‘ਆਪ’ ਦੀ ਸੀਨੀਅਰ ਲੀਡਰਸ਼ਿਪ ਤੇ ਬਲਾਕ ਨੋਡਲ ਅਫ਼ਸਰ ਨੇ ਸਰਕਾਰੀ ਸਕੂਲ ਪੰਡੋਰੀ ਤਖ਼ਤ ਮੱਲ ਦਾ ਦੌਰਾ ਕੀਤਾ ਆਪ’ ਦੀ ਸੀਨੀਅਰ ਲੀਡਰਸ਼ਿਪ ਤੇ ਬਲਾਕ ਨੋਡਲ ਅਫ਼ਸਰ ਨੇ ਸਰਕਾਰੀ ਸਕੂਲ ਪੰਡੋਰੀ ਤਖ਼ਤ ਮੱਲ ਦਾ ਦੌਰਾ ਕੀਤਾ
Publish Date: Wed, 26 Aug 2026 06:51 PM (IST)
Updated Date: Thu, 27 Aug 2026 04:01 AM (IST)
ਕੈਪਸ਼ਨ- ਅੰਜੂ ਵਰਮਾ, ਪ੍ਰਭਜੋਤ ਸਿੰਘ ਗੋਹਲਵੜ ਤੇ ਹੋਰ ਸ਼ਖਸੀਅਤਾਂ ਦਾ ਸਨਮਾਨ ਕਰਦੇ ਹੋਏ ਸਰਕਾਰੀ ਸਕੂਲ ਪੰਡੋਰੀ ਤਖ਼ਤ ਮੱਲ ਦੇ ਮੁੱਖ ਅਧਿਆਪਕ ਜਗਜੀਤ ਸਿੰਘ ਖਹਿਰਾ। * ਸਕੂਲ ਦੀ ਸੁੰਦਰ ਇਮਾਰਤ, ਸਫ਼ਾਈ ਅਤੇ ਅਨੁਸ਼ਾਸਨ ਦੇਖ ਕੇ ਟੀਮ ਨੇ ਸੰਤੁਸ਼ਟੀ ਪ੍ਰਗਟਾਈ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਅੰਜੂ ਵਰਮਾ ਤੇ ਬਲਾਕ ਨੋਡਲ ਅਫ਼ਸਰ ਪ੍ਰਭਜੋਤ ਸਿੰਘ ਗੋਹਲਵੜ ਦੀ ਅਗਵਾਈ ਹੇਠਲੀ ਟੀਮ ਨੇ ਸਰਕਾਰੀ ਐਲੀਮੈਂਟਰੀ ਸਕੂਲ ਪੰਡੋਰੀ ਤਖ਼ਤ ਮੱਲ ਦਾ ਅਚਨਚੇਤ ਦੌਰਾ ਕੀਤਾ। ਇਸ ਮੌਕੇ ਸਕੂਲ ਦੀ ਸੁੰਦਰ ਇਮਾਰਤ, ਸਫ਼ਾਈ ਅਤੇ ਅਨੁਸ਼ਾਸਨ ਦੇਖ ਕੇ ਟੀਮ ਨੇ ਸੰਤੁਸ਼ਟੀ ਪ੍ਰਗਟ ਕੀਤੀ। ਟੀਮ ਵੱਲੋਂ ਸਕੂਲ ਦੇ ਵਿਕਾਸ ਕਾਰਜਾਂ, ਸਿੱਖਿਆ ਦੇ ਮਿਆਰ, ਮਿਡ-ਡੇ ਮੀਲ ਤੇ ਹੋਰ ਪ੍ਰਬੰਧਾਂ ਦਾ ਨਿਰੀਖਣ ਵੀ ਕੀਤਾ ਗਿਆ। ਇਸ ਮੌਕੇ ਅੰਜੂ ਵਰਮਾ ਨੇ ਕਿਹਾ ਕਿ ਸਰਕਾਰੀ ਐਲੀਮੈਂਟਰੀ ਸਕੂਲ ਪੰਡੋਰੀ ਤਖ਼ਤ ਮੱਲ ਸੂਬੇ ਵਿਚ ਹੋ ਰਹੀ ਸਿੱਖਿਆ ਖੇਤਰ ਦੀ ਤਰੱਕੀ ਦੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਪੜ੍ਹਾਈ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਕੂਲ ਦਾ ਸਮੁੱਚਾ ਸਟਾਫ਼ ਮੁੱਖ ਅਧਿਆਪਕ ਜਗਜੀਤ ਸਿੰਘ ਖਹਿਰਾ ਦੀ ਅਗਵਾਈ ਹੇਠ ਮਿਹਨਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਕੂਲ ਦੀ ਸੁੰਦਰ ਇਮਾਰਤ, ਜਮਾਤਾਂ ਵਿਚ ਲੱਗੇ ਪ੍ਰੋਜੈਕਟਰ, ਐੱਲਈਡੀ ਪੈਨਲ, ਫਰਨੀਚਰ, ਮਿਡ-ਡੇ ਮੀਲ ਅਤੇ ਵਿਦਿਆਰਥੀਆਂ ਦੀਆਂ ਵਰਦੀਆਂ ਸਮੇਤ ਮਿਲ ਰਹੀਆਂ ਸਹੂਲਤਾਂ ਕਿਸੇ ਵੀ ਪੱਖੋਂ ਪ੍ਰਾਈਵੇਟ ਸਕੂਲਾਂ ਤੋਂ ਘੱਟ ਨਹੀਂ ਹਨ। ਸਕੂਲ ਦੇ ਵਿਦਿਆਰਥੀ ਹਰ ਸਾਲ ਨਵੋਦਿਆ ਵਿਦਿਆਲਿਆ ਵਿਚ ਦਾਖ਼ਲਾ ਹਾਸਲ ਕਰ ਰਹੇ ਹਨ ਅਤੇ ਖੇਡਾਂ ਵਿਚ ਵੀ ਰਾਜ ਪੱਧਰ ਤਕ ਭਾਗ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਨੂੰ ਲਗਾਤਾਰ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਅਤੇ ਸਹੂਲਤਾਂ ਦੇ ਪੱਖੋਂ ਕਿਸੇ ਵੀ ਸਕੂਲ ਨੂੰ ਵਾਂਝਾ ਨਹੀਂ ਰਹਿਣ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਅਜਿਹੇ ਸਕੂਲਾਂ ਦਾ ਵਧੀਆ ਕਾਰਗੁਜ਼ਾਰੀ ਨਾਲ ਇਲਾਕੇ ’ਚ ਮਿਸਾਲ ਬਣਨਾ ਖੁਸ਼ੀ ਦੀ ਗੱਲ ਹੈ। ਇਸ ਮੌਕੇ ਬਲਾਕ ਨੋਡਲ ਅਫ਼ਸਰ ਪ੍ਰਭਜੋਤ ਸਿੰਘ ਨੇ ਕਿਹਾ ਕਿ ਸਕੂਲ ਦੇ ਵਿਦਿਆਰਥੀ ਸਿੱਖਿਆ ਵਿਭਾਗ ਅਤੇ ਅਧਿਆਪਕਾਂ ਦੀ ਅਗਵਾਈ ਹੇਠ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸਕੂਲ ਦੇ ਦੋ ਮੁੱਖ ਅਧਿਆਪਕਾਂ ਨੂੰ ਵੱਖ-ਵੱਖ ਸਮੇਂ ਦੌਰਾਨ ਰਾਜ ਪੱਧਰੀ ਪੁਰਸਕਾਰ ਵੀ ਮਿਲ ਚੁੱਕੇ ਹਨ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਵਿਚ ਦਾਖ਼ਲ ਕਰਵਾਉਣ ਤੋਂ ਪਹਿਲਾਂ ਸਰਕਾਰੀ ਸਕੂਲਾਂ ਵਿਚ ਮਿਲ ਰਹੀਆਂ ਸਹੂਲਤਾਂ ਦਾ ਜ਼ਰੂਰ ਜਾਇਜ਼ਾ ਲੈਣ। ਮੁੱਖ ਅਧਿਆਪਕ ਜਗਜੀਤ ਸਿੰਘ ਖਹਿਰਾ ਨੇ ਸਰਕਾਰ ਅਤੇ ਸਿੱਖਿਆ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਕੂਲਾਂ ਦੀ ਕਾਇਆ-ਕਲਪ ਲਈ ਲਗਾਤਾਰ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਆਏ ਨੁਮਾਇੰਦਿਆਂ ਨੇ ਸਕੂਲ ਦੇ ਕਾਰਜਾਂ, ਪੜ੍ਹਾਈ ਅਤੇ ਅਨੁਸ਼ਾਸਨ ’ਤੇ ਤਸੱਲੀ ਪ੍ਰਗਟ ਕੀਤੀ ਅਤੇ ਸਕੂਲ ਨੂੰ ਹੋਰ ਸਹੂਲਤਾਂ ਦੇਣ ਦੀ ਸਿਫ਼ਾਰਸ਼ ਕੀਤੀ। ਅੰਤ ’ਚ ਸਕੂਲ ਸਟਾਫ਼, ਪੰਚਾਇਤ ਤੇ ਪਤਵੰਤਿਆਂ ਵੱਲੋਂ ਆਏ ਨੁਮਾਇੰਦਿਆਂ ਨੂੰ ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਗੁਰਜਿੰਦਰ ਸਿੰਘ, ਡਾਕਟਰ ਹਰਜੀਤ ਸਿੰਘ, ਅਧਿਆਪਕ ਗੁਰਿੰਦਰਪਾਲ ਸਿੰਘ, ਕਿਰਨਦੀਪ ਕੌਰ, ਰਵਿੰਦਰ ਕੌਰ, ਕੁਲਵਿੰਦਰ ਕੌਰ, ਮਨਜੀਤ ਕੌਰ, ਰਾਜਬੀਰ ਕੌਰ, ਸਿਮਰ ਕੌਰ ਤੋਂ ਇਲਾਵਾ ਸਕੂਲ ਪ੍ਰਬੰਧਕ ਕਮੇਟੀ ਤੇ ਪੰਚਾਇਤ ਮੈਂਬਰ ਹਾਜ਼ਰ ਸਨ।