਕਿ ਮੁਲਾਜ਼ਮ ਲੰਮੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਹਨ, ਪਰ ਸਰਕਾਰ ਵੱਲੋਂ ਇਨ੍ਹਾਂ ਵੱਲ ਬਣਦਾ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਐੱਨਐੱਚਐੱਮ ਦੇ ਸਮੂਹ ਕਰਮਚਾਰੀਆਂ ਨੂੰ ਰੈਗੂਲਰ ਕਰਨਾ, ਰੈਗੂਲਰ ਮੁਲਾਜ਼ਮਾਂ ਨੂੰ ਮਹਿੰਗਾਈ ਭੱਤਾ ਦੇਣਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ ਅਤੇ 17 ਜੁਲਾਈ 2020 ਤੇ 15 ਜਨਵਰੀ 2015 ਦੇ ਪੱਤਰ ਰੱਦ ਕਰਨ ਸਮੇਤ ਹੋਰ ਮੰਗਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਤੁਰੰਤ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਹੋਰ ਵੱਡੇ ਪੱਧਰ ’ਤੇ ਲਿਜਾਇਆ ਜਾਵੇਗਾ। ਇਸ ਮੌਕੇ ਤਰਜੀਤ ਕੌਰ ਨਰਸਿੰਗ ਸਿਸਟਰ, ਅਪਥਾਲਮਿਕ ਅਫ਼ਸਰ ਪਰਮਜੀਤ ਕੌਰ, ਸਟਾਫ਼ ਨਰਸ ਕਵਲਜੀਤ ਕੌਰ, ਸਟਾਫ਼ ਨਰਸ ਨਰਿੰਦਰ ਕੌਰ, ਫਾਰਮੇਸੀ ਅਫ਼ਸਰ ਪ੍ਰਭਜੋਤ ਕੌਰ, ਜਤਿੰਦਰ ਕੌਰ ਐੱਲਟੀ, ਰੁਪਿੰਦਰਜੀਤ ਕੌਰ ਸਟਾਫ਼ ਨਰਸ, ਸੁਖਵਿੰਦਰ ਕੌਰ ਐੱਲਟੀ, ਰਾਜਵਿੰਦਰ ਕੌਰ ਐੱਲਟੀ, ਸੰਦੀਪ ਕੌਰ ਸਟਾਫ਼ ਨਰਸ, ਰਮਨਦੀਪ ਕੌਰ ਸਟਾਫ਼ ਨਰਸ, ਵਿਸ਼ਾਲ ਕੁਮਾਰ ਬੀਐੱਸਏ, ਚੀਫ਼ ਫਾਰਮੇਸੀ ਅਫ਼ਸਰ ਹਰਵਿੰਦਰਪਾਲ ਸਿੰਘ, ਕਰਨਦੀਪ ਸਿੰਘ ਕਲਰਕ, ਅਭੀਜੀਤ ਸਿੰਘ ਰੇਡੀਓਗ੍ਰਾਫ਼ਰ, ਲਖਵਿੰਦਰ ਸਿੰਘ, ਬੇਅੰਤ ਸਿੰਘ, ਬਲਜੀਤ ਸਿੰਘ, ਰਣਜੀਤ ਸਿੰਘ ਅਤੇ ਪਰਮਜੀਤ ਸਿੰਘ ਸਮੇਤ ਹੋਰ ਮੁਲਾਜ਼ਮ ਹਾਜ਼ਰ ਸਨ।