ਸਰਹੱਦ ਪਾਰੋਂ ਆਈ ਹੈਰੋਇਨ ਸਮੇਤ ਇਕ ਕਾਬੂ ਸਰਹੱਦ ਪਾਰੋਂ ਆਈ ਹੈਰੋਇਨ ਸਮੇਤ ਇਕ ਕਾਬੂ, ਇਕ ਹੋਰ ਨਾਮਜ਼ਦ
Publish Date: Thu, 20 Aug 2026 07:06 PM (IST)
Updated Date: Thu, 20 Aug 2026 07:09 PM (IST)
ਸਰਬਜੀਤ ਸਿੰਘ ਛੀਨਾ• ਪੰਜਾਬੀ ਜਾਗਰਣ ਖਾਲੜਾ : ਸੈਕਟਰ ਖਾਲੜਾ ਵਿਖੇ ਤਾਇਨਾਤ ਬੀਐੱਸਐੱਫ ਦੇ ਜਵਾਨਾਂ ਨੇ ਸਰਹੱਦ ਪਾਰੋਂ ਡ੍ਰੋਨ ਦੀ ਮਦਦ ਨਾਲ ਮੰਗਵਾਈ ਗਈ ਹੈਰੋਇਨ ਦੀ ਖੇਪ ਬਰਾਮਦ ਕਰਕੇ ਇਕ ਜਣੇ ਨੂੰ ਕਾਬੂ ਕੀਤਾ ਹੈ, ਜਿਸ ਨੂੰ ਹਿਰਾਸਤ ਵਿਚ ਲੈ ਕੇ ਥਾਣਾ ਖਾਲੜਾ ਦੀ ਪੁਲਿਸ ਨੇ ਉਕਤ ਨੌਜਵਾਨ ਤੇ ਉਸ ਦੇ ਸਾਥੀ ’ਤੇ ਐੱਨਡੀਪੀਐੱਸ ਤੇ ਭਾਰਤੀ ਵਾਯੂਯਾਨ ਅਧੀਨਿਯਮ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਖਾਲੜਾ ਨੇ ਦੱਸਿਆ ਕਿ ਏਐੱਸਆਈ ਸੁਖਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ’ਤੇ ਸਨ। ਇਸੇ ਦੌਰਾਨ ਬੀਐੱਸਐੱਫ ਦੀ ਚੌਕੀ ਬਾਬਾ ਪੀਰ ’ਤੇ ਤਾਇਨਾਤ ਕੰਪਨੀ ਕਮਾਂਡਰ ਮੋਹਨ ਲਾਲ ਨੇ ਸੂਚਨਾ ਦਿੱਤੀ ਕਿ ਉਨ੍ਹਾਂ ਨੇ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਹੈ। ਸੁਖਵਿੰਦਰ ਸਿੰਘ ਮੌਕੇ ’ਤੇ ਪਹੁੰਚੇ ਤੇ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਕੁਲਦੀਪ ਸਿੰਘ ਵਾਸੀ ਡਲੀਰੀ ਨਾਮਕ ਨੌਜਵਾਨ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਤਾਂ, ਉਸ ਨੇ ਦੱਸਿਆ ਕਿ ਉਸ ਨੇ ਤੇ ਰਵਿੰਦਰ ਸਿੰਘ ਰਿੰਦਾ ਪੁੱਤਰ ਬਿੰਦਰ ਸਿੰਘ ਵਾਸੀ ਡਲੀਰੀ ਨੇ ਪਾਕਿਸਤਾਨ ਤੋਂ ਡ੍ਰੋਨ ਰਾਹੀਂ ਹੈਰੋਇਨ ਦੀ ਖੇਪ ਮੰਗਵਾਈ ਹੈ। ਪੁਲਿਸ ਪਾਰਟੀ ਉਸ ਨੂੰ ਡਲੀਰੀ ਪਿੰਡ ਲੈ ਕੇ ਗਈ, ਜਿਥੇ ਮਿੱਟੀ ਵਿਚ ਦੱਬਿਆ ਪੈਕੇਟ ਬਰਾਮਦ ਹੋਇਆ, ਜਾਂਚ ਕਰਨ ’ਤੇ ਉਸ ਵਿੱਚੋਂ 520 ਗ੍ਰਾਮ ਹੈਰੋਇਨ ਮਿਲੀ। ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਸਿੰਘ ਗੋਪੀ ਤੇ ਰਵਿੰਦਰ ਸਿੰਘ ਰਿੰਦਾ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਹੈ ਤੇ ਰਿੰਦਾ ਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।