ਸੜਕਾਂ ’ਤੇ ਘੁੰਮਦੇ ਪਾਲਤੂ ਪਸ਼ੂ ਬਣ ਸਕਦੇ ਨੇ ਹਾਦਸਿਆਂ ਦਾ ਕਾਰਨ ਸੜਕਾਂ ’ਤੇ ਘੁੰਮਦੇ ਪਾਲਤੂ ਪਸ਼ੂ ਬਣ ਸਕਦੇ ਹਾਦਸਿਆਂ ਦਾ ਕਾਰਨ
Publish Date: Wed, 26 Aug 2026 07:22 PM (IST)
Updated Date: Thu, 27 Aug 2026 04:04 AM (IST)
ਕੈਪਸ਼ਨ- ਤਰਨਤਾਰਨ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿਚ ਸੜਕਾਂ ’ਤੇ ਲਿਜਾਏ ਜਾ ਰਹੇ ਪਾਲਤੂ ਪਸ਼ੂ। * ਸੈਂਕੜੇ ਪਸ਼ੂਆਂ ਦੇ ਸੜਕਾਂ ’ਤੇ ਆਉਣ ਕਾਰਨ ਲੱਗ ਜਾਂਦੇ ਨੇ ਜਾਮ * ਤਰਨਤਾਰਨ ਜ਼ਿਲ੍ਹੇ ਦੇ ਵਾਸੀਆਂ ਨੇ ਪ੍ਰਸ਼ਾਸਨ ਤੋਂ ਕੀਤੀ ਕਾਰਵਾਈ ਦੀ ਮੰਗ ਕੇਪੀ ਗਿੱਲ/ਲਵਦੀਪ ਦੇਵਗਨ•, ਪੰਜਾਬੀ ਜਾਗਰਣ ਕੈਰੋਂ/ਸਰਹਾਲੀ ਕਲਾਂ : ਤਰਨਤਾਰਨ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿਚ ਸੜਕਾਂ ’ਤੇ ਬੇਰੋਕ-ਟੋਕ ਘੁੰਮਦੇ ਪਾਲਤੂ ਪਸ਼ੂ ਹੁਣ ਆਮ ਲੋਕਾਂ ਲਈ ਵੱਡੀ ਸਮੱਸਿਆ ਬਣਦੇ ਜਾ ਰਹੇ ਹਨ। ਪਾਲਤੂ ਪਸ਼ੂਆਂ ਨੂੰ ਸੜਕਾਂ ’ਤੇ ਚਰਾਉਣ ਜਾਂ ਅਵਾਰਾ ਛੱਡਣ ’ਤੇ ਪਾਬੰਦੀ ਹੋਣ ਦੇ ਬਾਵਜੂਦ ਕਈ ਥਾਵਾਂ ’ਤੇ ਵੱਡੀ ਗਿਣਤੀ ਪਸ਼ੂ ਸੜਕਾਂ ’ਤੇ ਘੁੰਮਦੇ ਦਿਖਾਈ ਦਿੰਦੇ ਹਨ। ਖ਼ਾਸ ਕਰਕੇ ਲਿੰਕ ਸੜਕਾਂ ਤੋਂ ਲੈ ਕੇ ਮੁੱਖ ਸੜਕਾਂ ਅਤੇ ਹਾਈਵੇ ਤਕ ਪਸ਼ੂਆਂ ਦੇ ਝੁੰਡ ਆਮ ਦੇਖਣ ਨੂੰ ਮਿਲ ਰਹੇ ਹਨ, ਜਿਸ ਕਾਰਨ ਵਾਹਨ ਚਾਲਕਾਂ ਨੂੰ ਹਰ ਸਮੇਂ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਥੇ ਹੀ ਸੈਂਕੜੇ ਪਸ਼ੂਆਂ ਦੇ ਸੜਕਾਂ ਉਪਰ ਆਉਣ ਕਾਰਨ ਕਈ ਵਾਰ ਲੰਮੇ ਜਾਮ ਵੀ ਲੱਗ ਜਾਂਦੇ ਹਨ। ਤਰਨਤਾਰਨ ਜ਼ਿਲ੍ਹੇ ਦੇ ਕਈ ਇਲਾਕਿਆਂ ਵਿਚ ਸਵੇਰੇ ਅਤੇ ਸ਼ਾਮ ਦੇ ਸਮੇਂ ਪਸ਼ੂ ਪਾਲਕ ਆਪਣੇ ਪਸ਼ੂਆਂ ਨੂੰ ਸੜਕਾਂ ਦੇ ਆਸ-ਪਾਸ ਚਰਾਉਣ ਲਈ ਲੈ ਆਉਂਦੇ ਹਨ। ਕਈ ਵਾਰ ਦਰਜਨਾਂ ਪਸ਼ੂ ਇਕੱਠੇ ਹੋ ਕੇ ਸੜਕ ਦੇ ਵਿਚਕਾਰ ਜਾਂ ਸੜਕ ਦੇ ਕਿਨਾਰਿਆਂ ’ਤੇ ਖੜ੍ਹੇ ਰਹਿੰਦੇ ਹਨ। ਤੇਜ਼ ਰਫ਼ਤਾਰ ਨਾਲ ਆਉਣ ਵਾਲੇ ਵਾਹਨਾਂ ਲਈ ਅਚਾਨਕ ਸੜਕ ’ਤੇ ਪਸ਼ੂ ਆ ਜਾਣ ਕਾਰਨ ਉਨ੍ਹਾਂ ਨੂੰ ਸੰਭਾਲਣਾ ਮੁਸ਼ਕਿਲ ਹੋ ਜਾਂਦਾ ਹੈ। ਖ਼ਾਸ ਕਰਕੇ ਦੋ ਪਹੀਆ ਵਾਹਨ ਚਾਲਕਾਂ ਲਈ ਇਹ ਸਥਿਤੀ ਹੋਰ ਵੀ ਖ਼ਤਰਨਾਕ ਬਣ ਜਾਂਦੀ ਹੈ। ਕਿਉਂਕਿ ਸੈਂਕੜੇ ਪਸ਼ੂਆਂ ਨੂੰ ਸੰਭਾਲਣ ਲਈ ਇਕ ਜਾਂ ਦੋ ਲੋਕ ਹੀ ਨਾਲ ਹੁੰਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਪਸ਼ੂਆਂ ਦੇ ਝੁੰਡ ਸਿਰਫ਼ ਸ਼ਹਿਰ ਦੀਆਂ ਅੰਦਰੂਨੀ ਸੜਕਾਂ ਤਕ ਹੀ ਸੀਮਤ ਨਹੀਂ ਰਹੇ, ਸਗੋਂ ਕਈ ਵਾਰ ਲਿੰਕ ਸੜਕਾਂ ਰਾਹੀਂ ਉਨ੍ਹਾਂ ਨੂੰ ਹਾਈਵੇ ਤਕ ਲਿਜਾਇਆ ਜਾਂਦਾ ਹੈ। ਪਸ਼ੂ ਸੜਕ ਪਾਰ ਕਰਦੇ ਜਾਂ ਅਚਾਨਕ ਵਾਹਨਾਂ ਦੇ ਸਾਹਮਣੇ ਆ ਜਾਂਦੇ ਹਨ, ਜਿਸ ਕਾਰਨ ਵਾਹਨ ਚਾਲਕ ਨੂੰ ਅਚਾਨਕ ਬਰੇਕ ਲਗਾਉਣੀ ਪੈਂਦੀ ਹੈ। ਇਸ ਤਰ੍ਹਾਂ ਪਿੱਛੋਂ ਆ ਰਹੇ ਵਾਹਨਾਂ ਨਾਲ ਟੱਕਰ ਹੋਣ ਦਾ ਖ਼ਤਰਾ ਵੀ ਵਧ ਜਾਂਦਾ ਹੈ। ਸਥਾਨਕ ਲੋਕਾਂ ਮੁਤਾਬਿਕ ਪਸ਼ੂਆਂ ਨੂੰ ਸੜਕਾਂ ’ਤੇ ਲਿਆਉਣ ਦਾ ਮਾਮਲਾ ਸਿਰਫ਼ ਟਰੈਫਿਕ ਦੀ ਸਮੱਸਿਆ ਨਹੀਂ, ਬਲਕਿ ਸੜਕ ਸੁਰੱਖਿਆ ਨਾਲ ਵੀ ਸਿੱਧਾ ਜੁੜਿਆ ਹੋਇਆ ਹੈ। ਲੋਕਾਂ ਨੇ ਇਹ ਵੀ ਕਿਹਾ ਕਿ ਪਸ਼ੂਆਂ ਕਾਰਨ ਸੜਕਾਂ ’ਤੇ ਗੰਦਗੀ ਫੈਲਦੀ ਹੈ ਅਤੇ ਟਰੈਫਿਕ ਵਿਵਸਥਾ ਪ੍ਰਭਾਵਿਤ ਹੁੰਦੀ ਹੈ। ਦੂਜੇ ਪਾਸੇ ਸੜਕਾਂ ਦੇ ਕਿਨਾਰਿਆਂ ਅਤੇ ਖਾਲੀ ਥਾਵਾਂ ’ਤੇ ਪਸ਼ੂਆਂ ਵੱਲੋਂ ਪੌਦਿਆਂ ਅਤੇ ਹਰੀਆਂ ਪੱਟੀਆਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸ਼ਹਿਰ ਵਿਚ ਲਗਾਏ ਜਾ ਰਹੇ ਪੌਦਿਆਂ ਦੀ ਸੁਰੱਖਿਆ ਨਾ ਕੀਤੀ ਗਈ ਤਾਂ ਹਰਿਆਵਲ ਵਧਾਉਣ ਦੀਆਂ ਕੋਸ਼ਿਸ਼ਾਂ ਨੂੰ ਵੀ ਨੁਕਸਾਨ ਪਹੁੰਚੇਗਾ। ਕਈ ਵਾਰ ਪਸ਼ੂ ਇਕ ਦੂਜੇ ਦੇ ਪਿੱਛੇ ਦੌੜਦੇ ਹੋਏ ਅਚਾਨਕ ਸੜਕ ’ਤੇ ਆ ਜਾਂਦੇ ਹਨ। ਇਸ ਕਾਰਨ ਕਾਰਾਂ, ਮੋਟਰਸਾਈਕਲਾਂ, ਸਕੂਟਰਾਂ ਅਤੇ ਹੋਰ ਵਾਹਨਾਂ ਨੂੰ ਬਚਾਅ ਲਈ ਅਚਾਨਕ ਦਿਸ਼ਾ ਬਦਲਣੀ ਪੈਂਦੀ ਹੈ। ਅਜਿਹੀ ਸਥਿਤੀ ਵਿਚ ਖ਼ਾਸ ਕਰਕੇ ਬਜ਼ੁਰਗਾਂ, ਬੱਚਿਆਂ ਅਤੇ ਮਹਿਲਾਵਾਂ ਵੱਲੋਂ ਦੋ ਪਹੀਆ ਵਾਹਨ ਚਲਾਉਣਾ ਮੁਸ਼ਕਿਲ ਹੋ ਜਾਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪਸ਼ੂ ਪਾਲਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਪਸ਼ੂ ਪਾਲਕਾਂ ਵੱਲੋਂ ਆਪਣੇ ਪਸ਼ੂਆਂ ਨੂੰ ਸੜਕਾਂ ’ਤੇ ਖੁੱਲ੍ਹਾ ਛੱਡਣ ਦੀ ਬਜਾਏ ਉਨ੍ਹਾਂ ਲਈ ਢੁਕਵੀਂ ਥਾਂ ’ਤੇ ਚਾਰੇ ਅਤੇ ਪਾਣੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਜੇਕਰ ਕਿਸੇ ਪਸ਼ੂ ਨੂੰ ਇਕ ਥਾਂ ਤੋਂ ਦੂਜੀ ਥਾਂ ਲਿਜਾਣਾ ਹੋਵੇ, ਤਾਂ ਸੜਕਾਂ ’ਤੇ ਟਰੈਫਿਕ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਲੋੜੀਂਦੀਆਂ ਸਾਵਧਾਨੀਆਂ ਵਰਤੀਆਂ ਜਾਣੀਆਂ ਚਾਹੀਦੀਆਂ ਹਨ। ਪਸ਼ੂ ਪਾਲਕਾਂ ਨੂੰ ਨਿਯਮਾਂ ਬਾਰੇ ਕੀਤਾ ਜਾਵੇ ਜਾਗਰੂਕ- ਅਰੋੜਾ ਤਰਨਤਾਰਨ ਦੇ ਪ੍ਰਸਿੱਧ ਵਕੀਲ ਤੇ ਸਮਾਜ ਚਿੰਤਕ ਰਾਕੇਸ਼ ਰਮਨ ਅਰੋੜਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਨੂੰ ਸਿਰਫ਼ ਸ਼ਿਕਾਇਤਾਂ ਤਕ ਸੀਮਤ ਨਾ ਰੱਖਿਆ ਜਾਵੇ, ਸਗੋਂ ਜ਼ਮੀਨੀ ਪੱਧਰ ’ਤੇ ਕਾਰਵਾਈ ਕੀਤੀ ਜਾਵੇ। ਮੁੱਖ ਸੜਕਾਂ, ਲਿੰਕ ਰੋਡਾਂ ਅਤੇ ਹਾਈਵੇ ਦੇ ਸੰਵੇਦਨਸ਼ੀਲ ਪੁਆਇੰਟਾਂ ’ਤੇ ਨਿਗਰਾਨੀ ਵਧਾਈ ਜਾਵੇ। ਲੋਕਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਪਸ਼ੂ ਪਾਲਕਾਂ ਨੂੰ ਨਿਯਮਾਂ ਬਾਰੇ ਜਾਗਰੂਕ ਕਰਨ ਦੇ ਨਾਲ-ਨਾਲ ਨਿਯਮ ਤੋੜਨ ਵਾਲਿਆਂ ਖ਼ਿਲਾਫ਼ ਸਖ਼ਤੀ ਕਰੇ, ਤਾਂ ਜੋ ਸੜਕਾਂ ਨੂੰ ਸੁਰੱਖਿਅਤ ਬਣਾਇਆ ਜਾ ਸਕੇ ਅਤੇ ਕਿਸੇ ਬੇਕਸੂਰ ਵਿਅਕਤੀ ਨੂੰ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਾਇਆ ਜਾ ਸਕੇ।