ਸੁਖਬੀਰ ਸੰਧੂ ਦੇ ਜੱਦੀ ਪਿੰਡ ਕਲਸੀਆਂ ਖੁਰਦ ’ਚ ਪੁਸਤਕ ‘ਪਾਇਲ’ ਰਿਲੀਜ਼ ਸੁਖਬੀਰ ਸੰਧੂ ਦੇ ਜੱਦੀ ਪਿੰਡ ਕਲਸੀਆਂ ਖੁਰਦ ’ਚ ‘ਪਾਇਲ’ ਦਾ 53 ਸਾਲਾਂ ਬਾਅਦ ਪੁਨਰ ਜਨਮ ਰਲੀਜ਼
Publish Date: Wed, 26 Aug 2026 06:57 PM (IST)
Updated Date: Thu, 27 Aug 2026 04:01 AM (IST)
ਕੈਪਸ਼ਨ- ਪਿੰਡ ਕਲਸੀਆਂ ਕਲਾਂ ਵਿਖੇ ਸਵ. ਸੁਖਬੀਰ ਸਿੰਘ ਸੰਧੂ ਦੀ ਕਿਤਾਬ ‘ਪਾਇਲ’ ਦਾ ਲੋਕ ਅਰਪਣ ਕਰਦੇ ਹੋਏ ਸੁਰਜੀਤ ਸਿੰਘ ਸੰਧੂ ਨਾਲ ਹਨ ਪਿੰਡ ਦੀਆਂ ਹੋਰ ਸ਼ਖ਼ਸੀਅਤਾਂ। * ਪਿੰਡ ਵਾਸੀਆਂ ਸੁਰਜੀਤ ਸਿੰਘ ਸੰਧੂ ਦੀ ਪਹਿਲਕਦਮੀ ’ਤੇ ਘਰ-ਘਰ ‘ਪਾਇਲ’ ਵੰਡ ਕੇ ਮਨਾਇਆ ਜਸ਼ਨ ਸਰਬਜੀਤ ਸਿੰਘ ਛੀਨਾ, •ਪੰਜਾਬੀ ਜਾਗਰਣ ਖਾਲੜਾ : ਪਾਕਿਸਤਾਨ ਦੇ ਪੰਜ ਸਿਰਕੱਢ ਗਾਇਕਾਂ ਨੁਸਰਤ ਫ਼ਤਹਿ ਅਲੀ ਖਾਂ, ਨਜ਼ਾਕਤ ਅਲੀ, ਮਰਾਤਬ ਅਲੀ, ਨਸੀਬੋ ਲਾਲ ਤੇ ਅਕਰਮ ਰਾਹੀ ਨੇ ਜਿਸ ਲੇਖਕ ਦੀ ਜਗਤ ਪ੍ਰਸਿੱਧ ਗ਼ਜ਼ਲ ‘ਉਸ ਬੇਵਫ਼ਾ ਦੀ ਯਾਦ ਵਿਚ ਰੋਇਆ ਕਰਾਂ ਕਿ ਨਾ’ ਲਿਖਣ ਵਾਲੇ ਲੇਖਕ ਸੁਖਬੀਰ ਸਿੰਘ ਸੰਧੂ ਦੀ ਪੁਸਤਕ ‘ਪਾਇਲ’ ਨੂੰ ਉਨ੍ਹਾਂ ਦੇ ਜੱਦੀ ਪਿੰਡ ਕਲਸੀਆਂ ਨੇੜੇ ਖਾਲੜਾ ਵਿਖੇ ਇਕ ਬੇਹੱਦ ਭਾਵਪੂਰਤ ਤੇ ਵਿਲੱਖਣ ਅੰਦਾਜ਼ ਵਿਚ ਲੋਕ-ਅਰਪਣ ਕੀਤਾ ਗਿਆ। ਇਹ ਸਮਾਗਮ ਕੇਵਲ ਕਿਸੇ ਪੁਸਤਕ ਦੀ ਰਿਲੀਜ਼ ਤੱਕ ਸੀਮਤ ਨਹੀਂ ਰਿਹਾ, ਸਗੋਂ ਆਪਣੇ ਪਿੰਡ ਦੇ ਲੇਖਕ ਦੀ ਸਾਹਿਤਕ ਪ੍ਰਾਪਤੀ ਨੂੰ ਸਾਂਝੇ ਮਾਣ ਅਤੇ ਖੁਸ਼ੀ ਦੇ ਤਿਉਹਾਰ ਵਜੋਂ ਮਨਾਉਣ ਦਾ ਮੌਕਾ ਸੁਰਜੀਤ ਸਿੰਘ ਸੰਧੂ ਸੇਵਾ ਮੁਕਤ ਈਟੀਓ ਦੇ ਯਤਨਾਂ ਸਦਕਾ ਯਾਦਗਾਰੀ ਬਣ ਗਿਆ। ਸੁਰਜੀਤ ਸਿੰਘ ਸੰਧੂ ਦੀ ਅਗਵਾਈ ’ਚ ਪਿੰਡ ਵਾਸੀਆਂ ਨੇ ‘ਪਾਇਲ’ ਗ਼ਜ਼ਲ ਸੰਗ੍ਰਹਿ ਨੂੰ ਸਭ ਤੋਂ ਪਹਿਲਾਂ ਆਪਣੇ ਹੀ ਪਿੰਡ ਵਿਚ ਲੋਕ ਅਰਪਣ ਕਰਕੇ ਪੂਰੀ ਦੁਨੀਆਂ ਵਿਚ ਵੱਸਦੇ ਪੰਜਾਬੀਆਂ ਨੂੰ ਇਹ ਵਿਲੱਖਣ ਸੰਦੇਸ਼ ਦਿੱਤਾ ਕਿ ਕਿਸੇ ਵੀ ਪਿੰਡ ਦੇ ਲੇਖਕ ਦੀ ਸਭ ਤੋਂ ਪਹਿਲੀ ਪਛਾਣ ਅਤੇ ਸਭ ਤੋਂ ਵੱਡਾ ਸਨਮਾਨ ਉਸ ਨੂੰ ਆਪਣੀ ਮਿੱਟੀ ਅਤੇ ਆਪਣੇ ਲੋਕਾਂ ਕੋਲੋਂ ਮਿਲਦਾ ਹੈ। ਪੁਸਤਕ ਰਿਲੀਜ਼ ਹੋਣ ਉਪਰੰਤ ਇਸ ਨੂੰ ਭਾਜੀ ਵਾਂਗ ਪਿੰਡ ਦੇ ਘਰ-ਘਰ ਪਹੁੰਚਾਇਆ ਗਿਆ। ਪੁਸਤਕ ਨੂੰ ਘਰ-ਘਰ ਵੰਡਣ ਦੀ ਇਸ ਪਰੰਪਰਾ ਨੇ ਸਮਾਗਮ ਨੂੰ ਰਸਮੀ ਸਾਹਿਤਕ ਪ੍ਰੋਗਰਾਮ ਦੀ ਥਾਂ ਇਕ ਸਾਂਝੇ ਪਰਿਵਾਰਕ ਜਸ਼ਨ ਦਾ ਰੂਪ ਦੇ ਦਿੱਤਾ। ਇਸ ਮੌਕੇ ਤੰਬੂ ਕਨਾਤ ਲਾ ਕੇ ਪੂਰੇ ਪਿੰਡ ਵਿਚ ਵਿਆਹ ਵਰਗਾ ਖੁਸ਼ੀ ਭਰਿਆ ਮਾਹੌਲ ਦੇਖਣ ਨੂੰ ਮਿਲਿਆ। ਸਵ. ਸੰਧੂ ਦੀ ਮਾਣਮੱਤੀ ਸਿਰਜਨਾ ’ਤੇ ਪਿੰਡ ਵਾਸੀਆਂ ਕੀਤਾ ਮਾਣ ਪਿੰਡ ਦੇ ਲੋਕ ਆਪਣੇ ਹੀ ਪਿੰਡ ਦੇ ਸਰਦਾਰਾ ਸਿੰਘ ਸੰਧੂ ਦੇ ਨਿੱਕੇ ਪੁੱਤਰ ਸਵ. ਸੁਖਬੀਰ ਸਿੰਘ ਸੰਧੂ ਪਹਿਲੀ ਵਾਰ 1973 ’ਚ ਛਪੀ ’ਤੇ ਹੁਣ 53 ਸਾਲ ਬਾਅਦ ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਵੱਲੋਂ ਦੁਬਾਰਾ ਛਾਪੀ ਗਈ ਹੈ, ਸਾਹਿਤ ਦੇ ਖੇਤਰ ’ਚ ਕੀਤੀ ਮਾਣਮੱਤੀ ਸਿਰਜਣਾ ’ਤੇ ਖੁਸ਼ੀ ਅਤੇ ਮਾਣ ਨਾਲ ਖੀਵੇ ਹੋ ਰਹੇ ਸਨ। ਪੁਸਤਕ ਸਿਰਫ਼ ਲੋਕ ਅਰਪਣ ਹੀ ਨਹੀਂ ਹੋਈ, ਸਗੋਂ ਲੋਕਾਂ ਤਕ ਤੁਰ ਕੇ ਪਹੁੰਚੀ। ਆਮ ਤੌਰ ’ਤੇ ਪੁਸਤਕ ਰਲੀਜ਼ ਸਮਾਗਮ ਕਿਸੇ ਹਾਲ ਜਾਂ ਸੰਸਥਾ ਤਕ ਸੀਮਤ ਰਹਿੰਦੇ ਹਨ, ਪਰ ਕਲਸੀਆਂ ਦੀ ਇਸ ਸਾਹਿਤਕ ਪਹਿਲ ਨੇ ਪੁਸਤਕ ਨੂੰ ਪਿੰਡ ਦੇ ਹਰ ਘਰ ਨਾਲ ਜੋੜਨ ਦੀ ਇਕ ਨਵੀਂ ਰੀਤ ਪੈਦਾ ਕੀਤੀ। ਇਸ ਮੌਕੇ ਬੋਲਦਿਆਂ ਸੁਰਜੀਤ ਸਿੰਘ ਸੰਧੂ ਨੇ ਕਿਹਾ ਕਿ ਆਪਣੇ ਪਿੰਡ ਦੇ ਲੇਖਕ ਦੀ ਪੁਸਤਕ ਨੂੰ ਆਪਣੇ ਲੋਕਾਂ ਵਿਚਕਾਰ ਹੀ ਲੋਕ ਅਰਪਣ ਕਰਨਾ ਉਨ੍ਹਾਂ ਲਈ ਮਾਣ ਅਤੇ ਖੁਸ਼ੀ ਦਾ ਵਿਸ਼ੇਸ਼ ਪਲ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਪਿੰਡ ਦੀ ਮਿੱਟੀ ਵਿੱਚੋਂ ਨਿਕਲਿਆ ਵਿਅਕਤੀ ਆਪਣੀ ਕਲਮ ਰਾਹੀਂ ਵੱਡੀ ਸਾਹਿਤਕ ਪਛਾਣ ਬਣਾਉਂਦਾ ਹੈ ਤਾਂ ਉਸ ਦੀ ਸਫ਼ਲਤਾ ਸਿਰਫ਼ ਉਸ ਦੀ ਨਿੱਜੀ ਪ੍ਰਾਪਤੀ ਨਹੀਂ ਰਹਿੰਦੀ, ਸਗੋਂ ਪੂਰੇ ਪਿੰਡ ਦੀ ਸਾਂਝੀ ਪੂੰਜੀ ਬਣ ਜਾਂਦੀ ਹੈ। ਸਮਾਗਮ ਦੌਰਾਨ ਪਿੰਡ ਵਾਸੀਆਂ ਨੇ ਸੁਖਬੀਰ ਸਿੰਘ ਸੰਧੂ ਦੀ ਸਾਹਿਤਕ ਯਾਤਰਾ ਦੀ ਸ਼ਲਾਘਾ ਕੀਤੀ ਅਤੇ ਆਪਣੇ ਮਰਹੂਮ ਪਿੰਡ ਵਾਸੀ ਨੂੰ ਯਾਦ ਕੀਤਾ। ਸੁਰਜੀਤ ਸਿੰਘ ਸੰਧੂ ਨੇ ਇਸ ਕਿਤਾਬ ਨੂੰ ਲੱਭ ਕੇ ਪੂਰੇ 53 ਸਾਲ ਬਾਅਦ ਪ੍ਰਕਾਸ਼ਿਤ ਕਰਨ ਲਈ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਦਾ ਧੰਨਵਾਦ ਕੀਤਾ। ‘ਪਾਇਲ’ ਦਾ ਖਾਲੜਾ ਨੇੜੇ ਪਿੰਡ ਕਲਸੀਆਂ ਵਿਖੇ ਹੋਇਆ ਇਹ ਪਹਿਲਾ ਲੋਕ-ਅਰਪਣ ਸਮਾਗਮ ਇਕ ਪੁਸਤਕ ਦੇ ਸੰਗਤ ਅਰਪਣ ਤੋਂ ਅੱਗੇ ਵਧ ਕੇ ਮਿੱਟੀ, ਮਨੁੱਖ ਅਤੇ ਸਾਹਿਤ ਦੇ ਰਿਸ਼ਤੇ ਦਾ ਜਸ਼ਨ ਬਣ ਗਿਆ। ਜਿਥੇ 1932 ਵਿਚ ਜਨਮੇ ਇਸ ਲੇਖਕ ਦੀ ਕਿਤਾਬ ਪਿੰਡ ਦੇ ਘਰ-ਘਰ ਪਹੁੰਚੀ ਅਤੇ ਪੂਰਾ ਪਿੰਡ ਆਪਣੇ ਮਰਹੂਮ ਲੇਖਕ ਸੁਖਬੀਰ ਸਿੰਘ ਸੰਧੂ ਦੀ ਪ੍ਰਾਪਤੀ ਦਾ ਜਸ਼ਨ ਮਨਾਉਂਦਾ ਨਜ਼ਰ ਆਇਆ। ਸੁਰਜੀਤ ਸਿੰਘ ਸੰਧੂ ਨੇ ਇਸ ਕਿਤਾਬ ਬਾਰੇ ਲੇਖ ਲਿਖਣ ਲਈ ਡਾ. ਆਤਮਜੀਤ, ਜਸਬੀਰ ਭੁੱਲਰ, ਗੁਰਬੀਰ ਸਿੰਘ ਬਰਾੜ , ਡਾ. ਨਰੇਸ਼ ਤੇ ਹੋਰ ਲੇਖਕਾਂ ਦਾ ਧੰਨਵਾਦ ਕੀਤਾ।