
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅੱਠ ਦਿਨ ਪਹਿਲਾਂ ਕਤਲ ਹੋਏ ਪਾਲਾ ਦੇ ਕਾਤਲ ਲਵ ਦੀ ਪਾਲਾ ਦੇ ਹੀ ਘਰ ’ਚੋਂ ਮਿਲੀ ਲਾਸ਼

ਅੱਠ ਦਿਨ ਪਹਿਲਾਂ ਕਤਲ ਹੋਏ ਪਾਲੇ ਦੇ ਘਰੋਂ ਮਿਲੀ ਲਵ ਦੀ ਲਾਸ਼
12 ਅਗਸਤ ਨੂੰ ਇਸੇ ਘਰ ’ਚ ਗੋਲੀਆਂ ਮਾਰ ਕੇ ਕੀਤਾ ਸੀ ਪਾਲੇ ਦਾ ਕਤਲ
ਕਿਰਪਾਲ ਸਿੰਘ ਰੰਧਾਵਾ •ਪੰਜਾਬੀ ਜਾਗਰਣ
ਹਰੀਕੇ ਪੱਤਣ : ਪਿੰਡ ਬੂਹ ਹਥਾੜ ਵਿਖੇ ਆਪਣੇ ਦੋਸਤ ਦਾ ਕਤਲ ਕਰਨ ਵਾਲੇ ਲਵਜੀਤ ਸਿੰਘ ਉਰਫ਼ ਲਵ ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਧਰਮਕੋਟ ਤੋਂ ਅਗਵਾ ਕਰਕੇ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਘਟਨਾ ਨੂੰ ਸਤਪਾਲ ਸਿੰਘ ਪਾਲਾ ਦੇ ਭਰਾ ਨੇ ਆਪਣੇ ਸਾਥੀਆਂ ਸਮੇਤ ਅੰਜਾਮ ਦਿੱਤਾ। ਦੂਜੇ ਪਾਸੇ ਅੱਠ ਦਿਨ ਪਹਿਲਾਂ ਹੋਏ ਪਾਲਾ ਦੇ ਕਤਲ ਤੇ ਹੁਣ ਪਾਲਾ ਦੇ ਕਾਤਲ ਦੀ ਹੱਤਿਆ ਦੀ ਘਟਨਾ ਨੇ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਦੂਜੇ ਪਾਸੇ ਹਰੀਕੇ ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਲਾਸ਼ ਦਾ ਪੱਟੀ ਦੇ ਸਰਕਾਰੀ ਹਸਪਤਾਲ ਤੋਂ ਸ਼ੁੱਕਰਵਾਰ ਨੂੰ ਪੋਸਟਮਾਰਟਮ ਕਰਵਾਇਆ ਜਾਵੇਗਾ।
ਹਰੀਕੇ ਪੱਤਣ ਥਾਣੇ ਅਧੀਨ ਪੈਂਦੇ ਪਿੰਡ ਬੂਹ ਹਵੇਲੀਆਂ ਵਾਸੀ ਡਾ. ਸਤਨਾਮ ਸਿੰਘ ਸੱਤਾ ਜੋ ਭਾਰਤੀ ਕਿਸਾਨ ਯੂਨੀਅਨ ਮਝੈਲ ਦੇ ਸੂਬਾ ਪ੍ਰਧਾਨ ਹਨ, ਦੇ ਭਰਾ ਸਤਪਾਲ ਸਿੰਘ ਪਾਲਾ ਦਾ ਉਸੇ ਦੇ ਦੋਸਤ ਲਵਜੀਤ ਸਿੰਘ ਲਵ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਥਾਣਾ ਹਰੀਕੇ ਦੀ ਪੁਲਿਸ ਇਸ ਮਾਮਲੇ ਵਿਚ ਨਾਮਜ਼ਦ ਲਵਜੀਤ ਸਿੰਘ ਲਵ ਵਾਸੀ ਪਿੰਡ ਕੋਟ ਬੁੱਢਾ ਨੂੰ ਅੱਠ ਦਿਨ ਬੀਤਣ ’ਤੇ ਵੀ ਗ੍ਰਿਫ਼ਤਾਰ ਨਹੀਂ ਸੀ ਕਰ ਸਕੀ। ਸੂਤਰਾਂ ਦੀ ਮੰਨੀਏ ਤਾਂ ਵੀਰਵਾਰ ਨੂੰ ਲਵਜੀਤ ਦੇ ਟਿਕਾਣੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੱਤਾ ਤੇ ਉਸਦੇ ਸਾਥੀਆਂ ਨੇ ਧਰਮਕੋਟ ਪਿੰਡ ਤੋਂ ਲਵਜੀਤ ਨੂੰ ਕਿਸੇ ਰਿਸ਼ਤੇਦਾਰ ਦੇ ਘਰੋਂ ਚੁੱਕ ਲਿਆਂਦਾ ਤੇ ਉਸ ਨੂੰ ਪਿੰਡ ਬੂਹ ਹਥਾੜ ਲੈ ਆਏ, ਜਿਥੇ 12 ਅਗਸਤ ਨੂੰ ਪਾਲਾ ਦਾ ਕਤਲ ਹੋਇਆ ਸੀ, ਉਸ ਤੋਂ ਬਾਅਦ ਵਾਪਰੇ ਘਟਨਾਕ੍ਰਮ ਬਾਰੇ ਤਾਂ ਕਿਸੇ ਨੂੰ ਕੁਝ ਨਹੀਂ ਪਤਾ ਪਰ ਲਵਜੀਤ ਦੀ ਲਾਸ਼ ਪੁਲਿਸ ਨੇ ਨਗਨ ਤੇ ਜ਼ਖਮੀ ਹਾਲਤ ਵਿਚ ਬਰਾਮਦ ਕੀਤੀ ਹੈ, ਜਿਸਦੀ ਵੀਡੀਓ ਵੀ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਉੱਧਰ ਘਟਨਾ ਦਾ ਪਤਾ ਚੱਲਦਿਆਂ ਡੀਐੱਸਪੀ ਇਨਵੈਸਟੀਗੇਸ਼ਨ ਸ਼ਿਵਦਰਸ਼ਨ ਸਿੰਘ, ਡੀਐੱਸਪੀ ਪੱਟੀ ਰਵੀਸ਼ੇਰ ਸਿੰਘ, ਥਾਣਾ ਹਰੀਕੇ ਦੇ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਗਿੱਲ ਤੇ ਹੋਰ ਪੁਲਿਸ ਅਧਿਕਾਰੀ ਪਹੁੰਚ ਗਏ। ਐੱਸਪੀ ਇਨਵੈਸਟੀਗੇਸ਼ਨ ਰਿਪੂਤਪਨ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਵਜੀਤ ਸਿੰਘ ਦੇ ਪਰਿਵਾਰ ਦੇ ਬਿਆਨ ਕਲਮਬੱਧ ਕੀਤੇ ਜਾ ਰਹੇ ਹਨ, ਜਿਸਦੇ ਅਧਾਰ ’ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੱਟੀ ਦੇ ਪੋਸਟਮਾਰਟਮ ਹਾਊਸ ਵਿਚ ਰਖਵਾ ਦਿੱਤਾ ਹੈ, ਜਿਥੇ ਸ਼ੁੱਕਰਵਾਰ ਨੂੰ ਉਸਦਾ ਪੋਸਟਮਾਰਟਮ ਹੋਵੇਗਾ।
ਬਾਕਸ
ਭਰਾ ਦੀ ਮੌਤ ਦਾ ਬਦਲਾ ਲੈਣ ਦੀ ਪਾਈ ਸੀ ਪੋਸਟ
ਦੱਸਿਆ ਜਾ ਰਿਹਾ ਕਿ ਪੰਜ ਦਿਨ ਪਹਿਲਾਂ ਇਕ ਕਿਸਾਨ ਆਗੂ ਨੇ ਲਵਜੀਤ ਦਾ ਪਤਾ ਦੱਸਣ ਵਾਲੇ ਨੂੰ ਇਕ ਲੱਖ ਰੁਪਏ ਦਾ ਇਨਾਮ ਦੇਣ ਦੀ ਪੋਸਟ ਸ਼ੋਸ਼ਲ ਮੀਡੀਆ ’ਤੇ ਲਵ ਦੀ ਫੋਟੋ ਸਮੇਤ ਪਾਈ ਸੀ। ਇਸ ਤੋਂ ਪਹਿਲਾਂ ਪਾਲਾ ਦੇ ਸਸਕਾਰ ਮੌਕੇ ਉਸਦੇ ਭਰਾ ਸਤਨਾਮ ਸਿੰਘ ਨੇ ਸ਼ੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਕਿਹਾ ਸੀ ਕਿ ਉਹ ਆਪਣੇ ਛੋਟੇ ਭਰਾ ਦੀ ਮੌਤ ਦਾ ਬਦਲਾ ਲਵੇਗਾ।
ਇਥੇ ਦੱਸ ਦਈਏ ਕਿ ਸਤਪਾਲ ਸਿੰਘ ਪਾਲਾ ਨਮਿਤ ਅੰਤਿਮ ਅਰਦਾਸ ਅੱਜ ਸ਼ੁੱਕਰਵਾਰ ਨੂੰ ਹੋਣ ਜਾ ਰਹੀ ਹੈ।