ਸੀਐੱਮ ਦੀ ਗ਼ੈਰ-ਹਾਜ਼ਰੀ ਨੇ ‘ਆਪ’ ਦੀ ਰੈਲੀ ’ਤੇ ਖੜ੍ਹੇ ਕੀਤੇ ਸਵਾਲ : ਰਮਨਦੀਪ ਕੌਰ, ਬਿੱਲਾ ਸ਼ੇਰੋਂ ਮੁੱਖ ਮੰਤਰੀ ਦੀ ਗੈਰਹਾਜ਼ਰੀ ਨੇ ‘ਆਪ’ ਦੀ ਰੈਲੀ ’ਤੇ ਖੜ੍ਹੇ ਕੀਤੇ ਸਵਾਲ- ਰਮਨਦੀਪ ਕੌਰ, ਬਿੱਲਾ ਸ਼ੇਰੋਂ
Publish Date: Wed, 26 Aug 2026 06:14 PM (IST)
Updated Date: Thu, 27 Aug 2026 04:01 AM (IST)
ਕੈਪਸ਼ਨ : ਬੀਬਾ ਰਮਨਦੀਪ ਕੌਰ ਹਲਕਾ ਇੰਚਾਰਜ। ਕੈਪਸ਼ਨ : ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋਂ। * ਕਿਹਾ, ਜੇਕਰ ਸੀਐੱਮ ਨੇ ਰੈਲੀ ’ਚ ਪੁੱਜਣਾ ਹੀ ਨਹੀਂ ਸੀ ਤਾਂ ਲੋਕਾਂ ਨੂੰ ਮੁਸ਼ਕਲਾਂ ’ਚ ਪਾਉਣ ਦੀ ਕੀ ਲੋੜ ਸੀ * ਮੁੱਖ ਮੰਤਰੀ ਦੀ ਗ਼ੈਰ-ਹਾਜ਼ਰੀ ਨੇ ਲੋਕਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਰਾਕੇਸ਼ ਨਈਅਰ•, ਪੰਜਾਬੀ ਜਾਗਰਣ ਚੋਹਲਾ ਸਾਹਿਬ : ਹਲਕਾ ਖਡੂਰ ਸਾਹਿਬ ਦੇ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਆਮ ਆਦਮੀ ਪਾਰਟੀ ਵੱਲੋਂ ਕਰਵਾਈ ਗਈ ਰੈਲੀ ਮੁੱਖ ਮੰਤਰੀ ਭਗਵੰਤ ਮਾਨ ਦੀ ਗ਼ੈਰ-ਹਾਜ਼ਰੀ ਕਾਰਨ ਸਵਾਲਾਂ ਦੇ ਘੇਰੇ ’ਚ ਆ ਗਈ। ਰੈਲੀ ਸਮਾਪਤ ਹੁੰਦਿਆਂ ਹੀ ਕਈ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤੇ ਜਾਣ ਦੀ ਗੱਲ ਵੀ ਸਾਹਮਣੇ ਆਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬੀਬੀ ਰਮਨਦੀਪ ਕੌਰ ਸ਼ੇਰੋਂ ਤੇ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋਂ ਨੇ ਆਮ ਆਦਮੀ ਪਾਰਟੀ ਨੂੰ ਸਵਾਲਾਂ ਦੇ ਘੇਰੇ ਵਿਚ ਲੈਂਦਿਆਂ ਕਿਹਾ ਕਿ ਜੇਕਰ ਮੁੱਖ ਮੰਤਰੀ ਨੇ ਰੈਲੀ ’ਚ ਪਹੁੰਚਣਾ ਹੀ ਨਹੀਂ ਸੀ ਤਾਂ ਲੋਕਾਂ ਨੂੰ ਇਨ੍ਹੀਆਂ ਮੁਸ਼ਕਲਾਂ ’ਚ ਪਾਉਣ ਅਤੇ ਸਰਕਾਰੀ ਖ਼ਜ਼ਾਨੇ ਵਿੱਚੋਂ ਕਰੋੜਾਂ ਰੁਪਏ ਖਰਚਣ ਦੀ ਕੀ ਲੋੜ ਸੀ। ਅਕਾਲੀ ਆਗੂਆਂ ਨੇ ਕਿਹਾ ਕਿ ਹਲਕਾ ਖਡੂਰ ਸਾਹਿਬ ਦੇ ਲੋਕ ਆਪਣੇ ਮੁੱਖ ਮੰਤਰੀ ਕੋਲ ਇਲਾਕੇ ਦੀਆਂ ਮੁੱਖ ਸਮੱਸਿਆਵਾਂ ਅਤੇ ਮੰਗਾਂ ਰੱਖਣ ਦੀਆਂ ਉਮੀਦਾਂ ਲੈ ਕੇ ਬੈਠੇ ਸਨ। ਲੋਕਾਂ ਨੂੰ ਆਸ ਸੀ ਕਿ ਮੁੱਖ ਮੰਤਰੀ ਖੁਦ ਮੌਕੇ ’ਤੇ ਪਹੁੰਚ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨਗੇ ਤੇ ਕੋਈ ਠੋਸ ਐਲਾਨ ਕਰਨਗੇ, ਪਰ ਮੁੱਖ ਮੰਤਰੀ ਦੀ ਗ਼ੈਰ-ਹਾਜ਼ਰੀ ਨੇ ਲੋਕਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਭਗਵੰਤ ਮਾਨ ਨੂੰ ਰੈਲੀ ’ਚ ਨਾ ਪਹੁੰਚ ਸਕਣ ਬਾਰੇ ਪਤਾ ਸੀ ਤਾਂ ਕੀ ਉਹ ਵੀਡੀਓ ਕਾਨਫਰੰਸ ਜਾਂ ਵੀਡੀਓ ਸੰਦੇਸ਼ ਰਾਹੀਂ ਹੀ ਇਲਾਕੇ ਦੇ ਲੋਕਾਂ ਨੂੰ ਸੰਬੋਧਨ ਨਹੀਂ ਕਰ ਸਕਦੇ ਸਨ? ਕੀ ਮੁੱਖ ਮੰਤਰੀ ਨੂੰ ਇਹ ਨਹੀਂ ਪਤਾ ਕਿ ਖਡੂਰ ਸਾਹਿਬ ਹਲਕੇ ਦੇ ਲੋਕ ਆਪਣੇ ਇਲਾਕੇ ਦੀਆਂ ਸਮੱਸਿਆਵਾਂ ਲੈ ਕੇ ਉਨ੍ਹਾਂ ਦੀ ਉਡੀਕ ਕਰ ਰਹੇ ਸਨ? ਬੀਬੀ ਰਮਨਦੀਪ ਕੌਰ ਸ਼ੇਰੋਂ ਤੇ ਅਵਤਾਰ ਸਿੰਘ ਬਿੱਲਾ ਸ਼ੇਰੋਂ ਨੇ ਕਿਹਾ ਕਿ ਰੈਲੀ ਤੋਂ ਪਹਿਲਾਂ ਲੋਕਾਂ ਨੂੰ ਟ੍ਰੈਫਿਕ ਪ੍ਰਬੰਧਾਂ ਅਤੇ ਹੋਰ ਪਾਬੰਦੀਆਂ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਪਰ ਜਿਨ੍ਹਾਂ ਲਈ ਇਹ ਸਾਰਾ ਪ੍ਰਬੰਧ ਕੀਤਾ ਗਿਆ ਸੀ, ਉਹੀ ਮੁੱਖ ਮੰਤਰੀ ਮੌਕੇ ’ਤੇ ਨਹੀਂ ਪਹੁੰਚੇ। ਉਨ੍ਹਾਂ ਦੋਸ਼ ਲਾਇਆ ਕਿ ਇਸ ਨਾਲ ਸਰਕਾਰੀ ਖ਼ਜ਼ਾਨੇ ਦੀ ਵੀ ਭਾਰੀ ਬਰਬਾਦੀ ਹੋਈ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਹੈਲੀਕਾਪਟਰ ਖ਼ਰਾਬ ਹੋਣ ਦਾ ਕਾਰਨ ਦੱਸ ਕੇ ਮੁੱਖ ਮੰਤਰੀ ਦਾ ਰੈਲੀ ਤੋਂ ਗੈਰ ਹਾਜ਼ਰ ਰਹਿਣਾ ਲੋਕਾਂ ਨੂੰ ਹਜ਼ਮ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਲੋਕਾਂ ਦੀਆਂ ਭਾਵਨਾਵਾਂ ਅਤੇ ਉਨ੍ਹਾਂ ਵੱਲੋਂ ਰੈਲੀ ਵਿਚ ਮੁੱਖ ਮੰਤਰੀ ਦੀ ਉਡੀਕ ਕੀਤੇ ਜਾਣ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਸੀ।