ਵਿਧਾਇਕ ਲਾਲਪੁਰਾ ਨੇ ਸਮਾਰੋਹ ’ਚ ਪੁੱਜੀਆਂ ਸਖੀਆਂ ਦਾ ਧੰਨਵਾਦ ਕੀਤਾ ਵਿਧਾਇਕ ਲਾਲਪੁਰਾ ਨੇ ਸਮਾਰੋਹ ’ਚ ਪਹੁੰਚੀਆਂ ਸਖੀਆਂ ਦਾ ਧੰਨਵਾਦ ਕੀਤਾ
Publish Date: Wed, 26 Aug 2026 07:47 PM (IST)
Updated Date: Thu, 27 Aug 2026 04:04 AM (IST)
ਕੈਪਸ਼ਨ - ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ। ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਮਾਵਾਂ ਧੀਆਂ ਸਤਿਕਾਰ ਯੋਜਨਾ ’ਚ ਸਹਿਯੋਗੀ ਸਖੀਆਂ ਦੇ ਸਨਮਾਨ ਸਮਾਰੋਹ ਲਈ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਕਰਵਾਏ ਰਾਜ ਪੱਧਰੀ ਸਮਾਗਮ ਦੌਰਾਨ ਸਮਾਰੋਹ ਵਿਚ ਵੱਡੀ ਗਿਣਤੀ ’ਚ ਪਹੁੰਚੀਆਂ ‘ਸਤਿਕਾਰ ਸਖੀਆਂ’ ਦਾ ਧੰਨਵਾਦ ਕਰਦਿਆਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਨੂੰ ਘਰ-ਘਰ ਪਹੁੰਚਾਉਣ ਵਿਚ ‘ਸਤਿਕਾਰ ਸਖੀਆਂ’ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਸ਼ਲਾਘਾਯੋਗ ਹੈ। ਲਾਲਪੁਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰੈਲੀ ਨੂੰ ਵਰਚੁਅਲ ਸੰਬੋਧਨ ਕਰਦਿਆਂ ਰੱਖੜੀ ਦੇ ਤਿਉਹਾਰ ’ਤੇ ਪੰਜਾਬ ਦੀਆਂ ‘ਸਤਿਕਾਰ ਸਖੀਆਂ’ ਨੂੰ ਸਨਮਾਨ ਰਾਸ਼ੀ ਤਬਦੀਲ ਕਰਕੇ ‘ਭਰਾ’ ਦਾ ਫਰਜ਼ ਨਿਭਾਇਆ। ਉਨ੍ਹਾਂ ਕਿਹਾ ਕਿ ਸਤਿਕਾਰ ਸਖੀਆਂ ਦੀ ਮਿਹਨਤ ਸਦਕਾ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਨੂੰ ਪੰਜਾਬ ਦੀਆਂ ਔਰਤਾਂ ਤਕ ਪਹੁੰਚਾਉਣ ਵਿਚ ਵੱਡੀ ਸਫਲਤਾ ਮਿਲੀ ਹੈ। ਉਨ੍ਹਾਂ ਕਿਹਾ ਕਿ ‘ਸਤਿਕਾਰ ਸਖੀਆਂ’ ਦੇ ਅਣਥੱਕ ਯਤਨਾਂ ਕਾਰਨ ਇਸ ਯੋਜਨਾ ਤਹਿਤ ਲੱਖਾਂ ਔਰਤਾਂ ਦੀ ਰਜਿਸਟ੍ਰੇਸ਼ਨ ਸੰਭਵ ਹੋਈ ਅਤੇ ਯੋਗ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿਚ ਸਨਮਾਨ ਰਾਸ਼ੀ ਪਹੁੰਚਾਉਣੀ ਯਕੀਨੀ ਬਣੀ ਹੈ। ਲਾਲਪੁਰਾ ਨੇ ਕਿਹਾ ਕਿ ਮੁੱਖ ਮੰਤਰੀ ਨੇ ‘ਸਤਿਕਾਰ ਸਖੀਆਂ’ ਦੀ ਸੇਵਾ ਅਤੇ ਸਮਰਪਣ ਦੀ ਭਰਵੀਂ ਸ਼ਲਾਘਾ ਕੀਤੀ। ਵਿਧਾਇਕ ਲਾਲਪੁਰਾ ਨੇ ਕਿਹਾ ਕਿ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਨੂੰ ਲੋਕਾਂ ਤਕ ਪਹੁੰਚਾਉਣ ਲਈ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਦਿਨ-ਰਾਤ ਮਿਹਨਤ ਕੀਤੀ ਹੈ। ਉਨ੍ਹਾਂ ਦੀ ਮਿਹਨਤ ਸਦਕਾ ਸਰਕਾਰ ਦੀਆਂ ਭਲਾਈ ਯੋਜਨਾਵਾਂ ਅਤੇ ਪਾਰਟੀ ਦੀਆਂ ਨੀਤੀਆਂ ਦਾ ਘਰ-ਘਰ ਪ੍ਰਚਾਰ ਹੋਇਆ, ਜਿਸ ਦੇ ਨਤੀਜੇ ਵਜੋਂ ਸਮਾਰੋਹ ਵਿਚ ਵੱਡੀ ਗਿਣਤੀ ’ਚ ਸਖੀਆ ਨੇ ਸ਼ਮੂਲੀਅਤ ਕੀਤੀ। ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਸਮਾਰੋਹ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਵਾਲੇ ਸਮੂਹ ਪਾਰਟੀ ਆਗੂਆਂ, ਵਰਕਰਾਂ, ਸਤਿਕਾਰ ਸਖੀਆਂ ਅਤੇ ਇਲਾਕਾ ਵਾਸੀਆਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।